ਖੰਨਾ ਪੇਪਰ ਮਿੱਲ ਵਲੋਂ ਆਪਣੀ ਸਮਾਜਿਕ ਜਿੰਮੇਵਾਰੀ ਨਿਭਾਉਂਦੇ ਹੋਏ ਜ਼ਿਲਾ ਪ੍ਰਸ਼ਾਸ਼ਨ ਨੂੰ ਅੱਜ ਖੇਡਾਂ ਦਾ ਸਾਮਾਨ ਅਤੇ ਡਾਕਟਰੀ ਉਪਕਰਨ ਮੁਹੱਈਆ ਕਰਵਾਏ ਗਏ। ਇਸ ਮੌਕੇ ਡਿਪਟੀ ਕਮਿਸ਼ਨਰ ਸ: ਗੁਰਪ੍ਰੀਤ ਸਿੰਘ ਖਹਿਰਾ ਨੇ ਖੰਨਾ ਪੇਪਰ ਮਿੱਲ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਕੋਰੋਨਾ ਮਹਾਂਮਾਰੀ ਦੌਰਾਨ ਵੀ ਖੰਨਾ ਪੇਪਰ ਮਿੱਲ ਵਲੋਂ ਰੈਡ ਕਰਾਸ ਦੀ ਕਾਫੀ ਸਹਾਇਤਾ ਕੀਤੀ ਗਈ ਹੈ। ਸ: ਖਹਿਰਾ ਨੇ ਦੱਸਿਆ ਕਿ ਅੱਜ ਵੀ ਖੰਨਾ ਪੇਪਰ ਮਿੱਲ ਵਲੋਂ ਰਣਜੀਤ ਐਵੀਨਿਊ ਵਿਖੇ ਸਥਿਤ ਸਰਕਾਰੀ ਪ੍ਰਾਇਮਰੀ ਸੈਟੇਲਾਈਟ ਹਸਪਤਾਲ ਨੂੰ ਮੈਡੀਕਲ ਉਪਕਰਨ ਮੁਹੱਈਆ ਕਰਵਾਏ ਗਏ ਹਨ ਜਿਨ੍ਹਾਂ ਵਿਚ ਮਾਸਕ, ਹੈਂਡਫ੍ਰੀ ਸੈਨੇਟਾਈਜ਼ਰ, ਆਕਸੋਮੀਟਰ, ਆਕਸੀਜਨ ਸਲੰਡਰ, ਗਲਵਜ਼ ਆਦਿ ਹੋਰ ਮੈਡੀਕਲ ਸਹਾਇਤਾ ਲਈ ਵਰਤਿਆਂ ਜਾਂਦਾ ਸਮਾਨ ਦਿੱਤਾ ਗਿਆ ਹੈ।ਸ: ਖਹਿਰਾ ਨੇ ਦੱਸਿਆ ਕਿ ਇਸ ਤੋਂ ਇਲਾਵਾ ਖੰਨਾਪੇਪਰ ਮਿੱਲ ਵਲੋਂ ਬੱਚਿਆਂ ਨੂੰ ਖੇਡਾਂ ਦੇ ਨਾਲ ਜੋੜਨ ਲਈ ਵੀ ਵਿਸ਼ੇਸ਼ ਉਪਰਾਲੇ ਕੀਤੇ ਜਾਂਦੇ ਹਨ। ਉਨਾਂ ਦੱਸਿਆ ਕਿ ਖੰਨਾ ਪੇਪਰ ਮਿੱਲ ਵਲੋਂ ਗਾਂਧੀ ਗਰਾਉਂਡ ਨੂੰ ਕ੍ਰਿਕੇਟ ਬਾਲੰਗ ਮਸ਼ੀਨ ਅਤੇ ਹੋਰ ਖੇਡਾਂ ਦਾ ਸਾਮਾਨ ਵੀ ਜ਼ਿਲਾ ਪ੍ਰਸ਼ਾਸ਼ਨ ਰਾਹੀਂ ਮੁਹੱਈਆ ਕਰਵਾਇਆ ਗਿਆ ਹੈ। ਸ: ਖਹਿਰਾ ਨੇ ਖੰਨਾ ਪੇਪਰ ਮਿੱਲ ਵਲੋਂ ਡਾਕਟਰੀ ਉਪਕਰਨ ਅਤੇ ਖੇਡ ਖੇਤਰ ਦੇ ਲਈ ਦਿੱਤੇ ਗਏ ਸਮਾਨ ਦੀ ਪਹਿਲਕਦਮੀ ਲਈ ਧੰਨਵਾਦ ਕੀਤਾ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਸ੍ਰੀ ਹਿਮਾਂਸ਼ੂ ਅਗਰਵਾਲ ਨੇ ਕਿਹਾ ਕਿ ਖੰਨਾ ਪੇਪਰ ਮਿੱਲ ਵਲੋਂ ਕੋਵਿਡ 19 ਮਹਾਂਮਾਰੀ ਦੌਰਾਨ ਵੀ ਲੋੜਵੰਦ ਲੋਕਾਂ ਦੀ ਮੱਦਦ ਕੀਤੀ ਗਈ ਹੈ ਅਤੇ ਹਰੇਕ ਖੇਤਰ ਵਿੱਚ ਆਪਣੀ ਸਮਾਜਿਕ ਜਿੰਮੇਵਾਰੀਆਂ ਨੂੰ ਨਿਭਾਉਂਦੇ ਹੋਏ ਲਗਾਤਾਰ ਲੋੜਵੰਦਾਂ ਦੀ ਮੱਦਦ ਕਰਦੀ ਆ ਰਹੀ ਹੈ। ਇਸ ਮੌਕੇ ਖੰਨਾ ਪੇਪਰ ਮਿੱਲ ਦੇ ਡਾਇਰੈਕਟਰ ਸ੍ਰੀ ਸੁਨੀਤ ਕੋਛੜ ਨੇ ਕਿਹਾ ਕਿ ਸਾਡੀ ਕੰਪਨੀ ਵਲੋਂ ਮਦਾਦ ਚੈਰੀਟੇਬਲ ਫਾਉਂਡੇਸ਼ਨ ਦੀ 2011 ਵਿੱਚ ਸਥਾਪਨਾ ਕੀਤੀ ਗਈ ਸੀ। ਉਨਾਂ ਦੱਸਿਆ ਕਿ ਸਾਡੀ ਇਸ ਸੰਸਥਾ ਵਲੋਂ ਸਮਾਜਿਕ ਕੰਮਾਂ ਵਿੱਚ ਵੱਧ ਚੜ੍ਹ ਕੇ ਭਾਗ ਲਿਆ ਜਾਂਦਾ ਹੈ। ਸ੍ਰੀ ਕੋਛੜ ਨੇ ਦੱਸਿਆ ਕਿ ਉਨਾਂ ਦੀ ਸੰਸਥਾ ਵਲੋਂ ਪੇਂਡੂ ਖੇਤਰਾਂ ਲਈ ਡਸਟਬਿਨ, ਕੂੜਾ ਚੁੱਕਣ ਵਾਲੀਆਂ ਗੱਡੀਆਂ ਅਤੇ ਗਰੀਨ ਡਰਾਇਵ ਮੁਹਿੰਮ ਤਹਿਤ ਪੌਦੇ ਵੀ ਲਗਵਾਏ ਗਏ ਹਨ। ਉਨਾਂ ਦੱਸਿਆ ਕਿ ਇਸ ਤੋਂ ਇਲਾਵਾ ਸਾਡੀ ਸੰਸਥਾ ਵਲੋਂ, ਜੰਮੂ ਕਸ਼ਮੀਰ ਰਾਹਤ ਫੰਡ, ਜੋੜਾ ਫਾਟਕ ਦੁਰਘਟਨਾ ਸਮੇਂ ਵੀ ਲੋੜਵੰਦ ਲੋਕਾਂ ਦੀ ਮੱਦਦ ਕੀਤੀ ਗਈ ਹੈ। ਉਨਾਂ ਦੱਸਿਆ ਕਿ ਸਾਡੀ ਸੰਸਥਾ ਵਲੋਂ ਨਿਸ਼ਕਾਮ ਸਕੂਲ ਵਿੱਚ ਪੜ੍ਹ ਰਹੇ ਬੱਚਿਆਂ ਨੂੰ ਵਿੱਤੀ ਸਹਾਇਤਾ ਵੀ ਪ੍ਰਦਾਨ ਕੀਤੀ ਜਾਂਦੀ ਹੈ।