ਲੌਂਗੋਵਾਲ ਵਿਖੇ ਦੋ ਸਾਲ ਪਹਿਲਾਂ ਵਾਪਰੀ ਮੰਦਭਾਗੀ ਘਟਨਾ ਦੌਰਾਨ ਦਲੇਰੀ ਅਤੇ ਸਾਹਸ ਦਾ ਜਜ਼ਬਾ ਦਿਖਾ ਕੇ ਬੱਚਿਆਂ ਦੀਆਂ ਕੀਮਤੀ ਜਾਨਾਂ ਬਚਾਉਣ ਵਾਲੀ ਵਿਦਿਆਰਥਣ ਅਮਨਦੀਪ ਕੌਰ ਨੂੰ ਭਾਰਤ ਸਰਕਾਰ ਵੱਲੋਂ ਉੱਤਮ ਜੀਵਨ ਰਕਸ਼ਕ ਪਦਕ ਐਵਾਰਡ -2020 ਨਾਲ ਨਿਵਾਜਿਆ ਗਿਆ ਹੈ। ਅੱਜ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਡਿਪਟੀ ਕਮਿਸ਼ਨਰ ਸ਼੍ਰੀ ਰਾਮਵੀਰ ਵੱਲੋ ਵਿਦਿਆਰਥਣ ਅਮਨਦੀਪ ਕੌਰ ਨੂੰ ਇਹ ਐਵਾਰਡ ਸੌਂਪਦਿਆਂ ਉਸ ਦੇ ਸਾਹਸ ਦੀ ਸ਼ਲਾਘਾ ਕੀਤੀ ਗਈ। ਡਿਪਟੀ ਕਮਿਸ਼ਨਰ ਨੇ ਅਮਨਦੀਪ ਕੌਰ ਅਤੇ ਉਸ ਦੇ ਪਰਿਵਾਰਕ ਮੈਂਬਰਾਂ ਤੇ ਪਿੰਡ ਵਾਸੀਆਂ ਨੂੰ ਮੁਬਾਰਕਬਾਦ ਦਿੰਦਿਆਂ ਕਿਹਾ ਕਿ ਜ਼ੋਖਿਮ ਭਰੇ ਸਮਿਆਂ ਵਿੱਚ ਦਲੇਰੀ ਅਤੇ ਹਿੰਮਤ ਰੱਖਣ ਵਾਲੇ ਸ਼ਲਾਘਾ ਦੇ ਹੱਕਦਾਰ ਹਨ। ਡਿਪਟੀ ਕਮਿਸ਼ਨਰ ਨੇ ਅਮਨਦੀਪ ਕੌਰ ਨੂੰ ਬਿਹਤਰ ਭਵਿੱਖ ਲਈ ਸ਼ੁਭਕਾਮਨਾਵਾਂ ਭੇਟ ਕਰਦਿਆਂ ਭਾਰਤ ਸਰਕਾਰ ਵੱਲੋਂ ਭੇਜੇ ਗਏ ਉੱਤਮ ਜੀਵਨ ਰਕਸ਼ਕ ਪਦਕ, ਉੱਤਮ ਜੀਵਨ ਰਕਸ਼ਕ ਪਦਕ ਮਿਨੀਏਚਰ ਮੈਡਲ ਅਤੇ ਉੱਤਮ ਜੀਵਨ ਰਕਸ਼ਕ ਪਦਕ ਸਰਟੀਫਿਕੇਟ ਅਮਨਦੀਪ ਕੌਰ ਨੂੰ ਪ੍ਰਦਾਨ ਕੀਤੇ।ਉਹਨਾਂ ਦਸਿਆ ਕਿ ਭਾਰਤ ਸਰਕਾਰ ਦੇ ਗ੍ਰਹਿ ਮੰਤਰਾਲੇ ਵੱਲੋਂ ਅਮਨਦੀਪ ਕੌਰ, ਪਿੰਡੀ ਅਮਰ ਸਿੰਘ ਵਾਲੀ, ਪੀਰ ਖਾਨਾ ਰੋਡ ਨੂੰ ਉੱਤਮ ਜੀਵਨ ਰਕਸ਼ਕ ਪਦਕ ਐਵਾਰਡ ਦੇਣ ਲਈ ਚੁਣਿਆ ਗਿਆ ਸੀ।