ਸ੍ਰੀ ਆਨੰਦਪੁਰ ਸਾਹਿਬ ਤੋਂ ਮੈਂਬਰ ਲੋਕ ਸਭਾ ਅਤੇ ਸਾਬਕਾ ਕੇਂਦਰੀ ਮੰਤਰੀ ਮਨੀਸ਼ ਤਿਵਾੜੀ ਨੇ ਗਮਾਡਾ ਤੇ ਰੇਰਾ ਨੂੰ ਉਨ੍ਹਾਂ ਸਾਰੇ ਵੱਡੇ ਬਿਲਡਰਾਂ ਖ਼ਿਲਾਫ਼ ਸੁਓ-ਮੋਟੋ ਨੋਟਿਸ ਲੈਣ ਦੀ ਅਪੀਲ ਕੀਤੀ ਹੈ। ਐੱਮ.ਪੀ ਤਿਵਾੜੀ ਨਿਊ ਚੰਡੀਗੜ੍ਹ ਵੈੱਲਫੇਅਰ ਸੁਸਾਇਟੀ ਦੀ ਤਲਵਿੰਦਰ ਸਿੰਘ ਕਾਹਲੋਂ ਦੇ ਨਿਵਾਸ ਵਿਖੇ ਈਕੋ ਸਿਟੀ-ਇੱਕ ਚ ਇਕ ਮੀਟਿੰਗ ਨੂੰ ਸੰਬੋਧਨ ਕਰ ਰਹੇ ਸਨ। ਜਿਥੇ ਇਲਾਕਾ ਨਿਵਾਸੀਆਂ ਨੇ ਐਮ.ਪੀ ਤਿਵਾੜੀ ਨੂੰ ਉਨ੍ਹਾਂ ਪੇਸ਼ ਆਉਣ ਵਾਲੀਆਂ ਸਮੱਸਿਆਵਾਂ ਬਾਰੇ ਦੱਸਿਆ।ਇਲਾਕਾ ਨਿਵਾਸੀਆਂ ਨੇ ਐਮ.ਪੀ ਤਿਵਾੜੀ ਨੂੰ ਦੱਸਿਆ ਕਿ ਕਲੋਨੀ ਚ ਮੁੱਢਲੀਆਂ ਸੁਵਿਧਾਵਾਂ ਦੀ ਕਾਫੀ ਘਾਟ ਹੈ। ਜਿਸਨੂੰ ਲੈ ਕੇ ਅਕਸਰ ਉਨ੍ਹਾਂ ਕਲੋਨਾਈਜ਼ਰ ਤੇ ਸਰਕਾਰੀ ਦਫਤਰਾਂ ਦੇ ਧੱਕੇ ਖਾਣੇ ਪੈਂਦੇ ਹਨ। ਇਸ ਦੌਰਾਨ ਉਨ੍ਹਾਂ ਨੇ ਮੁੱਲਾਂਪੁਰ ਗਰੀਬਦਾਸ ਸਰਕਾਰੀ ਕੰਨਿਆ ਸਕੂਲ ਦੇ ਨਾਲ ਲੱਗਦੀ ਸ਼ਾਮਲਾਟ ਜ਼ਮੀਨ ਤੇ ਇੱਕ ਪਬਲਿਕ ਬੱਸ ਸ਼ੈਲਟਰ ਤੇ ਟਾਇਲਟ ਬਣਵਾਉਣ ਦੀ ਮੰਗ ਵੀ ਕੀਤੀ।ਜਿਸ ਤੇ ਐਮ.ਪੀ ਤਿਵਾੜੀ ਨੇ ਗਮਾਡਾ ਤੇ ਰੇਰਾ ਨੂੰ ਸੁਓ-ਮੋਟੋ ਨੋਟਿਸ ਲੈਂਦਿਆਂ ਹੋਇਆਂ ਬੀਤੇ 10 ਸਾਲਾਂ ਦੌਰਾਨ ਮੁਹਾਲੀ, ਖਰੜ ਅਤੇ ਨਿੳੂ ਚੰਡੀਗਡ਼੍ਹ ਚ ਬਣੇ ਹਰ ਰੀਅਲ ਅਸਟੇਟ ਪ੍ਰਾਜੈਕਟ ਦੀ ਸੋਸ਼ਲ ਆਡਿਟ ਕਰਵਾਉਣ ਦੀ ਅਪੀਲ ਕੀਤੀ ਹੈ, ਤਾਂ ਜੋ ਲੋਕਾਂ ਤੋਂ ਪਤਾ ਕੀਤਾ ਜਾ ਸਕੇ ਕਿ ਉਨ੍ਹਾਂ ਨਾਲ ਵੱਡੇ ਰੀਅਲ ਅਸਟੇਟ ਡਿਵੈਲਪਰਾਂ ਵੱਲੋਂ ਸੀਵਰੇਜ ਪਾਈਪ, ਸਟਰੀਟ ਲਾਈਟ, ਸੜਕਾਂ ਅਤੇ ਪਬਲਿਕ ਪਾਰਕਾਂ ਨਾਲ ਜੁੜੇ ਕੀਤੇ ਵਾਅਦੇ ਪੂਰੇ ਕੀਤੇ ਗਏ ਹਨ ਜਾਂ ਨਹੀਂ। ਅਜਿਹੇ ਰੀਅਲ ਅਸਟੇਟ ਡਿਵੈਲਪਰਾਂ ਅਤੇ ਉਨ੍ਹਾਂ ਦੇ ਬਰੋਕਰਾਂ ਖ਼ਿਲਾਫ਼ ਧੋਖਾਧੜੀ ਸਣੇ ਦੂਸਰੀਆਂ ਅਪਰਾਧਿਕ ਧਾਰਾਵਾਂ ਹੇਠ ਕੇਸ ਦਰਜ ਕਰਨੇ ਚਾਹੀਦੇ ਹਨ। ਜਦਕਿ ਜਿਨ੍ਹਾਂ ਨੇ ਆਪਣਾ ਨਿਰਮਾਣ ਕਾਰਜ ਸ਼ੁਰੂ ਨਹੀਂ ਕੀਤਾ ਹੈ, ਉਨ੍ਹਾਂ ਦੇ ਲਾਇਸੈਂਸ ਤੇ ਹੋਰ ਮਨਜ਼ੂਰੀਆਂ ਰੱਦ ਦਿੱਤੀਆਂ ਜਾਣੀਆਂ ਚਾਹੀਦੀਆਂ ਹਨ। ਗਮਾਡਾ ਤੇ ਰੇਰਾ ਨੂੰ ਇਹ ਸੁਨਿਸ਼ਚਿਤ ਕਰਨਾ ਚਾਹੀਦਾ ਹੈ ਕਿ ਮਾਸੂਮ ਖਰੀਦਦਾਰਾਂ ਦੀ ਰਕਮ ਉਨ੍ਹਾਂ ਵੱਲੋਂ ਇਨਸੋਲਵੈਂਸੀ ਅਤੇ ਬੈਂਕਰਪਸੀ ਪ੍ਰਕਿਰਿਆ ਤਹਿਤ ਵਾਪਸ ਕਰਵਾਈ ਜਾਵੇ। ਮੀਟਿੰਗ ਚ ਹੋਰਨਾਂ ਤੋਂ ਇਲਾਵਾ, ਪੰਜਾਬ ਲਾਰਜ ਇੰਡਸਟਰੀਅਲ ਡਿਵੈਲਪਮੈਂਟ ਬੋਰਡ ਦੇ ਚੇਅਰਮੈਨ ਪਵਨ ਦੀਵਾਨ, ਅਨੀਸ਼ ਸਿਡਾਨਾ, ਸੁਸ਼ੀਲ ਮਲਹੋਤਰਾ, ਅਮਰਜੀਤ ਸਿੰਘ, ਅਮਨਦੀਪ ਸਿੰਘ, ਸੁਨੀਲ ਕੁਮਾਰ, ਨਰਿੰਦਰ ਕੁਮਾਰ ਕੁਲਵੰਤ ਸਿੰਘ, ਡਾ ਬਲਬੀਰ ਸਿੰਘ ਮੌਜੂਦ ਰਹੇ।