ਸ਼੍ਰੋਮਣੀ ਅਕਾਲੀ ਦਲ ਦੇ ਇੱਕ ਵਫਦ ਨੇ ਅੱਜ ਮੁੱਖ ਚੋਣ ਕਮਿਸ਼ਨਰ ਪੰਜਾਬ ਵੀ.ਕੇ. ਸਿੰਘ ਨੂੰ ਮਿਲ ਕੇ ਸ੍ਰੀ ਆਨੰਦਪੁਰ ਸਾਹਿਬ ਵਿਖੇ ਪਾਰਟੀ ਵੱਲੋਂ 16 ਮਾਰਚ ਨੂੰ ਕਰਵਾਈ ਜਾਣ ਵਾਲੀ ਹੋਲਾ ਮਹੱਲਾ ਕਾਨਫਰੰਸ ਲਈ ਚੋਣ ਕਮਿਸ਼ਨ ਵੱਲੋਂ ਪ੍ਰਵਾਨਗੀ ਦੇਣ 'ਚ ਕੀਤੀ ਜਾ ਰਹੀ ਦੇਰੀ ਸਬੰਧੀ ਨਿਰਾਜ਼ਗੀ ਦਰਜ਼ ਕਰਵਾਉਂਦਿਆਂ ਮੰਗ ਕੀਤੀ ਕਿ ਲੋੜੀਂਦੀ ਪ੍ਰਵਾਨਗੀ ਤੁਰੰਤ ਦਿੱਤੀ ਜਾਵੇ। ਪਾਰਟੀ ਨੇ ਮੁੜ ਦੁਹਰਾਉਂਦਿਆਂ ਕਿ ਸ੍ਰੀ ਆਨੰਦਪੁਰ ਸਾਹਿਬ ਵਿਖੇ ਹੋਣ ਵਾਲੀ ਕਾਨਫਰੰਸ ਇੱਕ ਸਾਲਾਨਾ ਗਤੀਵਿਧੀ ਹੈ, ਸਵਾਲ ਕੀਤਾ ਕਿ ਚੋਣ ਕਮਿਸ਼ਨ ਵੱਲੋਂ ਇਸ ਮਾਮਲੇ ਨੂੰ ਇੰਨੇ ਲੰਬੇ ਸਮੇਂ ਲਈ ਕਿਉਂ ਲਟਕਾਇਆ ਜਾ ਰਿਹਾ ਹੈ?
ਮੁੱਖ ਚੋਣ ਕਮਿਸ਼ਨਰ ਨੂੰ ਸੌਂਪੇ ਵਿਸਤਾਰਤ ਮੈਮੋਂਰੰਡਮ ਰਾਹੀਂ ਪਾਰਟੀ ਦੇ ਜਨਰਲ ਸਕੱਤਰ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਅਤੇ ਸਕੱਤਰ ਤੇ ਬੁਲਾਰੇ ਡਾ. ਦਲਜੀਤ ਸਿੰਘ ਚੀਮਾ ਨੇ ਚੋਣ ਕਮਿਸ਼ਨ ਦੇ ਧਿਆਨ 'ਚ ਲਿਆਂਦਾ ਕਿ ਸ਼੍ਰੋਮਣੀ ਅਕਾਲੀ ਦਲ ਵੱਲੋਂ ਕਾਨਫਰੰਸ ਲਈ ਮੈਦਾਨ ਐਸ.ਜੀ.ਪੀ.ਸੀ ਤੋਂ ਕਿਰਾਏ 'ਤੇ ਲਿਆ ਗਿਆ ਹੈ ਅਤੇ ਇਸ ਸਬੰਧੀ ਰਸੀਦ ਵੀ ਪ੍ਰਾਪਤ ਕੀਤੀ ਗਈ ਹੈ। ਵਫਦ ਨੇ ਮੁੱਖ ਚੋਣ ਕਮਿਸ਼ਨਰ ਦੇ ਧਿਆਨ 'ਚ ਇਹ ਵੀ ਲਿਆਂਦਾ ਕਿ ਕਾਨਫਰੰਸ ਲਈ ਪੰਡਾਲ, ਸਾਊਂਡ ਸਿਸਟਮ, ਬੈਨਰ ਵਗੈਰਾ ਦਾ ਖਰਚ ਵੀ ਪਾਰਟੀ ਵੱਲੋਂ ਕੀਤਾ ਗਿਆ ਹੈ ਨਾ ਕਿ ਐਸ.ਜੀ.ਪੀ.ਸੀ ਵੱਲੋਂ ਜਿਵੇਂ ਕਿ ਕੁਝ ਅਖ਼ਬਾਰਾਂ ਵੱਲੋਂ ਆਪਣੀਆਂ ਗਲਤ ਖਬਰਾਂ ਰਾਹੀਂ ਦਰਸ਼ਾਇਆ ਗਿਆ ਹੈ। ਵਫਦ ਨੇ ਮੁੱਖ ਚੋਣ ਕਮਿਸ਼ਨਰ ਨੂੰ ਮਾਮਲੇ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਐਸ.ਜੀ.ਪੀ.ਸੀ ਵੱਲੋਂ ਇਸ ਮੈਦਾਨ ਦੀ ਸਿਰਫ ਪਾਰਕਿੰਗ ਲਈ ਵਰਤੋਂ ਕੀਤੀ ਜਾਂਦੀ ਹੈ ਅਤੇ ਇਥੇ ਕੋਈ ਵੀ ਧਾਰਮਕ ਗਤੀਵਿਧੀ ਨਹੀਂ ਕਰਵਾਈ ਜਾਂਦੀ। ਉਨ੍ਹਾਂ ਦੱਸਿਆ ਕਿ ਮੁੱਖ ਧਾਰਮਕ ਸਥਾਨ ਉਕਤ ਮੈਦਾਨ ਤੋਂ ਦੂਰ 200 ਫੁੱਟ ਦੀ ਉਚਾਈ 'ਤੇ ਪਹਾੜੀ ਦੀ ਚੋਟੀ 'ਤੇ ਹੈ ਅਤੇ ਇਸ ਮੈਦਾਨ ਦੇ ਚਾਰੋਂ ਪਾਸੇ ਐਸ.ਜੀ.ਪੀ.ਸੀ ਵੱਲੋਂ ਦੁਕਾਨਦਾਰਾਂ ਨੂੰ ਵਪਾਰਕ ਵਰਤੋਂ ਲਈ ਕਿਰਾਏ 'ਤੇ ਦਿੱਤੇ ਗਏ ਹਨ। ਉਨ੍ਹਾਂ ਕਿਹਾ ਕਿ ਬੀਤੇ ਸਮੇਂ ਦੌਰਾਨ ਵੀ ਇਸ ਮੈਦਾਨ 'ਚ ਅਨੇਕਾਂ ਸਰਕਾਰੀ ਪ੍ਰੋਗਰਾਮ, ਪ੍ਰਦਰਸ਼ਨੀਆਂ ਅਤੇ ਵਿਸ਼ਾਲ ਮੈਡੀਕਲ ਕੈਂਪ ਲਗਾਏ ਜਾਂਦੇ ਰਹੇ ਹਨ।
ਹੋਲਾ ਮਹੱਲਾ ਦੌਰਾਨ ਸ੍ਰੀ ਆਨੰਦਪੁਰ ਸਾਹਿਬ ਵਿਖੇ ਹੋਣ ਵਾਲੀਆਂ ਕਾਨਫਰੰਸਾਂ ਨੂੰ ਸਾਲਾਨਾ ਗਤੀਵਿਧੀ ਦੱਸਦਿਆਂ ਵਫਦ ਨੇ ਕਿਹਾ ਕਿ ਹੋਲਾ ਮਹੱਲਾ ਇੱਕ ਸਮਾਜਕ ਤੇ ਧਾਰਮਕ ਅਵਸਰ ਹੈ ਅਤੇ ਇਹ ਵੀ ਇਤਿਹਾਸਕ ਤੱਥ ਹੈ ਕਿ ਸ਼੍ਰੋਮਣੀ ਅਕਾਲੀ ਦਲ ਦਹਾਕਿਆਂ ਤੋਂ ਇਸ ਮੌਕੇ ਕਾਨਫਰੰਸਾਂ ਕਰਦਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸਿਰਫ ਅਕਾਲੀ ਦਲ ਹੀ ਨਹੀਂ ਪੰਜਾਬ ਦੀਆਂ ਹੋਰ ਪਾਰਟੀਆਂ ਵੀ ਇਸ ਮੌਕੇ ਕਾਨਫਰੰਸਾਂ ਕਰਦੀਆਂ ਰਹੀਆਂ ਹਨ। ਕਾਂਗਰਸ ਸਾਂਸਦ ਸ. ਰਵਨੀਤ ਸਿੰਘ ਬਿੱਟੂ ਵੱਲੋਂ ਦਰਜ਼ ਕਰਵਾਈ ਗਈ ਗੁਮਰਾਹਕੁੰਨ ਸ਼ਿਕਾਇਤ ਬਾਰੇ ਟਿੱਪਣੀ ਕਰਦਿਆਂ ਪਾਰਟੀ ਵਫਦ ਨੇ ਮੁੱਖ ਚੋਣ ਕਮਿਸ਼ਨਰ ਨੂੰ ਦੱਸਿਆ ਕਿ ਅਸਲ 'ਚ ਸ. ਬਿੱਟੂ ਕਾਂਗਰਸ ਪਾਰਟੀ ਅੰਦਰ ਪਾਟੋਧਾੜ ਹੋਣ ਕਾਰਨ ਆਪਣੀ ਪਾਰਟੀ ਦੀ ਕਾਨਫਰੰਸ ਕਰਵਾਉਣ ਤੋਂ ਕੰਨੀ ਕਤਰਾ ਰਹੇ ਹਨ। ਉਨ੍ਹਾਂ ਦੱਸਿਆ ਕਿ ਰੋਪੜ ਜਿਲ੍ਹੇ ਦੀ ਕਾਂਗਰਸ ਪਾਰਟੀ ਦੇ ਇੱਕ ਵੱਡੇ ਧੜੇ ਵੱਲੋਂ ਪਹਿਲਾਂ ਤੋਂ ਹੀ ਕਾਂਗਰਸ ਦੀ ਕਾਨਫਰੰਸ ਦੇ ਬਾਈਕਾਟ ਦਾ ਐਲਾਨ ਕੀਤਾ ਗਿਆ ਹੈ ਇਸ ਲਈ ਕਾਂਗਰਸ ਪਾਰਟੀ ਨੇ ਅਸਫਲ ਕਾਨਫਰੰਸ ਦੀ ਨਮੋਸ਼ੀ ਤੋਂ ਬਚਣ ਲਈ ਗਲਤ ਤੱਥਾਂ ਦੇ ਆਧਾਰ 'ਤੇ ਝੂਠੀ ਸ਼ਿਕਾਇਤ ਦਰਜ਼ ਕਰਵਾਈ ਹੈ। ਫਫਦ ਨੇ ਕਿਹਾ ਕਿ ਕਾਂਗਰਸ ਪਾਰਟੀ ਦੀ ਇਹ ਕਾਨਫਰੰਸ ਕਰਵਾਉਣ ਨੂੰ ਲੈ ਕੇ ਘਬਰਾਹਟ ਤੇ ਕਮਜ਼ੋਰੀ ਤਾਂ ਇਸੇ ਗੱਲ ਤੋਂ ਸਪਸ਼ਟ ਹੋ ਜਾਂਦੀ ਹੈ ਕਿ ਪਾਰਟੀ ਨੇ ਕਮਿਸ਼ਨ ਦੇ ਕਿਸੇ ਫੈਸਲੇ ਤੋਂ ਪਹਿਲਾਂ ਹੀ ਕਾਨਫਰੰਸ ਨਾ ਕਰਵਾਉਣ ਦਾ ਐਲਾਨ ਕਰ ਦਿੱਤਾ ਹੈ।
ਕਾਨਫਰੰਸ ਸਬੰਧੀ ਪ੍ਰਵਾਨਗੀ ਦੇਣ 'ਚ ਕੀਤੀ ਜਾ ਰਹੀ ਦੇਰੀ ਬਾਰੇ ਸਵਾਲ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਨੇ ਮੁੱਖ ਚੋਣ ਕਮਿਸ਼ਨਰ ਦੇ ਧਿਆਨ 'ਚ ਲਿਆਂਦਾ ਕਿ ਇਹ ਜਾਣਦੇ ਹੋਏ ਵੀ ਕਿ ਸਮਾਜਕ ਤੇ ਧਾਰਮਕ ਖੇਤਰਾਂ ਨੂੰ ਕਦੇ ਵੀ ਆਦਰਸ਼ ਚੋਣ ਜਾਬਤੇ ਦੇ ਘੇਰੇ 'ਚ ਨਹੀਂ ਲਿਆਂਦਾ ਗਿਆ ਚੋਣ ਕਮਿਸ਼ਨ ਵੱਲੋਂ ਇਸ ਮਾਮਲੇ 'ਚ ਪ੍ਰਵਾਨਗੀ ਦੇਣ 'ਚ ਬੇਲੋੜੀ ਦੇਰੀ ਕੀਤੀ ਜਾ ਰਹੀ ਹੈ। ਪਾਰਟੀ ਵਫਦ ਨੇ ਅੱਗੇ ਕਿਹਾ ਕਿ ਇਸ ਸੱਭ ਦੇ ਬਾਵਜੂਦ ਸ਼੍ਰੋਮਣੀ ਅਕਾਲੀ ਦਲ ਵੱਲੋਂ ਵਾਰ-ਵਾਰ ਚੋਣ ਕਮਿਸ਼ਨ ਨੂੰ ਵਿਸ਼ਵਾਸ ਦਵਾਇਆ ਗਿਆ ਹੈ ਕਿ ਸ਼੍ਰੋਮਣੀ ਅਕਾਲੀ ਦਲ ਆਦਰਸ਼ ਚੋਣ ਜ਼ਾਬਤੇ ਦਾ ਸਨਮਾਨ ਕਰਨ ਦੀ ਆਪਣੀ ਜ਼ਿਮੇਵਾਰੀ ਲਈ ਵਚਨਬੱਧ ਹੈ। ਪਾਰਟੀ ਵਫ਼ਦ ਨੇ ਮੁੱਖ ਚੋਣ ਕਮਿਸ਼ਨਰ ਪੰਜਾਬ ਨੂੰ ਬੇਨਤੀ ਕੀਤੀ ਹੈ ਕਿ ਪਾਰਟੀ ਨੂੰ ਉਕਤ ਕਾਨਫਰੰਸ ਕਰਨ ਸਬੰਧੀ ਤੁਰੰਤ ਪ੍ਰਵਾਨਗੀ ਦਿੱਤੀ ਜਾਵੇ।