ਸਿਵਲ ਸਰਜਨ ਡਾ. ਨਵਦੀਪ ਸਿੰਘ ਦੀ ਅਗਵਾਈ ਹੇਠ ਸਿਹਤ ਵਿਭਾਗ ਫਿਰੋਜ਼ਪੁਰ ਕਰੋਨਾ ਵਾਇਰਸ ਬਿਮਾਰੀ ਨੂੰ ਕਾਬੂ ਹੇਠ ਰੱਖਣ ਵਿੱਚ ਨਿਰੰਤਰ ਗਤੀਸ਼ੀਲ ਹੈ, ਉੱਥੇ ਹੀ ਅਨੇਕਾਂ ਹੋਰ ਤਰ੍ਹਾਂ ਦੇ ਸਿਹਤ ਪ੍ਰੋਗਰਾਮਾਂ ਨੂੰ ਲਾਗੂ ਕਰਨ ਵਿੱਚ ਵੀ ਪੂਰੀ ਸ਼ਕਤੀ ਨਾਲ ਕੰਮ ਕਰ ਰਿਹਾ ਹੈ। ਖ਼ੁਦ ਇੱਕ ਜੱਚਾ ਬੱਚਾ ਰੋਗ ਮਾਹਿਰ ਹੋਣ ਦੇ ਨਾਤੇ ਜ਼ਿਲ੍ਹੇ ਦੇ ਸਿਵਲ ਸਰਜਨ ਜੱਚਾ ਬੱਚਾ ਸਿਹਤ ਪ੍ਰੋਗਰਾਮ ਵਿੱਚ ਵਿਸ਼ੇਸ਼ ਦਿਲਚਸਪੀ ਲੈ ਰਹੇ ਹਨ ਅਤੇ ਸਮੁੱਚੇ ਪ੍ਰੋਗਰਾਮ ਦੀ ਅੱਗੇ ਹੋ ਕੇ ਅਗਵਾਈ ਕਰ ਰਹੇ ਹਨ। ਇਸ ਤੋਂ ਇਲਾਵਾ ਸਿਵਲ ਸਰਜਨ ਵੱਲੋਂ ਜ਼ਿਲ੍ਹੇ ਅੰਦਰ ਬਿਹਤਰੀਨ ਜੱਚਾ ਬੱਚਾ ਸਿਹਤ ਸੇਵਾਵਾਂ ਉਪਲਬਧ ਕਰਵਾਉਣ ਅਤੇ ਹਾਈ ਰਿਸਕ ਜਨੇਪਿਆਂ ਦੀ ਅਗਾਓ ਸ਼ਨਾਖ਼ਤ ਲਈ ਲਗਾਤਾਰ ਸਟਾਫ਼ ਨਾਲ ਰੀਵਿਊ ਮੀਟਿੰਗਾਂ ਕਰਕੇ ਜ਼ਿਲ੍ਹੇ ਅੰਦਰ ਮਾਤਰੀ ਮਿਰਤੂ ਦਰ ਨੂੰ ਘੱਟ ਕਰਨ ਲਈ ਲਗਾਤਾਰ ਯਤਨਸ਼ੀਲ ਕਰ ਰਹੇ ਹਨ।ਸਿਵਲ ਸਰਜਨ ਡਾ. ਨਵਦੀਪ ਸਿੰਘ ਦੀ ਇੱਕ ਤਾਜਾਂ ਮਿਸਾਲ ਪਿਛਲੇ ਦਿਨੀਂ ਦੇਖਣ ਨੂੰ ਮਿਲੀ ਜਦੋਂ ਜ਼ਿਲ੍ਹੇ ਦੇ ਪਿੰਡ ਰੋਹਿਲਾ ਹਾਜੀ ਉਤਾੜ ਦੀ ਗੁਰਮੀਤ ਕੌਰ ਬਹੁਤ ਹੀ ਉੱਚ ਜੋਖ਼ਮ ਵਾਲੀ ਅਵਸਥਾ ਵਿੱਚ ਰਾਤ ਦੇ ਸਮੇਂ ਜ਼ਿਲ੍ਹਾ ਹਸਪਤਾਲ ਵਿਖੇ ਪਹੁੰਚੀ ਜਿਸ ਦਾ ਇਹ ਤੀਜਾ ਬੱਚਾ ਸੀ ਅਤੇ ਪਹਿਲਾ ਵੱਡੇ ਆਪ੍ਰੇਸ਼ਨ ਨਾਲ ਬੱਚਾ ਹੋਣ ਦੀ ਹਿਸਟਰੀ ਸੀ, ਬਹੁਤ ਹੀ ਤਰਸਯੋਗ ਹਾਲਤ ਵਿੱਚ ਸਿਵਲ ਹਸਪਤਾਲ ਫਿਰੋਜ਼ਪੁਰ ਵਿਖੇ ਪਹੁੰਚੀ ਜਿਸ ਦੀ ਬੱਚੇਦਾਨੀ ਫਟਣ ਨਾਲ ਅਤੇ ਬਹੁਤ ਜ਼ਿਆਦਾ ਖ਼ੂਨ ਵਹਿ ਜਾਣ ਕਾਰਨ ਔਰਤ ਸਦਮੇ ਦੀ ਹਾਲਤ ਵਿੱਚ ਪਹੁੰਚ ਚੁੱਕੀ ਸੀ। ਸਿਵਲ ਸਰਜਨ ਡਾ. ਨਵਦੀਪ ਨੇ ਡਾ. ਰਿਚਾ, ਡਾ. ਵਿਸ਼ਾਲ ਬਜਾਜ ਅਤੇ ਅਪਰੇਸ਼ਨ ਥੀਏਟਰ ਸਟਾਫ਼ ਦੇ ਸਹਿਯੋਗ ਨਾਲ ਆਪ੍ਰੇਸ਼ਨ ਕਰਕੇ ਔਰਤ ਦੀ ਜਾਣ ਬਚਾਈ। ਹੁਣ ਇਹ ਔਰਤ ਸਿਹਤਯਾਬ ਹੈ ਅਤੇ ਹਸਪਤਾਲ ਵਿੱਚ ਜ਼ੀਰੇ ਇਲਾਜ ਅਧੀਨ ਹੈ।ਇਸ ਔਰਤ ਦੀ ਸਿਹਤ ਸਬੰਧੀ ਮੁਆਇਨਾ ਕਰਨ ਮੌਕੇ ਸਿਵਲ ਸਰਜਨ ਡਾ. ਨਵਦੀਪ ਸਿੰਘ ਨੇ ਕਿਹਾ ਕਿ ਉਨ੍ਹਾਂ ਵੱਲੋਂ ਔਰਤਾਂ ਦੇ ਰੋਗਾਂ ਨਾਲ ਸਬੰਧਿਤ ਹਰ ਤਰ੍ਹਾਂ ਦੇ ਵੱਡੇ ਆਪ੍ਰੇਸ਼ਨ ਜ਼ਿਲ੍ਹਾ ਹਸਪਤਾਲ ਵਿਖੇ ਮੁਫ਼ਤ ਕੀਤੇ ਜਾਂਦੇ ਹਨ। ਉਨ੍ਹਾਂ ਅੱਗੇ ਦੱਸਿਆ ਕਿ ਸਰਕਾਰੀ ਹਸਪਤਾਲਾਂ ਵਿੱਚ ਹਰ ਪ੍ਰਕਾਰ ਦੀਆਂ ਜੱਚਾ ਬੱਚਾ ਸਿਹਤ ਸੇਵਾਵਾਂ ਮੁਫ਼ਤ ਉਪਲਬਧ ਹਨ ਅਤੇ ਲੋਕਾਂ ਨੂੰ ਵੱਧ ਤੋਂ ਵੱਧ ਇਹਨਾਂ ਤੋਂ ਲਾਭ ਉਠਾਉਣਾ ਚਾਹੀਦਾ ਹੈ। ਉਨ੍ਹਾਂ ਅੱਗੇ ਖ਼ੁਲਾਸਾ ਕੀਤਾ ਕਿ ਉਨ੍ਹਾਂ ਵੱਲੋਂ ਭਵਿੱਖ ਵਿੱਚ ਵੀ ਅਜਿਹੀਆਂ ਸਿਹਤ ਸੇਵਾਵਾਂ ਮੁਹੱਈਆ ਕਰਵਾਈਆਂ ਜਾਣੀਆਂ ਜਾਰੀ ਰਹਿਣਗੀਆਂ। ਇਸ ਮੌਕੇ ਜ਼ਿਲ੍ਹਾ ਹਸਪਤਾਲ ਦੇ ਐੱਸ.ਐੱਮ.ਓ ਡਾ. ਅਵਿਨਾਸ਼ ਜਿੰਦਲ ਅਤੇ ਸ਼੍ਰੀ ਵਿਕਾਸ ਕਾਲੜਾ ਵੀ ਹਾਜ਼ਰ ਸਨ।