ਭਾਰਤੀ ਜਨਤਾ ਪਾਰਟੀ ਦੇ ਸੂਬਾ ਕਾਰਜਕਾਰਨੀ ਮੈਂਬਰ ਅਤੇ ਸਾਬਕਾ ਜ਼ਿਲ੍ਹਾ ਪ੍ਰਧਾਨ ਸੁਖਵਿੰਦਰ ਸਿੰਘ ਗੋਲਡੀ ਨੇ ਕਿਹਾ ਕਿ ਵਿਰੋਧੀ ਦਲਾਂ ਦੇ ਆਗੂਆਂ ਅੰਦਰ ਲਗਾਤਾਰ ਭਾਜਪਾ ਵਿੱਚ ਸ਼ਾਮਲ ਹੋਣ ਦੀ ਹੋੜ ਲੱਗੀ ਹੋਈ ਹੈ। ਇਹ ਇਸ ਗੱਲ ਦਾ ਸਬੂਤ ਹੈ ਕਿ ਪੰਜਾਬ ਵਿਚ ਅਗਲੀ ਸਰਕਾਰ ਭਾਰਤੀ ਜਨਤਾ ਪਾਰਟੀ ਦੀ ਹੋਵੇਗੀ।ਖਰੜ ਸਥਿਤ ਦਫਤਰ ਵਿਚ ਮੰਡਲ ਪ੍ਰਧਾਨ ਪਵਨ ਮਨੋਚਾ ਦੇ ਯਤਨਾਂ ਸਦਕਾ ਇਲਾਕੇ ਦੇ ਕਈ ਕਾਂਗਰਸੀ ਆਗੂਆਂ ਨੂੰ ਭਾਜਪਾ ਵਿੱਚ ਸ਼ਾਮਲ ਕਰਨ ਤੋਂ ਬਾਅਦ ਗੋਲਡੀ ਇਕੱਠੇ ਲੋਕਾਂ ਨੂੰ ਸੰਬੋਧਨ ਕਰ ਰਹੇ ਸਨ।ਅੱਜ ਇੱਥੇ ਆਯੋਜਿਤ ਪ੍ਰੋਗਰਾਮ ਦੌਰਾਨ ਸਮਾਜ ਸੇਵੀ ਵਿਕਾਸ ਗੁਪਤਾ, ਮੀਨੂੰ ਸ਼ਰਮਾ, ਅਨੁਰਾਗ, ਵੀਨਾ ਰਾਜਪੂਤ ਸਮੇਤ ਕਈ ਨੁਮਾਇੰਦਿਆਂ ਨੇ ਭਾਜਪਾ ਵਿੱਚ ਸ਼ਾਮਿਲ ਹੋਣ ਦਾ ਐਲਾਨ ਕੀਤਾ।
ਸੁਖਵਿੰਦਰ ਸਿੰਘ ਗੋਲਡੀ ਨੇ ਕਿਹਾ ਕਿ ਅੱਜ ਪੰਜਾਬ ਦਾ ਰਾਜਨੀਤਕ ਮਾਹੌਲ ਪੂਰੀ ਤਰ੍ਹਾਂ ਨਾਲ ਬਦਲ ਚੁੱਕਿਆ ਹੈ। ਸਾਰੀਆਂ ਰਾਜਨੀਤਕ ਪਾਰਟੀਆਂ ਵਿਚ ਉਥਲ-ਪੁਥਲ ਮਚ ਗਈ ਹੈ। ਭਾਰਤੀ ਜਨਤਾ ਪਾਰਟੀ ਵੱਲੋਂ ਪੇਸ਼ ਕੀਤੇ ਗਏ ਨਵਾਂ ਪੰਜਾਬ ਮਾਡਲ ਨੂੰ ਪੰਜਾਬ ਨਿਵਾਸੀਆਂ ਨੇ ਸਵੀਕਾਰ ਕਰ ਲਿਆ ਹੈ।ਗੋਲਡੀ ਨੇ ਭਾਜਪਾ ਵਿੱਚ ਸ਼ਾਮਿਲ ਹੋਣ ਵਾਲੇ ਆਗੂਆਂ ਦਾ ਸਵਾਗਤ ਕਰਦਿਆਂ ਕਿਹਾ ਕਿ ਭਾਜਪਾ ਵੱਲੋਂ ਉਨ੍ਹਾਂ ਨੂੰ ਬਣਦਾ ਮਾਣ-ਸਨਮਾਨ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਕਾਂਗਰਸ ਅਤੇ ਅਕਾਲੀ ਦਲ ਦੇ ਕਈ ਬੜੇ ਆਗੂ ਭਾਜਪਾ ਵਿੱਚ ਸ਼ਾਮਿਲ ਹੋਣਗੇ, ਜਿਸ ਨਾਲ ਭਾਜਪਾ ਨੂੰ ਪੰਜਾਬ ਅੰਦਰ ਹੋਰ ਮਜ਼ਬੂਤੀ ਮਿਲੇਗੀ। ਇਸ ਮੌਕੇ ਭਾਜਪਾ ਦੇ ਸੀਨੀਅਰ ਆਗੂ ਅਤੇ ਰੋਪੜ ਜ਼ਿਲ੍ਹੇ ਦੇ ਸਹਾਇਕ ਚੋਣ ਇੰਚਾਰਜ ਰਾਕੇਸ਼ ਵਰਮਾ, ਰਾਮ ਗੋਪਾਲ, ਉਦਯੋਗ ਸੈੱਲ ਦੇ ਜ਼ਿਲ੍ਹਾ ਪ੍ਰਧਾਨ ਰੋਹਿਤ ਮਿਸ਼ਰਾ ਸਮੇਤ ਕਈ ਪਤਵੰਤੇ ਹਾਜ਼ਰ ਸਨ।