ਕੋਵਿਡ-19 ਦੇ 125 ਹੋਰ ਮਰੀਜ਼ਾਂ ਨੂੰ ਇਲਾਜ ਉਪਰੰਤ ਮਿਲੀ ਛੁੱਟੀ
ਹੁਣ ਤੱਕ 3384 ਮਰੀਜ਼ ਹੋਏ ਤੰਦਰੁਸਤ
Web Admin
5 Dariya News
ਜਲੰਧਰ , 24 Aug 2020
Last updated on: Aug 24, 2020, 00:00 IST
ਜਲੰਧਰ ਵਿਖੇ ਅੱਜ 125 ਕੋਵਿਡ-19 ਤੋਂ ਪ੍ਰਭਾਵਿਤ ਮਰੀਜ਼ਾਂ ਨੂੰ ਇਲਾਜ ਉਪਰੰਤ ਛੁੱਟੀ ਦਿੱਤੀ ਗਈ। ਇਸ ਤਰ੍ਹਾਂ ਹੁਣ ਤੱਕ ਜਲੰਧਰ ਵਿਖੇ 3384 ਮਰੀਜ਼ ਤੰਦਰੁਸਤ ਹੋ ਚੁੱਕੇ ਹਨ।ਜ਼ਿਨ੍ਹਾਂ 125 ਮਰੀਜ਼ਾਂ ਨੂੰ ਅੱਜ ਛੁੱਟੀ ਦਿੱਤੀ ਗਈ ਉਨਾਂ ਵਿੱਚ ਸਿਵਲ ਹਸਪਤਾਲ ਤੋਂ 19, ਕੋਵਿਡ ਕੇਅਰ ਸੈਂਟਰ ਤੋਂ 31 ਅਤੇ ਵੱਖ-ਵੱਖ ਪ੍ਰਾਈਵੇਟ ਹਸਪਤਾਲਾਂ ਤੋਂ 24 ਤੇ ਹੋਮ ਕੁਅਰੰਟੀਨ ਦਾ ਸਮਾਂ ਪੂਰਾ ਕਰਨ ਵਾਲੇ 51 ਮਰੀਜ਼ ਸ਼ਾਮਿਲ ਹਨ। ਛੁੱਟੀ ਮਿਲਣ ਉਪਰੰਤ ਇਨਾਂ ਮਰੀਜ਼ਾਂ ਵਲੋਂ ਸਿਵਲ ਹਸਪਤਾਲ ਅਤੇ ਕੋਵਿਡ ਕੇਅਰ ਸੈਂਟਰ ਤੋਂ ਬਾਹਰ ਆਉਂਦਿਆਂ ਡਾਕਟਰਾਂ ਅਤੇ ਮੈਡੀਕਲ ਅਮਲੇ ਦਾ ਤਹਿ ਦਿਲੋਂ ਧੰਨਵਾਦ ਕੀਤਾ ਗਿਆ ਜਿਨਾਂ ਨੇ ਉਨਾਂ ਦੀ ਚੰਗੀ ਤਰ੍ਹਾਂ ਦੇਖਭਾਲ ਕੀਤੀ। ਉਨ੍ਹਾਂ ਵਲੋਂ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਦੀ ਅਗਵਾਈ ਵਾਲੀ ਸੂਬਾ ਸਰਕਾਰ ਦੁਆਰਾ ਮਿਆਰੀ ਇਲਾਜ ਮੁਹੱਈਆ ਕਰਵਾਉਣ ਲਈ ਕੀਤੇ ਗਏ ਸੁਚੱਜੇ ਪ੍ਰਬੰਧਾਂ ਦੀ ਵੀ ਭਰਪੂਰ ਸ਼ਲਾਘਾ ਕੀਤੀ ਗਈ।ਡਿਪਟੀ ਕਮਿਸ਼ਨਰ ਜਲੰਧਰ ਸ੍ਰੀ ਘਨਸ਼ਿਆਮ ਥੋਰੀ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ ਕੇਸ ਵੱਧਣ ਦੇ ਬਾਵਜੂਦ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਪੂਰੇ ਜ਼ੋਰਾਂ ਨਾਲ ਟੈਸਟਾਂ ਰਾਹੀਂ ਪ੍ਰਭਾਵਿਤ ਮਰੀਜ਼ਾਂ ਦੀ ਪਹਿਚਾਣ ਕਰਕੇ ਸੁਚਾਰੂ ਕਲੀਨਿਕਲ ਪ੍ਰਬੰਧਨ ਲਈ ਠੋਸ ਯਤਨ ਕੀਤੇ ਜਾ ਰਹੇ ਹਨ। ਸ੍ਰੀ ਥੋਰੀ ਨੇ ਕਿਹਾ ਕਿ ਜੇਕਰ ਕਿਸੇ ਨੂੰ ਬਿਮਾਰੀ ਦੇ ਲੱਛਣ ਦਿਖਾਈ ਦਿੰਦੇ ਹਨ ਤਾਂ ਤੁਰੰਤ ਡਾਕਟਰ ਨਾਲ ਸੰਪਰਕ ਕਰਨਾ ਚਾਹੀਦਾ ਹੈ। ਉਨ੍ਹਾਂ ਦੱਸਿਆ ਕਿ ਕੋਵਿਡ-19 ਦੀ ਲਾਗ ਤੋਂ ਲੋਕਾਂ ਦੀਆਂ ਕੀਮਤੀ ਜਾਨਾਂ ਬਚਾਉਣ 'ਤੇ ਜ਼ੋਰ ਦਿੱਤਾ ਜਾ ਰਿਹਾ ਹੈ।ਉਨ੍ਹਾਂ ਕਿਹਾ ਕਿ ਮਾਸਕ ਪਹਿਨਣ ਨਾਲ ਲਾਗ ਦੇ ਖ਼ਤਰੇ ਨੂੰ ਘਟਾਇਆ ਜਾ ਸਕਦਾ ਹੈ । ਉਨ੍ਹਾਂ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਕਿ ਕੋਵਿਡ-19 ਮਹਾਂਮਾਰੀ ਨੂੰ ਫੈਲਣ ਤੋਂ ਰੋਕਣ ਲਈ ਮਾਸਕ ਜਰੂਰ ਪਾਇਆ ਜਾਵੇ।