ਸ਼ਹੀਦ ਸਲੀਮ ਖ਼ਾਨ ਨਮਿਤ ਖ਼ਤਮ ਸ਼ਰੀਫ਼ ਦੀ ਦੂਆ ਦੀ ਰਸਮ ਅਤੇ ਸ਼ਰਧਾਂਜਲੀ ਸਮਾਰੋਹ ਮੌਕੇ ਪੰਜਾਬ ਸਰਕਾਰ ਅਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਤਰਫ਼ੋਂ ਸ਼ਰਧਾਂਜਲੀ ਭੇਟ ਕਰਦਿਆਂ ਪੰਜਾਬ ਦੇ ਕੈਬਨਿਟ ਮੰਤਰੀ ਸ. ਸਾਧੂ ਸਿੰਘ ਧਰਮਸੋਤ ਨੇ ਕਿਹਾ ਕਿ ਪੰਜਾਬ ਸਰਕਾਰ ਸ਼ਹੀਦ ਦੀ ਯਾਦ ਨੂੰ ਸਦੀਵੀ ਬਣਾਉਣ ਲਈ ਹਰ ਸੰਭਵ ਉਪਰਾਲਾ ਕਰੇਗੀ।ਸ਼ਹੀਦ ਸਲੀਮ ਖ਼ਾਨ ਦੀ ਕੁਰਬਾਨੀ ਨੂੰ ਨਮਨ ਕਰਦਿਆਂ ਕੈਬਨਿਟ ਮੰਤਰੀ ਸ. ਧਰਮਸੋਤ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਖ਼ੁਦ ਫ਼ੌਜੀ ਪਿਛੋਕੜ ਦੇ ਹੋਣ ਕਰਕੇ ਫ਼ੌਜੀਆਂ ਦਾ ਦਰਦ ਸਮਝਦੇ ਹਨ, ਜਿਸ ਲਈ ਉਨ੍ਹਾਂ ਨੇ ਲੰਮੇ ਸਮੇਂ ਤੋਂ ਸ਼ਹੀਦਾਂ ਦੇ ਪਰਿਵਾਰਕ ਮੈਂਬਰਾਂ ਨੂੰ ਦਿੱਤੀ ਜਾਂਦੀ ਸਹਾਇਤਾ ਰਾਸ਼ੀ 12 ਲੱਖ ਨੂੰ ਵਧਾ ਕੇ 50 ਲੱਖ ਰੁਪਏ ਕੀਤਾ ਹੈ।ਸ. ਧਰਸਮੋਤ ਨੇ ਕਿਹਾ ਕਿ ਪੰਜਾਬ ਸਰਕਾਰ ਸਲੀਮ ਖ਼ਾਨ ਦੇ ਪਰਿਵਾਰ ਨੂੰ ਵੀ 50 ਲੱਖ ਰੁਪਏ ਅਤੇ ਇੱਕ ਯੋਗ ਜੀਅ ਨੂੰ ਨੌਕਰੀ ਦੇਵੇਗੀ। ਉਨ੍ਹਾਂ ਨਾਲ ਹੀ ਕਿਹਾ ਕਿ ਪੰਜਾਬ ਸਰਕਾਰ ਨੇ ਆਪਣਾ ਬਣਦਾ ਫ਼ਰਜ਼ ਨਿਭਾਇਆ ਹੈ ਹੁਣ ਕੇਂਦਰ ਸਰਕਾਰ 'ਚ ਭਾਈਵਾਲਾਂ ਨੂੰ ਵੀ ਚਾਹੀਦਾ ਹੈ ਕਿ ਉਹ ਆਪਣੀ ਕੇਂਦਰੀ ਸਰਕਾਰ 'ਤੇ ਦਬਾਅ ਬਣਾ ਕੇ ਸ਼ਹੀਦਾਂ ਲਈ ਕੁਝ ਵੱਡਾ ਕਰਕੇ ਦਿਖਾਉਣ।ਸ. ਧਰਮਸੋਤ ਨੇ ਕਿਹਾ ਕਿ ਸ਼ਹੀਦ ਦੀ ਸ਼ਹਾਦਤ ਦਾ ਕੋਈ ਮੁੱਲ ਨਹੀਂ ਮੋੜਿਆ ਜਾ ਸਕਦਾ ਪਰੰਤੂ ਫੇਰ ਵੀ ਪੰਜਾਬ ਸਰਕਾਰ ਨੇ ਪਿੰਡ ਮਰਦਾਂਹੇੜੀ ਦੇ ਸਰਕਾਰੀ ਐਲੀਮੈਂਟਰੀ ਸਕੂਲ ਨੂੰ ਅਪਗ੍ਰੇਡ ਕਰਕੇ ਇਸਦਾ ਨਾਮਕਰਨ ਸ਼ਹੀਦ ਸਲੀਮ ਖ਼ਾਨ ਦੇ ਨਾਮ 'ਤੇ ਕਰ ਦਿੱਤਾ ਹੈ ਅਤੇ ਇਸ ਤੋਂ ਬਿਨ੍ਹਾਂ ਜੋ-ਜੋ ਮੰਗਾਂ ਪਿੰਡ ਦੀ ਪੰਚਾਇਤ ਅਤੇ ਪਰਿਵਾਰ ਦੀ ਤਰਫ਼ੋਂ ਹਲਕਾ ਇੰਚਾਰਜ ਹਰਿੰਦਰਪਾਲ ਸਿੰਘ ਹੈਰੀਮਾਨ ਅਤੇ ਹਲਕਾ ਵਿਧਾਇਕ ਸ. ਹਰਿੰਦਰਪਾਲ ਸਿੰਘ ਚੰਦੂਮਾਜਰਾ ਨੇ ਰੱਖੀਆਂ ਸਨ, ਉਨ੍ਹਾਂ ਨੂੰ ਵੀ ਪਰਵਾਨ ਕੀਤਾ ਗਿਆ ਹੈ।ਸ. ਸਾਧੂ ਸਿੰਘ ਧਰਮਸੋਤ ਨੇ ਭਾਵੁਕਤਾ ਨਾਲ ਜੋਸ਼ੀਲੀ ਤਕਰੀਰ ਦਿੰਦਿਆਂ ਕਿਹਾ ਕਿ ਸਾਡੇ ਜਵਾਨਾਂ ਨੇ ਜਿੱਥੇ ਚੀਨ ਦੇ ਦੰਦ ਖੱਟੇ ਕੀਤੇ ਹਨ ਉਥੇ ਹੀ ਸ਼ਹੀਦਾਂ ਨੇ ਸੌੜੀ ਸੋਚ ਰੱਖਣ ਵਾਲੇ ਲੋਕਾਂ ਨੂੰ ਵੀ ਇਹ ਦਰਸਾ ਦਿੱਤਾ ਹੈ ਕਿ ਸਰਹੱਦਾਂ ਦੀ ਰਾਖੀ ਕਰਨ ਵਾਲਿਆਂ ਦਾ ਕੋਈ ਧਰਮ ਜਾਂ ਜਾਤ ਨਹੀਂ ਹੁੰਦੀ, ਸਗੋਂ ਉਹ ਕਿਸੇ ਧਰਮ, ਜਾਤ ਜਾਂ ਫਿਰਕੇ ਨਾਲੋਂ ਹਿੰਦੁਸਤਾਨੀ ਪਹਿਲਾਂ ਹੁੰਦੇ ਹਨ। ਉਨ੍ਹਾਂ ਕਿਹਾ ਕਿ ਸਲੀਮ ਖ਼ਾਨ ਨੇ ਵੱਡਾ ਨਾਮ ਕਮਾਇਆ ਹੈ ਅਤੇ ਇਸਦਾ ਨਾਮ ਦੇਸ਼ ਦੇ ਇਤਿਹਾਸ ਦੇ ਸੁਨਹਿਰੀ ਪੰਨਿਆਂ 'ਤੇ ਉਕਰਿਆ ਜਾਵੇਗਾ। ਸ. ਧਰਮਸੋਤ ਨੇ ਸਲੀਮ ਖ਼ਾਨ ਦੀ ਮਾਤਾ ਨਸੀਮਾ ਬੇਗਮ ਨੂੰ 50 ਲੱਖ ਰੁਪਏ ਦੀ ਪਹਿਲੀ ਕਿਸ਼ਤ ਵਜੋਂ 5 ਲੱਖ ਰੁਪਏ ਦਾ ਚੈਕ ਵੀ ਸੌਂਪਿਆ।ਇਸ ਮੌਕੇ ਲੋਕ ਸਭਾ ਮੈਂਬਰ ਸ੍ਰੀਮਤੀ ਪਰਨੀਤ ਕੌਰ ਦੀ ਤਰਫ਼ੋਂ ਸੰਬੋਧਨ ਕਰਦਿਆਂ ਹਲਕਾ ਇੰਚਾਰਜ ਸ. ਹਰਿੰਦਰਪਾਲ ਸਿੰਘ ਹੈਰੀਮਾਨ ਨੇ ਦੱਸਿਆ ਕਿ ਪੰਜਾਬ ਸਰਕਾਰ ਅਤੇ ਲੋਕ ਸਭਾ ਮੈਂਬਰ ਸ੍ਰੀਮਤੀ ਪਰਨੀਤ ਕੌਰ ਵੱਲੋਂ ਸ਼ਹੀਦ ਦੇ ਪਿੰਡ ਮਰਦਾਂਹੇੜੀ ਦੇ ਸਮੁੱਚੇ ਵਿਕਾਸ ਅਤੇ ਸ਼ਹੀਦ ਦੀ ਯਾਦ ਨੂੰ ਸਦੀਵੀ ਬਣਾਉਣ ਲਈ 2 ਕਰੋੜ 4 ਲੱਖ ਰੁਪਏ ਖ਼ਰਚੇ ਜਾਣਗੇ। ਉਨ੍ਹਾਂ ਵਿਸਥਾਰ 'ਚ ਦੱਸਿਆ ਕਿ ਸ਼ਹੀਦ ਦੇ ਨਾ 'ਤੇ ਯਾਦਗਾਰੀ ਗੇਟ, 1.47 ਕਰੋੜ ਰੁਪਏ ਦੀ ਲਾਗਤ ਨਾਲ ਚੀਕਾ ਤੋਂ ਮਰਦਾਹੇੜੀ, ਡਕਾਲਾ ਸੜਕ ਸਮੇਤ ਦੋ ਪਿੰਡ 'ਚ ਛੋਟੀਆਂ ਸੜਕਾਂ ਸ਼ਹੀਦ ਦੇ ਘਰ ਤੋਂ ਅਤੇ ਸਕੂਲ ਤੋਂ ਸੜਕ ਦੇ ਨਿਰਮਾਣ ਦਾ ਕੰਮ ਅੱਜ ਸ਼ੁਰੂ ਕੀਤਾ ਗਿਆ, ਕਬਰਿਸਤਾਨ 'ਚ ਸ਼ੈਡ, ਸਕੂਲ 'ਚ ਦੋ ਕਮਰੇ, ਖੇਡ ਸਟੇਡੀਅਮ, ਸਕੂਲ ਦੇ ਵਿਕਾਸ ਲਈ ਗ੍ਰਾਂਟ ਆਦਿ ਕੰਮ ਵੀ ਸ਼ਾਮਲ ਹਨ।ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦੀ ਤਰਫ਼ੋਂ ਸ਼ਰਧਾਂਜਲੀ ਦਿੰਦਿਆਂ ਸਾਬਕਾ ਐਮ.ਪੀ. ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਜਿੱਥੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਸ਼ਹੀਦ ਦੇ ਪਰਿਵਾਰ ਲਈ 50 ਲੱਖ ਰੁਪਏ ਤੇ ਇੱਕ ਨੌਕਰੀ ਦੇਣ ਲਈ ਧੰਨਵਾਦ ਕੀਤਾ ਉਥੇ ਉਨ੍ਹਾਂ ਨੇ ਕੇਂਦਰ ਸਰਕਾਰ ਦੇ ਖੇਲੋ ਇੰਡੀਆ ਪ੍ਰਾਜੈਕਟ ਤਹਿਤ ਸ਼ਹੀਦ ਦੇ ਨਾਮ 'ਤੇ ਪਿੰਡ 'ਚ ਇੱਕ ਸਪੋਰਟਸ ਕੰਪਲੈਕਸ ਬਣਵਾਉਣ ਦਾ ਭਰੋਸਾ ਵੀ ਦਿੱਤਾ।
ਜਦੋਂਕਿ ਹਲਕਾ ਸਮਾਣਾ ਦੇ ਵਿਧਾਇਕ ਸ. ਰਜਿੰਦਰ ਸਿੰਘ ਨੇ ਸੰਬੋਧਨ ਕਰਦਿਆਂ ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਸ੍ਰੀ ਲਾਲ ਸਿੰਘ ਦੀ ਤਰਫ਼ੋਂ ਦੁੱਖ ਦਾ ਪ੍ਰਗਟਾਵਾ ਕਰਦਿਆਂ ਭਰੋਸਾ ਦਿੱਤਾ ਕਿ ਮੰਡੀ ਬੋਰਡ ਵੱਲੋਂ ਸ਼ਹੀਦ ਦੀ ਯਾਦ 'ਚ ਜੋ ਵੀ ਸੰਭਵ ਹੋਇਆ ਉਹ ਕੀਤਾ ਜਾਵੇਗਾ।ਹਲਕਾ ਸਨੌਰ ਦੇ ਵਿਧਾਇਕ ਸ. ਹਰਿੰਦਰਪਾਲ ਸਿੰਘ ਚੰਦੂਮਾਜਰਾ ਨੇ ਕਿਹਾ ਕਿ ਉਹ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਧੰਨਵਾਦੀ ਹਨ, ਜਿਨ੍ਹਾਂ ਨੇ ਸ਼ਹੀਦ ਦੀ ਯਾਦ ਲਈ ਹਲਕੇ ਤੇ ਪਿੰਡ ਸਬੰਧੀਂ ਮੰਗਾਂ ਨੂੰ ਤੁਰੰਤ ਪ੍ਰਵਾਨ ਕਰ ਲਿਆ ਹੈ। ਉਨ੍ਹਾਂ ਨੇ ਲੋਕਾਂ ਨੂੰ ਦਵਾਈਆਂ ਤੇ ਹੋਰ ਵਸਤਾਂ ਮੁਹੱਈਆ ਕਰਵਾਉਣ ਲਈ ਸ਼ਹੀਦ ਦੀ ਯਾਦ 'ਚ ਗੁਰੂ ਨਾਨਕ ਮੋਦੀ ਖ਼ਾਨਾ ਖੋਲ੍ਹਣ ਦਾ ਵੀ ਐਲਾਨ ਕੀਤਾ। ਭਾਰਤੀ ਜਨਤਾ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਸ੍ਰੀ ਵਿਕਾਸ ਸ਼ਰਮਾ ਅਤੇ ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਸ੍ਰੀ ਚੇਤੰਨ ਸਿੰਘ ਜੌੜੇਮਾਜਰਾ ਨੇ ਵੀ ਸ਼ਰਧਾਂਜਲੀ ਅਰਪਿਤ ਕੀਤੀ।ਇਸ ਦੌਰਾਨ ਡੀ.ਆਈ. ਅਕੈਡਮੀ ਰਾਜਪੁਰਾ ਦੇ ਚੇਅਰਮੈਨ ਮੁਫ਼ਤੀ ਫ਼ੈਜਾਨ ਅਹਿਮਦ ਨੇ ਤਾਜੀਅਤ ਦੇ ਸ਼ਬਦਾਂ ਤੋਂ ਬਾਅਦ ਦੂਆ ਕਰਵਾਈ। ਖ਼ਤਮ ਸ਼ਰੀਫ਼ ਦੀ ਦੂਆ ਹਾਫ਼ਿਜ਼ੀ ਇਸਲਾਮ ਚੌਰਾ, ਮੌਲਾਨਾ ਇਕਰਾਮੂਦੀਨ ਮੁਜ਼ਾਹਰੀ, ਡੇਰਾ ਬਾਬਾ ਭੀਖਣ ਸ਼ਾਹ ਦੇ ਗੱਦੀਨਸ਼ੀਨ ਬਾਬਾ ਬੁੱਲੇਸ਼ਾਹ ਦੀ ਤਰਫ਼ੋਂ ਪੁੱਜੇ ਬਾਬਾ ਗਫ਼ੂਰ ਤੇ ਬਾਬਾ ਸਾਬਰ ਨੇ ਕਰਵਾਈ।ਇਸ ਮੌਕੇ ਸ਼ਹੀਦ ਦੇ ਮਾਤਾ ਨਸੀਮਾ ਬੇਗਮ, ਭੈਣ ਸੁਲਤਾਨਾ ਅਤੇ ਭਰਾ ਨਿਆਮਤ ਅਲੀ ਸਮੇਤ ਹੋਰ ਪਰਿਵਾਰਕ ਮੈਂਬਰ ਅਤੇ ਰਿਸ਼ਤੇਦਾਰ ਮੌਜੂਦ ਸਨ। ਲੋਕ ਸਭਾ ਮੈਂਬਰ ਸ੍ਰੀਮਤੀ ਪਰਨੀਤ ਕੌਰ ਦੀ ਤਰਫ਼ੋਂ ਸ਼ੋਕ ਸੁਨੇਹਾ ਉਨ੍ਹਾਂ ਦੇ ਨਿਜੀ ਸਕੱਤਰ ਸ੍ਰੀ ਬਲਵਿੰਦਰ ਸਿੰਘ ਲੈਕੇ ਪੁੱਜੇ, ਕੈਬਨਿਟ ਮੰਤਰੀ ਸ੍ਰੀ ਬ੍ਰਹਮ ਮਹਿੰਦਰਾ ਦੀ ਤਰਫ਼ੋਂ ਉਨ੍ਹਾਂ ਦੇ ਪੀ.ਏ. ਸ੍ਰੀ ਬਹਾਦਰ ਖ਼ਾਨ ਨੇ ਸ਼ੋਕ ਸੁਨੇਹਾ ਲਿਆਂਦਾ। ਫ਼ੌਜ ਦੀ 58 ਇੰਜੀਨੀਅਰ ਰੈਜੀਮੈਂਟ ਵੱਲੋਂ ਕੈਪਟਨ ਬਲਦੇਵ ਸਿੰਘ, ਸੂਬੇਦਾਰ ਪ੍ਰਸ਼ੋਤਮ ਸਿੰਘ ਤੇ ਪਰਗਟ ਸਿੰਘ ਵੀ ਸ਼ੋਕ ਸੁਨੇਹਾ ਲੈਕੇ ਪੁੱਜੇ। ਜਦੋਂ ਕਿ ਸਾਬਕਾ ਮੁੱਖ ਮੰਤਰੀ ਪਰਕਾਸ਼ ਸਿੰਘ ਬਾਦਲ, ਸ਼੍ਰੋਮਣੀ ਅਕਾਲੀ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ, ਭਾਜਪਾ ਦੇ ਸੂਬਾ ਪ੍ਰਧਾਨ ਸ੍ਰੀ ਅਸ਼ਵਨੀ ਸ਼ਰਮਾ ਵੱਲੋਂ ਵੀ ਸ਼ੋਕ ਸੁਨੇਹਾ ਭੇਜਿਆ ਗਿਆ।ਜਿਕਰਯੋਗ ਹੈ ਕਿ ਲਾਂਸ ਨਾਇਕ ਸਲੀਮ ਖ਼ਾਨ ਫ਼ੌਜ ਦੀ 58 ਇੰਜੀਨੀਅਰ ਰੈਜੀਮੈਂਟ ਵਿੱਚ ਭਾਰਤ-ਚੀਨ ਸਰਹੱਦ ਨੇੜੇ ਲਦਾਖ ਖੇਤਰ 'ਚ ਵਗਦੀ ਸ਼ਿਓਕ ਨਦੀ ਨੇੜੇ ਜੋਖ਼ਮ ਭਰੇ ਹਾਲਾਤ ਵਿਖੇ ਭਾਰਤੀ ਫ਼ੌਜ ਦੇ ਓਪਰੇਸ਼ਨ ਖੇਤਰ ਵਿੱਚ ਆਪਣੀ ਇੰਜੀਨੀਅਰਿੰਗ ਦੀ ਡਿਊਟੀ 'ਤੇ ਤਾਇਨਾਤ ਸੀ। ਇਸ ਦੌਰਾਨ ਉਹ 26 ਜੂਨ ਨੂੰ ਸ਼ਿਓਕ ਨਦੀ ਵਿੱਚ ਕਿਸ਼ਤੀ ਰਾਹੀਂ ਭਾਰਤੀ ਫ਼ੌਜ ਦੇ ਓਪਰੇਸ਼ਨ ਸਬੰਧੀਂ ਬਚਾਅ ਕਾਰਜਾਂ ਲਈ ਰੱਸੇ ਲਗਾਉਣ ਦੀ ਡਿਊਟੀ ਨਿਭਾਉਂਦੇ ਹੋਏ ਅਚਾਨਕ ਵਾਪਰੇ ਹਾਦਸੇ 'ਚ ਸ਼ਹਾਦਤ ਦਾ ਜਾਮ ਪੀ ਗਿਆ ਸੀ।ਇਸ ਦੌਰਾਨ ਚੇਅਰਮੈਨ ਸ੍ਰੀ ਅਸ਼ਵਨੀ ਬੱਤਾ, ਚੇਅਰਮੈਨ ਸ੍ਰੀ ਮਦਨਜੀਤ ਡਕਾਲਾ, ਸ. ਜੋਗਿੰਦਰ ਸਿੰਘ ਕਾਕੜਾ, ਐਸ.ਡੀ.ਐਮ. ਸ. ਚਰਨਜੀਤ ਸਿੰਘ, ਵਾਈਸ ਚੇਅਰਮੈਨ ਅਮਨ ਰਣਜੀਤ ਸਿੰਘ ਗਰੇਵਾਲ, ਪੰਜਾਬ ਮਹਿਲਾ ਕਮਿਸ਼ਨ ਦੇ ਸੀਨੀਅਰ ਵਾਈਸ ਚੇਅਰਪਰਸਨ ਸ੍ਰੀਮਤੀ ਬਿਮਲਾ ਸ਼ਰਮਾ, ਗੁਰਬੰਸ ਸਿੰਘ ਪੂਨੀਆ, ਸਾਬਕਾ ਚੇਅਰਮੈਨ ਸ. ਤੇਜਿੰਦਰਪਾਲ ਸਿੰਘ ਸੰਧੂ, ਜ਼ਿਲ੍ਹਾ ਪ੍ਰੀਸ਼ਦ ਮੈਂਂਬਰ ਬੂਟਾ ਸਿੰਘ, ਮਨਿੰਦਰ ਸਿੰਘ ਫਰਾਂਸਵਾਲਾ, ਬਲਾਕ ਸੰਮਤੀ ਮੈਂਬਰ ਨਵਜੋਤ ਸਿੰਘ, ਵਕਫ਼ ਬੋਰਡ ਮੈਂਬਰ ਸਿਤਾਰ ਮੁਹੰਮਦ, ਬਲਵਿੰਦਰ ਸਿੰਘ ਕਰਤਾਰਪੁਰ, ਰਣਧੀਰ ਸਿੰਘ ਖੱਖੇਪੁਰ, ਸੁਰਿੰਦਰ ਸਿੰਘ ਡਕਾਲਾ, ਮੁਹੰਮਦ ਸਲੀਮ, ਬੀਜੇਪੀ ਸਾਬਕਾ ਜ਼ਿਲ੍ਹਾ ਪ੍ਰਧਾਨ ਰਮੇਸ਼ਵਰ ਸ਼ਰਮਾ, ਬਸਪਾ ਦੇ ਜਨਰਲ ਸਕੱਤਰ ਜੋਗਾ ਸਿੰਘ ਪਨੌਦੀਆਂ, ਪੀ.ਆਰ.ਟੀ.ਸੀ. ਦੇ ਸਾਬਕਾ ਡਾਇਰੈਕਟਰ ਸੁਖਦਰਸ਼ਨ ਸਿੰਘ ਮਿਹੌਣ, ਲੇਬਰ ਵੈਲਫੇਅਰ ਬੋਰਡ ਦੇ ਮੈਂਬਰ ਸੁਸ਼ੀਲ ਸ਼ਰਮਾ, ਡੀ.ਐਸ.ਪੀ. ਦਿਹਾਤੀ ਸ. ਅਜੈਪਾਲ ਸਿੰਘ, ਬੀਡੀਪੀਓ ਸ੍ਰੀ ਵਿਨੀਤ ਕੁਮਾਰ, ਜੀਓਜੀ ਜ਼ਿਲ੍ਹਾ ਮੁਖੀ ਬ੍ਰਿਗੇਡੀਅਰ ਡੀ.ਐਸ. ਗਰੇਵਾਲ ਦੀ ਤਰਫ਼ੋਂ ਆਨਰੇਰੀ ਕੈਪਟਨ ਰੱਤੀ ਸ਼ਰਮਾ ਤੇ ਸੂਬੇਦਾਰ ਭੁਪਿੰਦਰ ਸਿੰਘ, ਐਸ.ਜੀ.ਪੀ.ਸੀ. ਮੈਂਬਰ ਜਥੇਦਾਰ ਜਰਨੈਲ ਸਿੰਘ ਕਰਤਾਰਪੁਰ, ਜਗਜੀਤ ਸਿੰਘ ਕੋਹਲੀ, ਆਪ ਆਗੂ, ਇੰਦਰਜੀਤ ਸਿੰਘ ਸੰਧੂ, ਸਰਪੰਚ ਜਗਦੀਪ ਸਿੰਘ ਮਰਦਾਂਹੇੜੀ, ਬੱਬੀ ਗੋਇਲ, ਧਨਵੰਤ ਸਿੰਘ ਜਿੰਮੀ ਡਕਾਲਾ, ਸਾਬਕਾ ਸਰਪੰਚ ਮਹਿੰਦਰ ਸਿੰਘ, ਰਮੇਸ਼ ਗੋਇਲ ਡਕਾਲਾ, ਸ਼ਗਨ ਵੈਲਫੇਅਰ ਸੁਸਾਇਟੀ ਬਠੋਈ ਤੋਂ ਜਤਿੰਦਰ ਸਿੰਘ, ਜ਼ਿਲ੍ਹਾ ਸੈਨਿਕ ਭਲਾਈ ਅਫ਼ਸਰ ਕਰਨਲ ਐਮ.ਐਸ. ਰੰਧਾਵਾ, ਵੱਡੀ ਗਿਣਤੀ ਸਾਬਕਾ ਫ਼ੌਜੀ, ਇਲਾਕੇ ਦੇ ਪੰਚ, ਸਰਪੰਚ, ਹੋਰ ਪਤਵੰਤੇ ਅਤੇ ਪਰਿਵਾਰਕ ਮੈਂਬਰ ਵੀ ਮੌਜੂਦ ਸਨ।