ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਸਾਰੇ ਪਿੰਡਾਂ ਅਤੇ ਸ਼ਹਿਰ ਦੇ ਦੌਰੇ ਪੂਰੇ ਕਰ ਲਏ ਗਏ ਹਨ ਅਤੇ ਹਲਕੇ ਦੇ ਲੋਕਾਂ ਨੂੰ ਕਾਂਗਰਸ ਪਾਰਟੀ ਪ੍ਰਤੀ ਪੂਰੀ ਤਰ੍ਹਾਂ ਲਾਮਬੰਦ ਕਰ ਦਿੱਤਾ ਗਿਆ ਹੈ। ਇਹ ਵਿਚਾਰ ਸਾਬਕਾ ਐਮ.ਸੀ. ਕੁਲਜੀਤ ਸਿੰਘ ਬੇਦੀ ਨੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੀ ਚੋਣ ਪ੍ਰਚਾਰ ਕਮੇਟੀ ਦੀ ਮੈਂਬਰ ਬੀਬੀ ਲਖਵਿੰਦਰ ਕੌਰ ਗਰਚਾ ਦੇ ਹੱਕ ਵਿੱਚ ਕਾਂਗਰਸੀ ਵਰਕਰਾਂ ਨਾਲ ਮੀਟਿੰਗ ਨੂੰ ਸੰਬੋਧਨ ਕਰਦਿਆਂ ਪ੍ਰਗਟ ਕੀਤੇ। ਸ੍ਰੀ ਬੇਦੀ ਨੇ ਪਾਰਟੀ ਵਰਕਰਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਚੋਣਾਂ ਲਈ ਤਿਆਰ ਬਰ ਤਿਆਰ ਰਹਿਣ ਕਿਉਂਕਿ ਪਾਰਟੀ ਦੀ ਹਾਈਕਮਾਨ ਵੱਲੋਂ ਟਿਕਟ ਦਾ ਐਲਾਨ ਹੁੰਦਿਆਂ ਹੀ ਚੋਣ ਪ੍ਰਚਾਰ ਭਖਾ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਬੀਬੀ ਗਰਚਾ ਕਾਂਗਰਸ ਪਾਰਟੀ ਦੇ ਵਫ਼ਾਦਾਰ ਸਿਪਾਹੀ ਹਨ ਅਤੇ ਹਲਕੇ ਦੇ ਲੋਕ ਕਿਸੀ ਵੀ ਹਾਲਤ ਵਿੱਚ ਹਲਕਾ ਮੋਹਾਲੀ ਦੀ ਸੀਟ ਜਿਤਾ ਕੇ ਕਾਂਗਰਸ ਦੀ ਝੋਲੀ ਵਿੱਚ ਪਾਉਣ ਲਈ ਦਿਨ ਰਾਤ ਇੱਕ ਕਰ ਦੇਣਗੇ।
ਸ੍ਰੀ ਬੇਦੀ ਨੇ ਅੱਗੇ ਕਿਹਾ ਕਿ ਬੀਬੀ ਗਰਚਾ ਜੋ ਕਿ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਮੈਂਬਰ ਹਨ ਅਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਓ.ਐਸ.ਡੀ. ਵੀ ਰਹਿ ਚੁੱਕੇ ਹਨ, ਹਲਕੇ ਦੀ ਪੂਰੀ ਸੂਝ ਰੱਖਦੇ ਹਨ ਅਤੇ ਹਲਕੇ ਦੇ ਲੋਕਾਂ ਵਿੱਚ ਉਨ੍ਹਾਂ ਦੀ ਕਾਫ਼ੀ ਲੋਕਪ੍ਰਿਅਤਾ ਹੈ ਅਤੇ ਹਲਕੇ ਦੇ ਲੋਕ ਉਨ੍ਹਾਂ ਨੂੰ ਇਸ ਹਲਕੇ ਦੇ ਵਿਧਾਇਕ ਵਜੋਂ ਵੇਖਣ ਲਈ ਉਤਾਵਲੇ ਹਨ ਕਿਉਂਕਿ ਪਿਛਲੀ ਕਾਂਗਰਸ ਸਰਕਾਰ ਦੇ ਸਮੇਂ ਵਿੱਚ ਉਨ੍ਹਾਂ ਹਲਕੇ ਦੇ ਬਹੁਤ ਸਾਰੇ ਕੰਮ ਕਰਵਾਉਂਦੇ ਰਹੇ ਹਨ। ਸ੍ਰੀ ਬੇਦੀ ਨੇ ਦੱਸਿਆ ਕਿ ਨਗਰ ਪਰਿਸ਼ਦ ਤੋਂ ਆਪਣਾ ਸਿਆਸੀ ਜੀਵਨ ਸ਼ੁਰੂ ਕਰ ਕੇ ਮੁੱਖ ਮੰਤਰੀ ਪੰਜਾਬ ਦੇ ਓ.ਐਸ.ਡੀ. ਤੱਕ ਪੁੱਜੇ ਬੀਬੀ ਗਰਚਾ ਦਾ ਹਲਕਾ ਮੋਹਾਲੀ ਨੂੰ ਬਹੁਤ ਵੱਡਾ ਯੋਗਦਾਨ ਰਿਹਾ ਹੈ।ਇੱਕ ਧੜੱਲੇਦਾਰ ਔਰਤ ਹੋਣ ਦੇ ਨਾਤੇ ਬੀਬੀ ਗਰਚਾ ਨੇ ਅਕਸਰ ਔਰਤਾਂ ਦੀਆਂ ਮੁਸ਼ਕਿਲਾਂ ਵੀ ਉਭਾਰਦੇ ਰਹੇ ਹਨ ਅਤੇ ਇਹੀ ਕਾਰਨ ਹੈ ਕਿ ਬੀਬੀ ਗਰਚਾ ਨੂੰ ਹਲਕੇ ਦੀਆਂ ਔਰਤਾਂ ਦਾ ਬਹੁਤ ਸਾਰਾ ਮਾਣ ਹਾਸਲ ਹੈ।ਇਸ ਮੌਕੇ ਹਰਿੰਦਰਪਾਲ ਸਿੰਘ ਬਿੱਲਾ ਸਾਬਕਾ ਪ੍ਰਧਾਨ ਨਗਰ ਕੌਂਸਲ ਮੋਹਾਲੀ, ਹਰਜਿੰਦਰ ਸਿੰਘ ਧਵਨ, ਜਸਵਿੰਦਰ ਸਿੰਘ ਕਾਕਾ, ਹੰਸ ਰਾਜ, ਵੀ.ਕੇ. ਮਲਿਕ, ਅਮਰੀਕ ਸਿੰਘ ਭੱਟੀ, ਹਰਭਜਨ ਸਿੰਘ ਆਦਿ ਹਾਜ਼ਰ ਸਨ।