ਪੰਜਾਬ ਦੇ ਮਨੋਨੀਤ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸੂਬੇ ਦੇ ਸਰਕਾਰੀ ਦਫ਼ਤਰਾਂ ਵਿੱਚ ਸ਼ਹੀਦ ਭਗਤ ਸਿੰਘ ਅਤੇ ਡਾ. ਭੀਮ ਰਾਓ ਅੰਬੇਦਕਰ ਦੀਆਂ ਤਸਵੀਰਾਂ ਲਗਾਉਣ ਸਬੰਧੀ ਦਿੱਤੇ ਗਏ ਆਦੇਸ਼ਾਂ ’ਤੇ ਪਹਿਲਕਦਮੀ ਕਰਦਿਆਂ ਡਿਪਟੀ ਕਮਿਸ਼ਨਰ ਸੰਗਰੂਰ ਸ਼੍ਰੀ ਰਾਮਵੀਰ ਵੱਲੋਂ ਅੱਜ ਜ਼ਿਲਾ ਪ੍ਰਬੰਧਕੀ ਕੰਪਲੈਕਸ ਵਿਖੇ ਸਥਿਤ ਆਪਣੇ ਦਫ਼ਤਰ ਵਿਖੇ ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਅਤੇ ਭਾਰਤੀ ਸੰਵਿਧਾਨ ਦੇ ਨਿਰਮਾਤਾ ਭਾਰਤ ਰਤਨ ਡਾ. ਬੀ.ਆਰ. ਅੰਬੇਦਕਰ ਦੀਆਂ ਤਸਵੀਰਾਂ ਲਗਵਾ ਦਿੱਤੀਆਂ ਗਈਆਂ ਹਨ।ਇਸ ਮੌਕੇ ਡਿਪਟੀ ਕਮਿਸ਼ਨਰ ਸ਼੍ਰੀ ਰਾਮਵੀਰ ਨੇ ਕਿਹਾ ਕਿ ਦੇਸ਼ ਦੀ ਆਜ਼ਾਦੀ ਵਿਚ ਸ਼ਹੀਦ ਭਗਤ ਸਿੰਘ ਦਾ ਮਹਾਨ ਯੋਗਦਾਨ ਰਿਹਾ ਹੈ ਅਤੇ ਉਨਾਂ ਦੀ ਮਹਾਨ ਸ਼ਹਾਦਤ ਨੂੰ ਹਮੇਸ਼ਾਂ ਯਾਦ ਰੱਖਿਆ ਜਾਣਾ ਚਾਹੀਦਾ ਹੈ। ਉਨਾਂ ਕਿਹਾ ਕਿ ਸ਼ਹੀਦ ਭਗਤ ਸਿੰਘ ਜਿਹੇ ਮਹਾਨ ਯੋਧਿਆਂ ਦੀ ਸ਼ਹਾਦਤ ਸਦਕਾ ਹੀ ਅੱਜ ਅਸੀਂ ਆਜ਼ਾਦੀ ਦਾ ਨਿੱਘ ਮਾਣ ਰਹੇ ਹਾਂ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਡਾ. ਬੀ.ਆਰ.ਅੰਬੇਦਕਰ ਦੀ ਸਮਾਜ ਸੁਧਾਰਕ ਵਜੋਂ ਮਹਾਨ ਦੇਣ ਨੂੰ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ। ਉਨਾਂ ਕਿਹਾ ਕਿ ਡਾ. ਅੰਬੇਦਕਰ ਨੇ ਭਵਿੱਖ ਦੇ ਭਾਰਤ ਦੀਆਂ ਸਥਿਤੀਆਂ ਨੂੰ ਸਮਝਦਿਆਂ ਅਜਿਹਾ ਸੰਵਿਧਾਨ ਰਚਿਆ ਜੋ ਅੱਜ ਵੀ ਸਾਡਾ ਮਾਰਗ ਦਰਸ਼ਕ ਹੈ। ਉਨਾਂ ਇਹ ਵੀ ਕਿਹਾ ਕਿ ਸ਼ਹੀਦ ਭਗਤ ਸਿੰਘ ਅਤੇ ਡਾ. ਬੀ.ਆਰ ਅੰਬੇਦਕਰ ਦੀ ਸੋਚ ’ਤੇ ਪਹਿਰਾ ਦਿੰਦੇ ਹੋਏ ਜ਼ਿਲੇ ਦੇ ਨਾਗਰਿਕਾਂ ਨੂੰ ਸਾਫ਼ ਸੁਥਰੀਆਂ, ਪਾਰਦਰਸ਼ੀ ਤੇ ਸਮਾਂ ਬੱਧ ਪ੍ਰਸ਼ਾਸਨਿਕ ਸੇਵਾਵਾਂ ਮੁਹੱਈਆ ਕਰਵਾਉਣ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ।