ਅੱਜ ਟ੍ਰੈਫਿਕ ਪੁਲਿਸ ਕਪੂਰਥਲਾ ਦੇ ਜਵਾਨਾਂ ਨੂੰ ਕੋਰੋਨਾ ਵਾਇਰਸ ਮਹਾਂਮਾਰੀ ਦੌਰਾਨ ਵਧੀਆ ਡਿਉੂਟੀ ਕਰਨ ਲਈ ਪ੍ਰਜਾਪਿਤਾ ਬ੍ਰਹਮਾ ਕੁਮਾਰੀ ਈਸ਼ਵਰੀ ਵਿਸ਼ਵ ਵਿਦਿਆਲਿਆ ਕਪੂਰਥਲਾ ਵੱਲੋਂ ਸਨਮਾਨਿਤ ਕੀਤਾ। ਇਸ ਮੌਕੇ ਬ੍ਰਹਮਾ ਕੁਮਾਰੀ ਭੈਣ ਲਕਸ਼ਮੀ ਨੇ ਕਿਹਾ ਕਿ ਪੂਰੀ ਦੁਨੀਆ ਵਿਚ ਕੋਰੋਨਾ ਵਾਇਰਸ ਮਹਾਂਮਾਰੀ ਨੇ ਆਪਣਾ ਭਿਆਨਕ ਰੂਪ ਧਾਰਨ ਕੀਤਾ ਹੋਇਆ ਹੈ। ਇਸ ਦੌਰਾਨ ਪੁਲਿਸ ਦੇ ਜਵਾਨਾਂ ਨੇ ਹਿੰਮਤ ਅਤੇ ਹੌਸਲੇ ਨਾਲ ਆਪਣੀ ਜਾਨ ਜੋਖਿਮ ਵਿਚ ਪਾ ਕੇ ਆਮ ਜਨਤਾ ਦੀ ਸੇਵਾ ਕੀਤੀ ਹੈ। ਉਨਾਂ ਕਿਹਾ ਕਿ ਆਪਣੀ ਡਿਉੂਟੀ ਤੋਂ ਇਲਾਵਾ ਇਨਾਂ ਵੱਲੋਂ ਬਹੁਤ ਸਾਰੇ ਲੋੜਵੰਦਾਂ ਤੱਕ ਰੋਜ਼ਾਨਾ ਵਰਤੋਂ ਦੀਆਂ ਵਸਤਾਂ, ਜਿਵੇਂ ਕਿ ਭੋਜਨ, ਦਵਾਈਆਂ ਆਦਿ ਪਹੁੰਚਾਈਆਂ ਗਈਆਂ, ਜੋ ਕਿ ਬਹੁਤ ਹੀ ਸ਼ਲਾਘਾਯੋਗ ਉਪਰਾਲਾ ਹੈ। ਉਨਾਂ ਅੱਗੇ ਕਿਹਾ ਕਿ ਸਮਾਜ ਨੂੰ ਵੀ ਪੁਲਿਸ ਦੀ ਸਹਾਇਤਾ ਵਾਸਤੇ ਹਰ ਸਮੇਂ ਅੱਗੇ ਆਉਣਾ ਚਾਹੀਦਾ ਹੈ, ਤਾਂ ਕਿ ਪੁਲਿਸ ਦੀ ਹੌਸਲਾ ਅਫ਼ਜ਼ਾਈ ਹੋ ਸਕੇ। ਉਨਾਂ ਆਸ ਪ੍ਰਗਟ ਕੀਤੀ ਕਿ ਭਵਿੱਖ ਵਿਚ ਵੀ ਪੁਲਿਸ ਕਰਮੀ ਲੋਕਾਂ ਦੀ ਇਸੇ ਤਰਾਂ ਸੇਵਾ ਕਰਕੇ ਹੋਰਨਾਂ ਲਈ ਪ੍ਰੇਰਣਾ ਸਰੋਤ ਬਣੇ ਰਹਿਣਗੇ। ਇਸ ਮੌਕੇ ਟ੍ਰੈਫਿਕ ਐਜੂਕੇ।ਸ਼ਨ ਸੈੱਲ ਦੇ ਇੰਚਾਰਜ ਸ੍ਰੀ ਗੁਰਬਚਨ ਸਿੰਘ ਬੰਗੜ ਨੇ ਪ੍ਰਜਾਪਿਤਾ ਬ੍ਰਹਮਾ ਕੁਮਾਰੀ ਈਸ਼ਵਰੀ ਵਿਸ਼ਵ ਵਿਦਿਆਲਿਆ ਤੋਂ ਆਏ ਭੈਣ ਲਕਸ਼ਮੀ, ਰਾਧੇ ਭੈਣ, ਸ੍ਰੀ ਸ਼ਕਤੀ ਸਰੂਪ ਅਤੇ ਅਜੇ ਕੁਮਾਰ ਦਾ ਧੰਨਵਾਦ ਕੀਤਾ। ਇਸ ਮੌਕੇ ਟ੍ਰੈਫਿਕ ਇੰਚਾਰਜ ਇੰਸ. ਦੀਪਕ ਸ਼ਰਮਾ, ਟ੍ਰੈਫਿਕ ਐਜੂਕੇਸ਼ਨ ਸੈੱਲ ਦੇ ਇੰਚਾਰਜ ਸ੍ਰੀ ਗੁਰਬਚਨ ਸਿੰਘ ਬੰਗੜ, ਏ. ਐਸ. ਆਈ ਸ੍ਰੀ ਸੁਰਿੰਦਰ ਪਾਲ, ਸ੍ਰੀ ਸੁਰਜੀਤ ਸਿੰਘ, ਸ੍ਰੀ ਮਲਕੀਤ ਸਿੰਘ, ਸ੍ਰੀ ਬਲਵਿੰਦਰ ਸਿੰਘ ਤੇ ਸ੍ਰੀ ਜੋਗਿੰਦਰ ਸਿੰਘ ਹਾਜ਼ਰ ਸਨ।