ਸਿਵਲ ਸਰਜਨ ਬਰਨਾਲਾ ਡਾ. ਜਸਬੀਰ ਸਿੰਘ ਔਲਖ ਦੀ ਅਗਵਾਈ ਹੇਠ ਸਿਹਤ ਵਿਭਾਗ ਬਰਨਾਲਾ ਵੱਲੋਂ ਜ਼ਿਲਾ ਬਰਨਾਲਾ ਦੀਆਂ ਸਿਹਤ ਸੰਸਥਾਵਾਂ ਵਿੱਚ ਵਿਸ਼ਵ ਜੂਨੋਸਿਸ ਦਿਵਸ ਮਨਾਇਆ ਗਿਆ। ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦੇ ਹੋਏ ਜ਼ਿਲਾ ਐਪੀਡਿਮਾਲੋਜਿਸਟ ਡਾ. ਮੁਨੀਸ਼ ਨੇ ਦੱਸਿਆ ਕਿ ਜਾਨਵਰਾਂ ਤੋਂ ਮਨੁੱਖਾਂ ’ਚ ਸਵਾਈਨ ਫਲੂ, ਰੇਬੀਜ਼ ( ਹਲਕਾਅ), ਮੌਂਕੀ ਪੌਕਸ, ਬਰਡ ਫਲੂ, ਜਾਪਾਨੀ ਐਨਸੇਫਲਾਈਟਸ, ਈਬੋਲਾ ਆਦਿ ਬਿਮਾਰੀਆਂ ਲੱਗ ਜਾਂਦੀਆਂ ਹਨ।
ਪੋਲਟਰੀ, ਘਰੇਲੂ ਤੇ ਜੰਗਲੀ ਜਾਨਵਰ, ਕੀੜੇ-ਮਕੌੜੇ, ਮੱਛਰ-ਮੱਖੀ ਅਤੇ ਚੂਹੇ, ਖਰਗੋਸ਼, ਬਿੱਲੀ ਆਦਿ ਦੇ ਸੰਪਰਕ ’ਚ ਆਉਣ ਨਾਲ ਜੂਨੋਟਿਕ ਬਿਮਾਰੀਆਂ ਫੈਲਦੀਆਂ ਹਨ। ਜ਼ਿਲਾ ਮਾਸ ਮੀਡੀਆ ਤੇ ਸੂਚਨਾ ਅਫਸਰ ਕੁਲਦੀਪ ਸਿੰਘ ਮਾਨ ਅਤੇ ਹੈਲਥ ਇੰਸਪੈਕਟਰ ਗੁਰਮੇਲ ਸਿੰਘ ਢਿੱਲੋਂ ਨੇ ਦੱਸਿਆ ਕਿ ਘਰਾਂ ’ਚ ਬਾਹਰ ਜਾਨਵਰਾਂ ਨੂੰ ਛੂਹਿਆ ਨਾ ਜਾਵੇ ਤੇ ਘਰਾਂ ’ਚ ਰੱਖੇ ਜਾਨਵਰਾਂ ਦੀ ਸਾਫ-ਸਫਾਈ ਦਾ ਖਾਸ ਖਿਆਲ ਰੱਖਿਆ ਜਾਵੇ। ਜੇਕਰ ਇਨਾਂ ਨੂੰ ਛੂਹਣਾ ਵੀ ਪੈ ਜਾਵੇ ਤਾਂ ਆਪਣੇ ਹੱਥਾਂ ਨੂੰ ਚੰਗੀ ਤਰਾਂ ਸਾਬਣ-ਪਾਣੀ ਨਾਲ ਧੋਇਆ ਜਾਵੇ।