ਲੋਕ ਸਭਾ ਚੋਣਾਂ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਜਿਹੜੀ ਵਿਊਂਤਬੰਦੀ ਕੀਤੀ ਹੈ, ਉਸ ਦਾ ਤੋੜ ਕਾਂਗਰਸ ਨੂੰ ਨਹੀਂ ਲੱਭ ਰਿਹਾ ਅਤੇ ਪ੍ਰਚਾਰਕਾਂ ਦੀ ਕਮੀ ਕਾਰਨ ਕਾਂਗਰਸ ਨੂੰ ਹੋਰ ਵੀ ਜ਼ਿਆਦਾ ਦੁਸ਼ਵਾਰੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਸਮੇਂ ਹਾਲਾਤ ਇਹ ਹਨ ਕਿ ਕਾਂਗਰਸ ਦੀ ਚੋਣ ਮੁਹਿੰਮ ਹਵਾ ਵਿਚ ਜ਼ਿਆਦਾ ਚਲ ਰਹੀ ਹੈ ਤੇ ਹੇਠਲੇ ਪੱਧਰ ਉਤੇ ਵਰਕਰਾਂ ਨੂੰ ਹੱਲਾਸ਼ੇਰੀ ਦੇਣ ਵਾਲਾ ਕੋਈ ਨਹੀਂ ਰਿਹਾ। ਇਸ ਸਬੰਧ ਵਿਚ ਅਕਾਲੀ ਦਲ ਦੇ ਸੀਨੀਅਰ ਆਗੂ ਸ੍ਰ. ਬਲਵਿੰਦਰ ਸਿੰਘ ਭੂੰਦੜ ਨੇ ਕਿਹਾ ਹੈ ਕਿ ਸ੍ਰ. ਸੁਖਬੀਰ ਸਿੰਘ ਬਾਦਲ ਜਿਸ ਪ੍ਰਕਾਰ ਅਕਾਲੀ ਦਲ ਨੂੰ ਵਧੀਆ ਅਗਵਾਈ ਦੇ ਰਹੇ ਹਨ ਉਸ ਨੇ ਖ਼ੁਦ ਕਾਂਗਰਸ ਨੂੰ ਵੀ ਹੈਰਾਨ ਕਰ ਕੇ ਰੱਖ ਦਿੱਤਾ ਹੈ।
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਨੇ ਇਨ੍ਹਾਂ ਚੋਣਾਂ ਦੀ ਗੰਭੀਰਤਾ ਨੂੰ ਦੇਖਦੇ ਹੋਇਆਂ ਲੀਡਰਾਂ ਨੂੰ ਚੋਣ ਪ੍ਰਚਾਰ ਅਤੇ ਲੋਕਾਂ ਦੇ ਨਾਲ ਰਾਬਤਾ ਕਾਇਮ ਰੱਖਣ ਲਈ ਇਸ ਤਰੀਕੇ ਨਾਲ ਨਿਯੁਕਤ ਕੀਤਾ ਹੈ ਕਿ ਕਾਂਗਰਸ ਨੂੰ ਕੋਈ ਅਜਿਹਾ ਰਾਹ ਨਹੀਂ ਲੱਭ ਰਿਹਾ ਕਿ ਉਹ ਇਸ ਪੈਂਤੜੇ ਨੂੰ ਕਿਸ ਪ੍ਰਕਾਰ ਅਸਫਲ ਕਰੇ। ਬਠਿੰਡਾ ਲੋਕ ਸਭਾ ਹਲਕੇ ਵਿਚ ਖੁਦ ਹਰਸਿਮਰਤ ਕੌਰ ਬਾਦਲ ਨੇ ਹੀ ਹਨ੍ਹੇਰੀ ਲਿਆ ਰੱਖੀ ਹੈ। ਉਥੇ ਮੁੱਖ ਸ. ਪ੍ਰਕਾਸ਼ ਸਿੰਘ ਬਾਦਲ ਅਤੇ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਵੱਲੋਂ ਵੀ ਲਗਾਤਾਰ ਪ੍ਰਚਾਰ ਕੀਤਾ ਜਾ ਰਿਹਾ ਹੈ ਅਤੇ ਲੋਕਾਂ ਨਾਲ ਹੇਠਲੇ ਪੱਧਰ ਤੱਕ ਸੰਪਰਕ ਕੀਤਾ ਜਾ ਰਿਹਾ ਹੈ। ਇਸੇ ਪ੍ਰਕਾਰ ਛੋਟੇ ਲੀਡਰਾਂ ਨੇ ਵੀ ਉਥੇ ਅਕਾਲੀ ਦਲ ਦੇ ਵਰਕਰਾਂ ਨੂੰ ਪੂਰੀ ਤਰ੍ਹਾਂ ਲਾਮਬੰਦ ਕੀਤਾ ਹੋਇਆ ਹੈ। ਫਰੀਦਕੋਟ, ਫਿਰੋਜ਼ਪੁਰ ਚੋਣ ਹਲਕਿਆਂ ਦੀ ਦੇਖ ਰੇਖ ਖੁਦ ਸੁਖਬੀਰ ਸਿੰਘ ਬਾਦਲ ਕਰ ਰਹੇ ਹਨ।
ਪਟਿਆਲਾ ਲੋਕ ਸਭਾ ਹਲਕਾ ਜਿਸ ਬਾਰੇ ਆਮ ਰਾਇ ਇਹ ਸੀ ਕਿ ਇੱਥੋਂ ਸ੍ਰੀ ਪਰਨੀਤ ਕੌਰ ਨੂੰ ਕੋਈ ਹਰਾ ਨਹੀਂ ਸਕਦਾ ਦੀ ਸਥਿਤੀ ਵੀ ਪੂਰੀ ਤਰ੍ਹਾਂ ਬਦਲੀ ਹੋਈ ਹੈ। ਇੱਥੇ ਕੈਪਟਨ ਅਮਰਿੰਦਰ ਸਿੰਘ ਚੋਣ ਪ੍ਰਚਾਰ ਕਰਨ ਵਿਚ ਅਸਮਰੱਥ ਹਨ ਕਿਉਂÎਕਿ ਉਹ ਖੁਦ ਅੰਮ੍ਰਿਤਸਰ ਵਿਚ ਰੁੱਝੇ ਹੋਏ ਹਨ। ਇਸ ਲਈ ਇੱਥੇ ਪਰਨੀਤ ਕੌਰ ਦੇ ਚੋਣ ਪ੍ਰਚਾਰ ਦੇ ਲਈ ਕੋਈ ਵੀ ਸਮਰੱਥ ਲੀਡਰ ਨਜ਼ਰ ਨਹੀਂ ਆਉਂਦਾ। ਕਾਂਗਰਸ ਦੇ ਜਿਹੜੇ ਸੀਨੀਅਰ ਲੀਡਰ ਚੋਣ ਨਹੀਂ ਲੜ ਰਹੇ ਉਨ੍ਹਾਂ ਵਿਚ ਸ. ਜਗਮੀਤ ਸਿੰਘ ਬਰਾੜ ਅਤੇ ਬੀਬੀ ਰਜਿੰਦਰ ਕੌਰ ਭੱਠਲ ਹਨ। ਪਰ ਇਹ ਲੀਡਰ ਪਰਨੀਤ ਕੌਰ ਦੀ ਮਦਦ ਲਈ ਅੱਗੇ ਨਹੀਂ ਆ ਰਹੇ। ਇਸ ਦਾ ਕਾਰਨ ਇਹ ਹੈ ਕਿ ਇਨ੍ਹਾਂ ਲੀਡਰਾਂ ਨਾਲ ਪਹਿਲਾਂ ਤੋਂ ਹੀ ਕੈਪਟਨ ਅਮਰਿੰਦਰ ਸਿੰਘ ਦਾ ਇੱਟ ਕੁੱਤੇ ਦਾ ਵੈਰ ਹੈ।ਮਾਝੇ ਦੇ ਇਲਾਕੇ ਵਿਚ ਹਲਕਾ ਅੰਮ੍ਰਿਤਸਰ ਜਿੱਥੋਂ ਕੈਪਟਨ ਅਮਰਿੰਦਰ ਸਿੰਘ ਅਕਾਲੀ ਭਾਜਪਾ ਗੱਠਜੋੜ ਦੇ ਸਾਂਝੇ ਉਮੀਦਵਾਰ ਸ੍ਰੀ ਅਰੁਣ ਜੇਤਲੀ ਖਿਲਾਫ ਲੜ ਰਹੇ ਹਨ, ਵਿਖੇ ਵੀ ਕਾਂਗਰਸ ਉਮੀਦਵਾਰ ਨੂੰ ਬਹੁਤ ਸਾਰੀਆਂ ਦੁਸ਼ਵਾਰੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇੱਥੋਂ ਦੀ ਚੋਣ ਮੁਹਿੰਮ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰ ਮਜੀਠੀਆ ਸੰਭਾਲ ਰਹੇ ਹਨ। ਮਾਝੇ ਵਿਚ ਇਸ ਲੀਡਰ ਦਾ ਪੂਰਾ ਆਧਾਰ ਹੈ ਅਤੇ ਉਨ੍ਹਾਂ ਦੀ ਕਾਰਜਸ਼ੈਲੀ ਬਾਰੇ ਸਾਰੇ ਹੀ ਜਾਣੂ ਹਨ। ਉਹ ਜਿੱਧਰ ਨੂੰ ਜਾਂਦੇ ਹਨ ਉਧਰ ਨੂੰ ਹੀ ਨੌਜਵਾਨਾਂ ਦੇ ਕਾਫਲੇ ਲੋਕਾਂ ਨੂੰ ਅਕਾਲੀ ਦਲ ਦੇ ਪੱਖ ਵਿਚ ਲਾਮਬੰਦ ਕਰਨ ਲੱਗ ਪੈਂਦੇ ਹਨ। ਕੈਪਟਨ ਅਮਰਿੰਦਰ ਸਿੰਘ ਦੀ ਚੋਣ ਮੁਹਿੰਮ ਨੂੰ ਹੁਲਾਰਾ ਦੇਣ ਲਈ ਭਾਵੇਂ ਪਟਿਆਲਾ ਤੋਂ ਕਈ ਲੀਡਰ ਪੁੱਜੇ ਹਨ ਪਰ ਉਹ ਬਾਹਰੋਂ ਆਏ ਹੋਣ ਕਰਕੇ ਲੋਕਾਂ ਨੂੰ ਆਕਰਸ਼ਿਤ ਕਰਨ ਵਿਚ ਅਸਫਲ ਹਨ।
ਹਲਕਾ ਗੁਰਦਾਸਪੁਰ ਜਿੱਥੋਂ ਕਿ ਕਾਂਗਰਸ ਦੇ ਪ੍ਰਧਾਨ ਸ. ਪ੍ਰਤਾਪ ਸਿੰਘ ਬਾਜਵਾ ਅਕਾਲੀ ਭਾਜਪਾ ਗੱਠਜੋੜ ਦੇ ਉਮੀਦਵਾਰ ਵਿਨੋਦ ਖੰਨਾ ਖਿਲਾਫ ਚੋਣ ਲੜ ਰਹੇ ਹਨ, 'ਚ ਵੀ ਕਾਂਗਰਸ ਲੋਕਾਂ ਦੀ ਬੇਰੁਖੀ ਤੋਂ ਦੁਖੀ ਨਜ਼ਰ ਆ ਰਹੀ ਹੈ। ਇਸ ਹਲਕੇ ਵਿਚ ਕਾਂਗਰਸੀ ਧੜਾ ਧੜ ਪਾਰਟੀ ਨੂੰ ਛੱਡ ਕੇ ਅਕਾਲੀ ਦਲ ਵਿਚ ਸ਼ਾਮਲ ਹੋ ਰਹੇ ਹਨ ਅਤੇ ਉਹ ਵਿਨੋਦ ਖੰਨਾ ਨੂੰ ਜਿਤਾਉਣ ਲਈ ਦਿਨ ਰਾਤ ਇਕ ਰਾਤ ਕਰ ਰਹੇ ਹਨ।ਲੋਕ ਸਭਾ ਸੰਗਰੂਰ ਵਿਚ ਵੀ ਕਾਂਗਰਸ ਦੇ ਉਮੀਦਵਾਰ ਵਿਜੇਇੰਦਰ ਸਿੰਗਲਾ ਨੂੰ ਥਾਂ-ਥਾਂ 'ਤੇ ਕਾਲੇ ਝੰਡੇ ਦਿਖਾਏ ਜਾ ਰਹੇ ਹਨ। ਪਿੰਡਾਂ ਵਿਚ ਲੋਕਾਂ ਦਾ ਕਹਿਣਾ ਹੈ ਕਿ ਬੇਸ਼ੱਕ ਸਿੰਗਲਾ ਇਹ ਦਾਅਵਾ ਕਰਦਾ ਹੈ Îਕਿ ਉਹ ਆਪਣੇ ਇਲਾਕੇ ਵਿਚ ਪ੍ਰੋਜੈਕਟ ਲੈ ਆਇਆ ਪਰ ਉਸ ਨੇ ਪਿੰਡਾਂ ਵਿਚ ਜਾ ਕੇ ਕਦੇ ਵੀ ਲੋਕਾਂ ਨੂੰ ਮੂੰਹ ਨਹੀਂ ਦਿਖਾਇਆ। ਇਸ ਤੋਂ ਇਲਾਵਾ ਕੈਪਟਨ ਅਮਰਿੰਦਰ ਸਿੰਘ ਦੇ ਸਮਰਥਕ ਵਿਧਾਇਕ ਸਿੰਗਲਾ ਦੇ ਹੱਕ ਵਿਚ ਨਹੀਂ ਤੁਰ ਰਹੇ। ਉਨ੍ਹਾਂ ਦੁਆਰਾ ਪਹਿਲਾਂ ਹੀ ਬਗਾਵਤ ਦੇ ਸੰਕੇਤ ਦੇ ਦਿੱਤੇ ਸਨ। ਬੇਸ਼ੱਕ ਹਾਲ ਦੀ ਘੜੀ ਕਾਂਗਰਸ ਦੇ ਕੁੱਝ ਵਿਧਾਇਕ ਅਕਾਲੀ ਦਲ ਵਿਚ ਸ਼ਾਮਲ ਨਹੀਂ ਹੋਏ ਪਰ ਉਹ ਸਿੰਗਲਾ ਨੂੰ ਹਮਾਇਤ ਦੇਣ ਦੇ ਲਈ ਤਿਆਰ ਨਹੀਂ ਹਨ। ਇੱਥੋਂ ਸ਼੍ਰੋਮਣੀ ਅਕਾਲੀ ਦਲ ਦੇ ਸਕੱਤਰ ਜਨਰਲ ਸ. ਸੁਖਦੇਵ ਸਿੰਘ ਢੀਂਡਸਾ ਚੋਣ ਲੜ ਰਹੇ ਹਨ। ਉਨ੍ਹਾਂ ਦੇ ਬੇਟੇ ਸ. ਪਰਮਿੰਦਰ ਸਿੰਘ ਢੀਂਡਸਾ ਨੇ ਵੀ ਚੋਣ ਮੁਹਿੰਮ ਵਿਚ ਦਿਨ ਰਾਤ ਇਕ ਹੋਏ ਹਨ। ਜਿੱਥੋਂ ਤੱਕ ਆਮ ਪਾਰਟੀ ਦੇ ਉਮੀਦਵਾਰ ਭਗਵੰਤ ਮਾਨ ਦੀ ਗੱਲ ਹੈ ਉਹ ਲੱਛੇਦਾਰ ਗੱਲਾਂ ਜ਼ਰੂਰ ਸੁਣਾ ਦਿੰਦੇ ਹਨ ਪਰ ਇਹ ਜ਼ਰੂਰੀ ਨਹੀਂ ਹੈ ਕਿ ਲੋਕ ਉਨ੍ਹਾਂ ਨੂੰ ਵੋਟਾਂ ਪਾ ਦੇਣਗੇ। ਇਸ ਗੱਲ ਦਾ ਤਜਰਬਾ ਪਹਿਲਾਂ ਵਿਧਾਨ ਸਭਾ ਚੋਣਾਂ ਵਿਚ ਵੀ ਹੋ ਚੁੱਕਾ ਹੈ। ਉਦੋਂ ਭਗਵੰਤ ਮਾਨ ਪੰਜਾਬ ਪੀਪਲਜ਼ ਪਾਰਟੀ ਚੋਣ ਲੜੇ ਸਨ।ਕੁਲ ਮਿਲਾ ਕੇ ਇਹ ਕਿਹਾ ਜਾ ਸਕਦਾ ਹੈ ਕਿ ਕਾਂਗਰਸ ਖਿਲਾਫ ਜਿਹੜੀ ਲਹਿਰ ਪੂਰੇ ਦੇਸ਼ ਵਿਚ ਚੱਲ ਰਹੀ ਹੈ ਉਸ ਦਾ ਅਸਰ ਪੰਜਾਬ ਵਿਚ ਵੀ ਹੈ। ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ ਨੇ ਲੋਕਾਂ ਨਾਲ ਜੋ ਵਾਅਦੇ ਕੀਤੇ ਹਨ ਉਨ੍ਹਾਂ ਨੂੰ ਪੂਰਾ ਕੀਤਾ ਹੈ । ਇਸੇ ਕਾਰਨ ਪੰਜਾਬ ਦੇ ਲੋਕ ਅਕਾਲੀ ਭਾਜਪਾ ਗੱਠਜੋੜ ਦੇ ਨਾਲ ਖੜੇ ਹਨ।