ਸਿਵਲ ਸਰਜਨ ਵੱਲੋਂ ਗੈਰ ਸੰਚਾਰੀ ਬੀਮਾਰੀਆਂ ਸਬੰਧੀ ਜਾਗਰੂਕਤਾ ਵੈਨ ਰਵਾਨਾ
Web Admin
5 Dariya News
ਫਿਰੋਜ਼ਪੁਰ , 19 Nov 2020
Last updated on: Nov 19, 2020, 00:00 IST
ਸਿਹਤ ਵਿਭਾਗ ਫਿਰੋਜ਼ਪੁਰ ਵੱਲੋਂ ਸਿਵਲ ਸਰਜਨ ਡਾ:ਵਿਨੋਦ ਸਰੀਨ ਦੀ ਅਗਵਾਈ ਹੇਠ ਵੱਖ ਵੱਖ ਸਿਹਤ ਵਿਸ਼ਿਆਂ ਸਬੰਧੀ ਜਾਗਰੂਕਤਾ ਗਤੀਵਿਧੀਆਂ ਲਗਾਤਾਰ ਜਾਰੀ ਹਨ। ਇਸੇ ਲੜੀ ਤਹਿਤ ਸਟੇਟ ਹੈਡਕੁਆਰਟਰ ਵੱਲੋਂ ਭੇਜੀ ਗਈ,ਗੈਰ ਸੰਚਾਰੀ ਬੀਮਾਰੀਆਂ ਸਬੰਧੀ ਇੱਕ ਜਾਗਰੂਕਤਾ ਵੈਨ ਨੂੰ ਸਿਵਲ ਸਰਜਨ ਵੱਲੋਂ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਗਿਆ। ਇਸ ਮੌਕੇ ਸਿਵਲ ਸਰਜਨ ਡਾ: ਵਿਨੋਦ ਸਰੀਨ ਨੇ ਦੱਸਿਆ ਕਿ ਕੈਂਸਰ, ਸ਼ੂਗਰ, ਸਟਰੋਕ ਅਤੇ ਦਿਲ ਦੇ ਰੋਗਾਂ ਦੀ ਰੋਕਥਾਮ ਲਈ ਰਾਸ਼ਟਰੀ ਸਿਹਤ ਪ੍ਰੋਗ੍ਰਾਮ ਤਹਿਤ ਪੰਜਾਬ ਸਰਕਾਰ ਵੱਲੋਂ ਭੇਜੀ ਗਈ ਇਹ ਜਾਗਰੂਕਤਾ ਵੈਨ ਜ਼ਿਲੇ ਅੰਦਰ ਦੋ ਦਿਨ ਵੱਖ ਵੱਖ ਖੇਤਰਾਂ ਵਿੱਚ ਜਾ ਕੇ ਆਮ ਜਨਤਾ ਨੂੰ ਜਾਗਰੂਕ ਕਰੇਗੀ ਤਾਂ ਕਿ ਲੋਕ ਆਪਣੀਆਂ ਖਾਣ ਪੀਣ/ਰਹਿਣ ਸਹਿਣ ਦੀਆਂ ਆਦਤਾਂ ਵਿੱਚ ਬਦਲਾਅ ਕਰਕੇ ਇਹਨਾਂ ਬੀਮਾਰੀਆਂ ਤੋਂ ਬਚ ਸਕਣ ਕਿਉਂਕਿ ਉਕਤ ਸਾਰੀਆਂ ਬੀਮਾਰੀਆਂ ਨੂੰ ਲਾਈਫ ਸਟਾਈਲ ਦੀਆਂ ਬੀਮਾਰੀਆਂ ਕਿਹਾ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਇਸ ਜਾਗਰੂਕਤਾ ਵੈਨ ਵਿੱਚ ਸ਼ੂਗਰ,ਕੈਂਸਰ,ਬਲੱਡ ਪਰੈਸ਼ਰ ਸਟਰੋਕ ਆਦਿ ਬੀਮਾਰੀਆਂ ਸਬੰਧੀ ਜਾਗਰੂਕਤਾ ਸਮੱਗਰੀ ਪ੍ਰਦਸ਼ਿਤ ਕੀਤੀ ਗਈ ਹੈ ਜਿਸ ਵਿੱਚ ਪੰਜਾਬ ਦੇ ਸਿਹਤ ਮੰਤਰੀ ਸਰਦਾਰ ਬਲਬੀਰ ਸਿੰਘ ਸਿੱਧੂ ਦਾ ਸੰਦੇਸ਼ ਵੀ ਸ਼ਮਿਲ ਹੈ।ਇਸ ਤੋਂ ਇਲਾਵਾ ਇਸ ਜਾਗਰੂਕਤਾ ਵੈਨ ਵਿੱਚ ਆਡਿਓ ਵਿਜ਼ੂਅਲ ਸੰਦੇਸ਼ ਲਈ ਇੱਕ ਐਲ.ਈ.ਡੀ ਅਤੇ ਪਬਲਿਕ ਐਡਰੈਸ ਸਿਸਟਮ ਵੀ ਲਗਾਇਆ ਗਿਆ ਹੈ।ਇਸ ਅਵਸਰ ਤੇ ਜ਼ਿਲਾ ਪਰਿਵਾਰ ਭਲਾਈ ਅਫਸਰ ਡਾ: ਗੁਰਿੰਦਰਪਾਲ ਸਿੰਘ, ਐਨ.ਸੀ.ਡੀ. ਕੰਸਲਟੈਂਟ ਡਾ: ਸੋਨੀਆ ਅਤੇ ਵਿਕਾਸ ਕਾਲੜਾ ਆਦਿ ਹਾਜ਼ਿਰ ਸਨ।