ਸਾਰਾਗੜ੍ਹੀ ਸ਼ਹੀਦਾਂ ਦੀ ਯਾਦ ਵਿੱਚ ਗੁਰਦੁਆਰਾ ਸਾਰਾਗੜ੍ਹੀ ਵਿੱਖੇ ਸ੍ਰੀ ਆਖੰਡ ਪਾਠ ਦੇ ਭੋਗ ਪਏ, ਸ਼ਹੀਦਾਂ ਦੇ ਪਰਿਵਾਰਾਂ ਨੂੰ ਵੀ ਕੀਤਾ ਗਿਆ ਸਨਮਾਨਿਤ
ਡਿਪਟੀ ਕਮਿਸ਼ਨਰ, ਵਿਧਾਇਕ ਜ਼ੀਰਾ ਸਮੇਤ ਹੋਰ ਸਖਸੀਅਤਾਂ ਨੇ ਮੱਥਾ ਟੇਕ ਕੇ ਸਰਬੱਤ ਦੇ ਭਲੇ ਲਈ ਕੀਤੀ ਅਰਦਾਸ
Web Admin
5 Dariya News
ਫਿਰੋਜ਼ਪੁਰ , 12 Sep 2020
Last updated on: Sep 12, 2020, 00:00 IST
ਸਾਰਾਗੜ੍ਹੀ ਜੰਗ ਦੇ ਸ਼ਹੀਦਾਂ ਦੀ ਯਾਦ ਵਿੱਚ ਗੁਰੂਦੁਆਰਾ ਸਾਰਾਗੜ੍ਹੀ ਵਿਖੇ ਆਰੰਭ ਹੋਏ ਸ੍ਰੀ ਆਖੰਡ ਪਾਠ ਦੇ ਭੋਗ ਸ਼ਨੀਵਾਰ ਨੂੰ ਪਏ, ਇਸ ਮੌਕੇ ਡਿਪਟੀ ਕਮਿਸ਼ਨਰ ਸ. ਗੁਰਪਾਲ ਸਿੰਘ ਚਾਹਲ, ਵਿਧਾਇਕ ਕੁਲਬੀਰ ਸਿੰਘ ਜ਼ੀਰਾ ਅਤੇ ਐਸ.ਡੀ.ਐਮ. ਅਮਿੱਤ ਗੁਪਤਾ ਨੇ ਗੁਰਦੁਆਰਾ ਸਾਰਾਗੜ੍ਹੀ ਸਾਹਿਬ ਵਿਖੇ ਪਹੁੰਚ ਕੇ ਮੱਥਾ ਟੇਕਿਆ ਅਤੇ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ। ਡਿਪਟੀ ਕਮਿਸ਼ਨਰ ਗੁਰਪਾਲ ਸਿੰਘ ਚਾਹਲ ਅਤੇ ਵਿਧਾਇਕ ਕੁਲਬੀਰ ਸਿਘ ਜ਼ੀਰਾ ਨੇ ਦੱਸਿਆ ਕਿ ਸਾਰਾਗੜੀ ਜੰਗ ਦੇ ਸ਼ਹੀਦਾਂ ਦੀ ਯਾਦ ਵਿੱਚ 12 ਸਤੰਬਰ ਨੂੰ ਹਰ ਸਾਲ ਸਾਰਾਗੜ੍ਹੀ ਦਿਵਸ ਦਾ ਸਮਾਗਮ ਬੜੀ ਧੂਮਧਾਮ ਨਾਲ ਮਨਾਇਆ ਜਾਂਦਾ ਹੈ, ਜਦਕਿ ਇਸ ਵਾਰ ਕੋਵਿਡ19 ਦੇ ਪ੍ਰਭਾਵ ਨੂੰ ਦੇਖਦੇ ਹੋਏ ਇਹ ਪ੍ਰੋਗਰਾਮ ਬਹੁਤ ਹੀ ਸਾਦੇ ਢੰਗ ਨਾਲ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਇਸ ਵਾਰ ਕਿਸੇ ਤਰ੍ਹਾਂ ਦਾ ਵੀ ਕੋਈ ਇਕੱਠ ਨਹੀਂ ਕੀਤਾ ਗਿਆ ਅਤੇ ਕਰੋਨਾ ਵਾਇਰਸ ਸਬੰਧੀ ਜਾਰੀ ਸਿਹਤ ਵਿਭਾਗ ਦੀਆ ਹਦਾਇਤਾਂ ਦਾ ਪਾਲਣ ਕਰਦੇ ਹੋਏ ਸਾਦੇ ਢੰਗ ਨਾਲ ਇਹ ਸਮਾਗਮ ਕਰਵਾਇਆ ਗਿਆ ਹੈ। ਉਨ੍ਹਾਂ ਅੱਗੇ ਕਿਹਾ ਕਿ ਦੇਸ਼ ਦੀਆਂ ਦਸ ਸਭ ਤੋਂ ਮਹੱਤਵਪੂਰਨ ਲੜਾਈਆਂ ਵਿਚ ਸ਼ਾਮਿਲ ਸਾਰਾਗੜ੍ਹੀ ਦੀ ਲੜਾਈ ਵਿੱਚ ਸ਼ਹੀਦ ਹੋਣ ਵਾਲੇ ਸਿੱਖ ਰੈਜੀਮੈਂਟ ਦੇ ਬਹਾਦਰ ਸੂਰਬੀਰਾਂ ਦੀ ਕੁਰਬਾਨੀ ਨੂੰ ਕਦੇ ਭੁਲਾਇਆ ਨਹੀਂ ਜਾ ਸਕਦਾ, ਜਿਨ੍ਹਾਂ ਦੀ ਯਾਦ ਵਿੱਚ ਹੀ ਗੁਰੂਦਆਰਾ ਸਾਰਾਗੜ੍ਹੀ ਵਿੱਖੇ ਸ਼੍ਰੀ ਆਖੰਡ ਪਾਠ ਰਖਾਏ ਗਏ ਸਨ। ਉਨ੍ਹਾਂ ਕਿਹਾ ਕਿ ਸਾਰਾਗੜ੍ਹੀ ਦੀ ਲੜਾਈ ਮੌਕੇ 21 ਸਿੱਖ ਜਵਾਨਾਂ ਨੇ ਭਾਰੀ ਗਿਣਤੀ ਵਿਚ ਦੁਸ਼ਮਣ ਦੀਆਂ ਫੌਜਾਂ ਦਾ ਸਾਹਮਣਾ ਕੀਤਾ ਸੀ ਅਤੇ ਪੂਰੀ ਬਹਾਦਰੀ ਨਾਲ ਲੜਦਿਆਂ ਸ਼ਹੀਦੀਆਂ ਪ੍ਰਾਪਤ ਕੀਤੀਆਂ ਸਨ। ਉਨ੍ਹਾਂ ਕਿਹਾ ਕਿ ਇਹ ਕੁਰਬਾਨੀ ਸਾਡੇ ਬੱਚਿਆਂ ਨੂੰ ਦੇਸ਼ ਸੇਵਾ ਲਈ ਅੱਗੇ ਆਉਣ ਲਈ ਹਮੇਸ਼ਾ ਪ੍ਰੇਰਿਤ ਕਰਦੀ ਰਹੇਗੀ। ਇਸ ਮੌਕੇ ਡਿਪਟੀ ਕਮਿਸ਼ਨਰ ਸ੍: ਗੁਰਪਾਲ ਸਿੰਘ ਚਾਹਲ ਅਤੇ ਵਿਧਾਇਕ ਕੁਲਬੀਰ ਜ਼ੀਰਾ ਨੇ ਸ਼ਹੀਦ ਗੁਰਮੁੱਖ ਸਿੰਘ ਅਤੇ ਸ਼ਹੀਦ ਸਾਹਿਬ ਸਿੰਘ ਦੇ ਪਰਿਵਾਰਕ ਮੈਂਬਰਾਂ ਨੂੰ ਸਨਮਾਨਿਤ ਵੀ ਕੀਤਾ ।ਇਸ ਮੌਕੇ ਗੁਰਚਰਨ ਸਿੰਘ ਸੈਨਿਕ ਵੈਲਫੇਅਰ ਦਫਤਰ ਵੀ ਹਾਜ਼ਰ ਸਨ।