ਪੰਜਾਬ ਕਾਂਗਰਸ ਵੱਲੋ ਤੇਲ ਕੀਮਤਾਂ ਵਿੱਚ ਵਾਧੇ ਖਿਲਾਫ ਪ੍ਰਦਰਸ਼ਨਾਂ ਦੀ ਲੜੀ ਤਹਿਤ ਅੱਜ ਇੱਥੇ ਯੂਥ ਕਾਂਗਰਸ ਦੇ ਜਿਲ੍ਹਾ ਪ੍ਰਧਾਨ ਐਡਵੋਕੇਟ ਕੰਵਰਬੀਰ ਸਿੰਘ ਸਿੱਧੂ ਦੀ ਅਗਵਾਈ ਹੇਠ ਜ਼ਬਰਦਸਤ ਰੋਸ ਪ੍ਰਦਰਸ਼ਨ ਕੀਤਾ, ਜਿਸ ਦੌਰਾਨ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਖਿਲਾਫ ਜ਼ਬਰਦਸਤ ਨਾਅਰੇਬਾਜ਼ੀ ਕੀਤੀ ਗਈ ਅਤੇ ਜਿਲ੍ਹਾ ਪ੍ਰਸ਼ਾਸਨ ਨੂੰ ਮੈਮੋਰੰਡਮ ਸੌਪਿਆ ਗਿਆ ।ਇੱਥੇ ਜਿਲ੍ਹਾ ਪ੍ਰਬੰਧਕੀ ਕੰਪਲੈਕਸ ਸੈਕਟਰ ੭੬ ਮੂਹਰੇ ਦੋ ਘੰਟੇ ਤੱਕ ਚੱਲੇ ਇਸ ਧਰਨੇ ਨੂੰ ਸੰਬੋਧਨ ਕਰਦਿਆਂ ਐਡਵੋਕੇਟ ਕੰਵਰਬੀਰ ਸਿੰਘ ਸਿੱਧੂ ਨੇ ਕਿਹਾ ਕਿ ਕੇਂਦਰ ਸਰਕਾਰ ਲਗਾਤਾਰ ਤੇਲ ਕੀਮਤਾਂ ਵਿੱਚ ਵਾਧਾ ਕਰ ਰਹੀ ਹੈ, ਜਦੋਂ ਕਿ ਕੌਮਾਂਤਰੀ ਪੱਧਰ ਉੱਤੇ ਕੱਚੇ ਤੇਲ ਦੀਆਂ ਕੀਮਤਾਂ ਵਿੱਚ ਗਿਰਾਵਟ ਆ ਰਹੀ ਹੈ । ਇਸ ਦੇ ਬਾਵਜੂਦ ਤੇਲ ਕੀਮਤਾਂ ਵਿੱਚ ਗੈਰ ਸੰਗਤ ਤਰੀਕੇ ਨਾਲ ਵਾਧਾ ਕਰ ਰਿਹਾ ਹੈ, ਜੋ ਲਾਕਡਾਊਨ ਕਾਰਨ ਪਹਿਲਾਂ ਹੀ ਮੁਸ਼ਕਲਾਂ ਨਾਲ ਜੂਝ ਰਹੇ ਲੋਕਾਂ ਉੱਤੇ ਦੂਹਰੀ ਮਾਰ ਹੈ ।ਯੂਥ ਕਾਂਗਰਸ ਆਗੂ ਨੇ ਕਿਹਾ ਕਿ ਤੇਲ ਕੀਮਤਾਂ ਵਿੱਚ ਵਾਧੇ ਦੇ ਅਸਰ ਬਹੁ ਪਸਾਰੀ ਹੋਣਗੇ । ਇਸ ਨਾਲ ਜਿੱਥੇ ਜਨਤਕ ਟਰਾਂਸਪੋਰਟ ਮਹਿੰਗੀ ਹੋਵੇਗੀ, ਉਥੇ ਮਾਲ ਦੀ ਢੋਆ ਢੁਆਈ ਮਹਿੰਗੀ ਹੋਣ ਨਾਲ ਮਹਿੰਗਾਈ ਵਧੇਗੀ, ਜੋ ਲੋਕਾਂ ਉੱਤੇ ਕੋਰੋਨਾ ਤੋ ਵੀ ਵੱਡੀ ਮਾਰ ਹੋਵੇਗੀ । ਉਨ੍ਹਾਂ ਕਿਹਾ ਕਿ ਤੇਲ ਕੀਮਤਾਂ ਵਿੱਚ ਵਾਧੇ ਨਾਲ ਇਕੱਲੇ ਪੰਜਾਬ ਦੇ ਕਿਸਾਨਾਂ ਉੱਤੇ ੧੩੦੦ ਕਰੋੜ ਰੁਪਏ ਦਾ ਬੋਝ ਪਵੇਗਾ ਕਿਉਂਕਿ ਉਨ੍ਹਾਂ ਦੀ ਲਾਗਤ ਵਧੇਗੀ। ਉਨ੍ਹਾਂ ਕਿਹਾ ਕਿ ਇਕ ਪਾਸੇ ਕੈਪਟਨ ਅਮਿਰੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਬਿਜਲੀ ਦੀਆਂ ਕੀਮਤਾਂ ਘਟਾ ਕੇ ਮੁਸ਼ਕਲਾਂ ਨਾਲ ਜੂਝ ਰਹੇ ਲੋਕਾਂ ਨੂੰ ਰਾਹਤ ਦੇਣ ਦਾ ਯਤਨ ਕਰ ਰਹੀ ਹੈ, ਜਦੋਂ ਕਿ ਕੇਂਦਰ ਸਰਕਾਰ ਕੀਤਮਾਂ ਵਧਾ ਕੇ ਲੋਕਾਂ ਦਾ ਦੀਵਾਲਾ ਕੱਢਣ ਉਤੇ ਤੁਲੀ ਹੋਈ ਹੈ। ਐਡਵੋਕੇਟ ਕੰਵਰਬੀਰ ਸਿੰਘ ਸਿੱਧੂ ਨੇ ਕਿਹਾ ਕਿ ਜੋ ਤੇਲ ਕੀਤਮਾਂ ਵਿੱਚ ਕੀਤੇ ਵਾਧੇ ਨੂੰ ਵਾਪਸ ਨਾ ਲਿਆ ਗਿਆ ਤਾਂ ਯੂਥ ਕਾਂਗਰਸ ਇਸ ਖਿਲਾਫ ਦੇਸ਼ ਵਿਆਪੀ ਅੰਦੋਲਨ ਵਿੱਢੇਗੀ ਅਤੇ ਭਾਜਪਾ ਸਰਕਾਰ ਨੂੰ ਆਪਣਾ ਫੈਸਲਾ ਵਾਪਸ ਲੈਣ ਲਈ ਮਜਬੂਰ ਕਰ ਦੇਵੇਗੀ । ਨਰਿੰਦਰ ਮੋਦੀ ਸਰਕਾਰ ਨੂੰ ਕਾਰਪੋਰੇਟ ਘਰਾਣਾਂ ਦੀ ਸਰਕਾਰ ਗਰਦਾਨਦਿਆਂ ਉਨ੍ਹਾਂ ਕਿਹਾ ਕਿ ਆਮ ਆਦਮੀ ਦੀ ਸਰਕਾਰ ਹੋਣ ਦੇ ਨਾਅਰੇ ਨਾਲ ਸੱਤਾ ਵਿੱਚ ਆਈ ਇਹ ਸਰਕਾਰ ਹੁਣ ਸਿਰਫ ਸਰਮਾਏਦਾਰਾਂ ਦੇ ਪੱਖ ਵਿੱਚ ਭੁਗਤਣ ਵਾਲਾ ਇੱਕ ਸੰਦ ਬਣ ਕੇ ਰਹਿ ਗਈ ਹੈ, ਜਿਸ ਤੋ ਆਮ ਆਦਮੀ ਨੂੰ ਰਾਹਤ ਦੀ ਕੋਈ ਉਮੀਦ ਨਹੀਂ ਰੱਖਣੀ ਚਾਹੀਦੀ । ਇਸ ਧਰਨੇ ਦੌਰਾਨ ਤਹਿਸੀਲਦਾਰ ਰਵਿੰਦਰ ਬਾਂਸਲ ਨੇ ਪ੍ਰਦਰਸ਼ਨਕਾਰੀਆਂ ਤੋਂ ਮੰਗ ਪੱਤਰ ਲਿਆ । ਇਸ ਮੌਕੇ ਲਾਡੀ ਚੱਕਲ, ਰਾਜਵੀਰ ਰਾਜੀ, ਜਯੰਤ ਪੂੰਜ, ਰਜਤ ਕੌਸ਼ਲ, ਰਾਹੁਲ ਕਾਲੀਆ, ਨਵਜੋਤ ਸਿੰਘ, ਜੌਨੀ ਗੁਡਾਣਾ, ਅਨਮੋਲ ਰਤਨ ਸਿੰਘ, ਮਨਵਾਰ ਇਕਬਾਲ, ਰਮਨਦੀਪ, ਗੁਰਿੰਦਰ ਖੱਟੜਾ, ਜੱਸੀ ਬੱਲੋਮਾਜਰਾ, ਸੰਨੀ ਕੰਡਾ, ਲੱਕੀ ਬਹਿਲੋਲਪੁਰ, ਕਰਨਬੀਰ ਗਿੱਲ ਅਤੇ ਧਨਵੰਤ ਜਿੰਮੀ, ਸੈਕਟਰੀ ਪੰਜਾਬ ਹਾਜ਼ਰ ਸਨ ।