ਨਗਰ ਨਿਗਮ ਵਿਚ ਕਾਂਗਰਸ ਦੇ ਕਾਰਜਕਾਲ ਨੂੰ ਬੂਥ ਘੋਟਾਲੇ, ਰੇਲ ਘੋਟਾਲੇ ਅਤੇ ਕੱਪੜੇ ਚੋਰੀ ਲਈ ਹਮੇਸ਼ਾ ਯਾਦ ਕੀਤਾ ਜਾਵੇਗਾ। ਕਾਂਗਰਸ ਦੇ ਕਾਰਜਕਾਲ ਦੌਰਾਨ ਇਥੇ ਵਿਕਾਸ ਦੀ ਬਜਾਏ ਆਏ ਦਿਨ ਨਵੇਂ ਘੋਟਾਲੇ ਅਤੇ ਫਰਜ਼ੀਵਾੜੇ ਹੋਏ ਹਨ। ਪਿਛਲੇ 6 ਸਾਲਾਂ ਤੋਂ ਕਾਂਗਰਸ ਕੁਆਰਟਾਈਨ ਵਿਚ ਹੈ ਅਤੇ ਇਨ੍ਹਾਂ ਚੋਣਾਂ ਵਿਚ ਕੁਆਰਟਾਈਨ ਤੋਂ ਬਾਹਰ ਆਉਣ ਦਾ ਯਤਨ ਕਰ ਰਹੀ ਹੈ ਜਦਕਿ ਜਨਤਾ ਉਨ੍ਹਾਂ ਨੂੰ ਮੁੜ ਕੁਆਰਟਾਈਨ ਵਿਚ ਭੇਜਣ ਦੀ ਤਿਆਰੀ ਕਰ ਰਹੀ ਹੈ। ਭਾਰਤੀ ਜਨਤਾ ਪਾਰਟੀ ਦੇ ਚੋਣ ਪ੍ਰਚਾਰ ਅਭਿਆਨ ਨੇ ਜੋਰ ਫੜ ਲਿਆ ਹੈ। ਸ਼ਹਿਰ ਵਿਚ ਭਾਜਪਾ ਉਮੀਦਵਾਰਾਂ ਨੂੰ ਲੋਕਾਂ ਦਾ ਭਰਪੂਰ ਸਮਰਥਨ ਮਿਲ ਰਿਹਾ ਹੈ। ਅੱਜ ਸੂਬਾ ਦਫ਼ਤਰ ਕਮਲਮ ਵਿਚ ਭਾਜਪਾ ਵਲੋਂ ਸਾਬਕਾ ਪ੍ਰਧਾਨ ਸੰਜੈ ਟੰਡਨ ਵਲੋਂ ਮੀਡੀਆ ਨਾਲ ਗੱਲਬਾਤ ਕੀਤੀ ਗਈ। ਇਸ ਮੌਕੇ ਉਨ੍ਹਾਂ ਦੇ ਨਾਲ ਸੂਬਾ ਬੁਲਾਰਾ ਅਤੇ ਮੀਡੀਆ ਪ੍ਰਧਾਨ ਕੈਲਾਸ਼ ਜੈਨ, ਸੂਬਾ ਸਕੱਤਰ ਅਮਿਤ ਰਾਣਾ ਅਤੇ ਯੁਵਾ ਮੋਰਚਾ ਦੇ ਸੂਬਾ ਮੀਤ ਪ੍ਰਧਾਨ ਅਤੇ ਮੀਡੀਆ ਟੀਮ ਮੈਂਬਰ ਅਰੁਣਦੀਪ ਸਿੰਘ ਵੀ ਮੌਜੂਦ ਸਨ। ਮੀਡੀਆ ਨਾਲ ਗੱਲਬਾਤ ਕਰਦਿਆਂ ਸੰਜੈ ਟੰਡਨ ਨੇ ਕਿਹਾ ਕਿ ਭਾਜਪਾ ਖਿਲਾਫ਼ ਚਾਰਜਸ਼ੀਟ ਜਾਰੀ ਕਰਨ ਵਾਲੀ ਕਾਂਗਰਸ ਪਹਿਲਾਂ ਆਪਣੇ ਗਿਰਾਬਾਨ ਵਿਚ ਦੇਖੇ। ਟੰਡਨ ਨੇ ਕਿਹਾ ਕਿ ਕਾਂਗਰਸ ਨੇ ਆਪਣੇ 14 ਸਾਲ ਦੇ ਕਾਰਜਕਾਲ ਵਿਚ ਸਿਰਫ਼ ਘੋਟਾਲੇ ਹੀ ਕੀਤੇ ਹਨ ਜਦਕਿ ਭਾਜਪਾ ਨੇ ਸ਼ਹਿਰ ਵਿਚ ਵਿਕਾਸ ਦੀ ਗਤੀ ਨੂੰ ਵਧਾਇਆ ਹੈ। ਭਾਜਪਾ ਨੇ ਆਪਣੇ ਕਾਰਜਕਾਲ ਦੌਰਾਨ ਚੰਡੀਗੜ੍ਹ ਵਿਚ ਤਮਾਮ ਵਿਕਾਸ ਕਾਰਜ ਕੀਤੇ ਹਨ, ਜਿਸ ਨਾਲ ਹੁਣ ਚੰਡੀਗੜ੍ਹ ਹੈਪੀ ਇੰਡੈਕਸ ਵਿਚ ਉਪਰ ਹੈ।
ਟੰਡਨ ਨੇ ਇਕ ਸਰਵੇ ਦਾ ਹਵਾਲਾ ਦਿੰਦਿਆਂ ਕਿਹਾ ਕਿ ਚੰਡੀਗੜ੍ਹ ਦੂਸਰੇ ਸ਼ਹਿਰਾਂ ਦੇ ਮੁਕਾਬਲੇ ਕਾਫੀ ਬਿਹਤਰ ਹੈ। ਉਨ੍ਹਾਂ ਕਿਹਾ ਕਿ ਜਦੋਂ ਪੂਰਾ ਦੇਸ਼ ਆਕਸੀਜਨ ਦੀ ਸਮੱਸਿਆ ਨਾਲ ਜੂਝ ਰਿਹਾ ਸੀ ਤਾਂ ਚੰਡੀਗੜ੍ਹ ਨਾ ਕੇਵਲ ਆਕਸੀਜਨ ਦੇ ਮਾਮਲੇ ਵਿਚ ਆਤਮਨਿਰਭਰ ਸੀ ਬਲਕਿ ਗੁਆਂਢੀ ਸੂਬਿਆਂ ਦੀ ਜਰੂਰਤ ਵੀ ਚੰਡੀਗੜ੍ਹ ਨੇ ਹੀ ਪੂਰੀ ਕੀਤੀ ਸੀ। ਟੰਡਨ ਨੇ ਪ੍ਰਦੂਸ਼ਨ ਦੇ ਮੁੱਦੇ ’ਤੇ ਭਾਜਪਾ ਦਾ ਪੱਖ ਰੱਖਦਿਆਂ ਕਿਹਾ ਕਿ ਸ਼ਹਿਰ ਦੀ ਹਵਾ ਨੂੰ ਸਾਫ ਰੱਖਣ ਲਈ ਟਰਾਂਸਪੋਰਟ ਚੌਂਕ ’ਤੇ ਆਕਸੀਜਨ ਪਊਰੀਫਾਈ ਲਗਾਇਆ ਗਿਆ ਹੈ ਅਤੇ ਇਹ ਸਭ ਭਾਜਪਾ ਦੇ ਕਾਰਜਕਾਲ ਦੌਰਾਨ ਹੋਇਆ ਹੈ। ਸ਼ਹਿਰ ਵਿਚ ਗ੍ਰੀਨਰੀ 35 ਤੋਂ ਵਧਾ ਕੇ 46 ਫੀਸਦੀ ਤੱਕ ਪਹੁੰਚਾਈ ਗਈ ਹੈ। ਇਸਦੇ ਨਾਲ ਹੀ ਸ਼ਹਿਰ ਦੀਆਂ ਸੜਕਾਂ ਦੇ ਕਿਨਾਰੇ ਸਾਈਕਲ ਟ੍ਰੈਕ ਬਣਾਏ ਗਏ ਹਨ, ਜਿਸ ਨਾਲ ਸਾਈਕਲ ਚਾਲਕਾਂ ਨੂੰ ਸੁਵਿਧਾ ਮਿਲ ਸਕੇ। ਟੰਡਨ ਨੇ ਕਿਹਾ ਕਿ ਚੰਡੀਗੜ੍ਹ ਨੂੰ ਦਿੱਲੀ ਮਾਡਲ ਦੀ ਨਹੀਂ ਬਲਕਿ ਦਿੱਲੀ ਨੂੰ ਚੰਡੀਗੜ੍ਹ ਮਾਡਲ ਦੀ ਜਰੂਰਤ ਹੈ। ਟੰਡਨ ਨੇ ਕਿਹਾ ਕਿ ਚੰਡੀਗੜ੍ਹ ਵਿਚ ਲਾਲ ਡੋਰੇ ਨੂੰ ਸਮਾਪਤ ਕਰਕੇ ਨਾਲ ਲੱਗਦੇ ਪਿੰਡਾਂ ਨੂੰ ਜੋੜਿਆ ਜਾਵੇਗਾ ਅਤੇ ਇਕ ਮਾਡਲ ਵਿਲੇਜ ਦੇ ਰੂਪ ਵਿਚ ਵਿਕਸਿਤ ਕੀਤਾ ਜਾਵੇਗਾ। ਟੰਡਨ ਨੇ ਕਿਹਾ ਕਿ ਯੂ. ਟੀ. ਇਮਲਾਈਜ ਹੋਮਸ ਸਕੀਮ 2008 ਵਿਚ ਆਈ ਸੀ ਪਰ 2012 ਵਿਚ ਕਾਂਗਰਸ ਦੇ ਸਮੇਂ ਕਾਂਗਰਸ ਦੇ ਗਵਰਨਰ ਨੇ ਇਸ ਸਕੀਮ ਨੂੰ ਬੰਦ ਕਰ ਦਿੱਤਾ ਸੀ, ਜਿਸਤੋਂ ਬਾਅਦ 2014 ਵਿਚ ਭਾਜਪਾ ਦੇ ਆਉਣ ਤੋਂ ਬਾਅਦ ਇਸਨੂੰ ਰੀਓਪਨ ਕੀਤਾ ਅਤੇ 2016 ਵਿਚ ਇਸ ਸਕੀਮ ਨੂੰ ਮੁੜ ਸ਼ੁਰੂ ਕੀਤਾ। ਉਨ੍ਹਾਂ ਕਿਹਾ ਕਿ ਚੰਡੀਗੜ੍ਹ ਸ਼ਹਿਰ ਵਿਚ ਜਿੰਨਾ ਵੀ ਕੰਮ ਹੋਇਆ ਹੈ ਉਹ ਸਿਰਫ ਅਤੇ ਸਿਰਫ ਭਾਜਪਾ ਦੇ ਕਾਰਜਕਾਲ ਦੌਰਾਨ ਹੀ ਹੋਇਆ ਹੈ।