ਨੋਵਲ ਕੋਰੋਨਾ ਵਾਇਰਸ (ਕੋਵਿਡ-19) ਦੌਰਾਨ ਜ਼ਿਲ੍ਹਾ ਵਾਸੀਆਂ ਨੂੰ ਇਸ ਵਾਇਰਸ ਤੋਂ ਬਚਾਈ ਰੱਖਣ ਲਈ ਜ਼ਿਲ੍ਹਾ ਪੁਲਿਸ ਪ੍ਰਸ਼ਾਸਨ ਵੱਲੋਂ ਸਮੇਂ-ਸਮੇਂ 'ਤੇ ਨਿਵੇਕਲੀਆਂ ਗਤੀਵਿਧੀਆਂ ਰਾਹੀਂ ਆਮ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ, ਇਸੇ ਲੜੀ ਤਹਿਤ ਲੋਕਡਾਊਨ-4 ਦੌਰਾਨ ਕੋਵਿਡ-19 ਦੇ ਫੈਲਾਓ ਤੋਂ ਲੋਕਾਂ ਨੂੰ ਸੁਚੇਤ ਕਰਨ ਲਈ ਅੱਜ 4 ਨੁਕਤਿਆਂ ਵਾਲੀ ਇੱਕ ਜਨਤਕ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ ਹੈ।ਇਸ ਸਬੰਧੀ ਜਾਣਕਾਰੀ ਦਿੰਦਿਆਂ ਐਸ.ਐਸ.ਪੀ. ਮਾਨਸਾ ਡਾ. ਨਰਿੰਦਰ ਭਾਰਗਵ ਨੇ ਦੱਸਿਆ ਕਿ ਪੰਜਾਬ ਵਿੱਚ ਕਰਫਿਊ ਖਤਮ ਕਰਨ ਉਪਰੰਤ ਕੋਰੋਨਾ ਵਾਇਰਸ ਦੇ ਫੈਲਾਓ ਨੂੰ ਰੋਕਣ ਦੇ ਮੱਦੇ-ਨਜ਼ਰ ਲੌਕਡਾਊਨ-4 ਲਾਗੂ ਕੀਤਾ ਗਿਆ ਹੈ। ਇਸ ਲੌਕਡਾਊਨ-4 ਦੇ ਸਮੇਂ ਦੌਰਾਨ ਆਮ ਲੋਕਾਂ ਵੱਲੋਂ ਕਰੋਨਾ ਵਾਇਰਸ ਤੋਂ ਬਚਾਓ ਲਈ ਵਰਤੀਆਂ ਜਾਣ ਵਾਲੀਆਂ ਸਾਵਧਾਨੀਆਂ ਦੀ ਸਖਤੀ ਨਾਲ ਪਾਲਣਾ ਕੀਤੀ ਜਾਣੀ ਚਾਹੀਦੀ ਹੈ। ਇਸ ਨੂੰ ਮੁੱਖ ਰਖਦੇ ਹੋਏ ਜਿਲ੍ਹਾ ਪੁਲਿਸ ਮਾਨਸਾ ਵੱਲੋਂ ਲੋਕਾਂ ਨੂੰ ਕੋਵਿਡ-19 ਦੇ ਫੈਲਾਉ ਤੋਂ ਸੁਚੇਤ ਕਰਨ ਲਈ ਅੱਜ ਇੱਕ ਜਨਤਕ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ ਹੈ।ਡਾ. ਨਰਿੰਦਰ ਭਾਰਗਵ ਨੇ ਦੱਸਿਆ ਕਿ ਭਾਵੇਂ ਜਨ-ਹਿੱਤ ਨੂੰ ਮੁੱਖ ਰਖਦੇ ਹੋਏ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਵੱਲੋਂ ਪੰਜਾਬ ਵਿਚੋਂ ਕਰਫਿਊ ਹਟਾ ਦਿੱਤਾ ਗਿਆ ਹੈ ਪਰ ਕੋਵਿਡ-19 ਦੇ ਸੰਭਾਵੀ ਖਤਰੇ ਨੂੰ ਮੁੱਖ ਰੱਖਦੇ ਹੋਏ 31 ਮਈ ਤੱਕ ਰਾਜ ਵਿੱਚ ਲੋਕਡਾਊਨ-4 ਲਾਗੂ ਕਰ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਕੋਵਿਡ-19 ਦੇ ਫੈਲਣ ਦਾ ਖਤਰਾ ਅਜੇ ਟਲਿਆ ਨਹੀਂ ਹੈ ਅਤੇ ਇਸ ਸਮੇਂ ਦੌਰਾਨ ਸਮੂਹ ਜ਼ਿਲ੍ਹਾ ਵਾਸੀਆਂ ਨੂੰ ਇਹ ਮਹਾਂਮਾਰੀ ਫੈਲਣ ਤੋਂ ਰੋਕਣ ਲਈ ਜਰੂਰੀ ਸਾਵਧਾਨੀਆਂ ਦੀ ਵਰਤੋਂ ਸਖਤੀ ਨਾਲ ਕਰਨੀ ਚਾਹੀਦੀ ਹੈ। ਇਸ ਲਈ ਡਾਇਰੈਕਟਰ ਜਨਰਲ ਆਫ ਪੁਲਿਸ ਸ਼੍ਰੀ ਦਿਨਕਰ ਗੁਪਤਾ, ਆਈ.ਪੀ.ਐਸ. ਦੇ ਦਿਸ਼ਾਂ ਨਿਰਦੇਸ਼ਾਂ ਤਹਿਤ ਜਿਲ੍ਹੇ ਵਿੱਚ ਜਨਤਕ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ ਹੈ, ਤਾਂ ਜੋ ਆਮ ਲੋਕ ਇਸ ਵਾਇਰਸ ਦੇ ਫੈਲਣ ਨੂੰ ਰੋਕਣ ਲਈ ਲੋੜੀਂਦੀਆਂ ਸਾਵਧਾਨੀਆਂ ਦੀ ਸਖਤੀ ਨਾਲ ਪਾਲਣਾ ਕਰਨ।ਐਸ.ਐਸ.ਪੀ. ਡਾ. ਭਾਰਗਵ ਨੇ ਦੱਸਿਆ ਕਿ ਮਾਨਸਾ ਦੀਆਂ ਕੁੱਝ ਜਥੇਬੰਦੀਆਂ ਜਿੰਨ੍ਹਾਂ ਵਿੱਚ ਕਰਿਆਨਾ, ਮੈਡੀਕਲ ਅਤੇ ਹੋਰ ਯੂਨੀਅਨਾਂ ਸ਼ਾਮਲ ਹਨ, ਨੇ ਪੁਲਿਸ ਅਧਿਕਾਰੀਆਂ ਨੂੰ ਮਿਲ ਕੇ ਇਹ ਜਾਗਰੂਕਤਾ ਮੁਹਿੰਮ ਸ਼ੁਰੂ ਕਰਨ ਦੀ ਯੋਜਨਾ ਬਣਾਈ।
ਉਨ੍ਹਾਂ ਦੱਸਿਆ ਇਸ ਚੌਥੇ ਲਾਕਡਾਊਨ ਦੌਰਾਨ 4 ਸਾਵਧਾਨੀਆਂ ਅਤਿਅੰਤ ਮਹੱਤਵਪੂਰਣ ਹਨ, ਜਿਨ੍ਹਾਂ ਦਾ ਪਾਲਣ ਕਰਕੇ ਇਸ ਬਿਮਾਰੀ ਨੂੰ ਮਾਤ ਦਿੱਤੀ ਜਾ ਸਕਦੀ ਹੈ। ਡਾ. ਭਾਰਗਵ ਨੇ ਦੱਸਿਆ ਕਿ ਘਰ ਰਹੋ ਸੁਰੱਖਿਅਤ ਰਹੋ, ਜੇ ਬਾਹਰ ਹੋ ਤਾਂ ਹਰ ਇੱਕ ਨਾਲ 2 ਮੀਟਰ ਦਾ ਫਾਸਲਾ ਬਣਾ ਕੇ ਰੱਖੋ, ਮੂੰਹ 'ਤੇ ਮਾਸਕ ਪਹਿਨੋ ਅਤੇ ਹੱਥਾਂ ਨੂੰ ਵਾਰ ਵਾਰ ਸਾਬਣ ਨਾਲ ਧੋਵੋ ਜਾਂ ਸੈਨੀਟਾਈਜ਼ਰ ਦੀ ਵਰਤੋਂ ਕਰੋ ਇਨ੍ਹਾਂ ਚਾਰ ਨੁਕਤਿਆਂ ਦਾ ਪਾਲਣ ਹਰੇਕ ਵਿਅਕਤੀ ਨੂੰ ਲਾਜ਼ਮੀ ਕਰਨਾ ਚਾਹੀਦਾ ਹੈ।ਡਾ. ਭਾਰਗਵ ਨੇ ਦੱਸਿਆ ਕਿ ਇਸ ਮੁਹਿੰਮ ਨੂੰ ਸਾਰਥਕ ਕਰਨ ਦੇ ਮੰਤਵ ਨਾਲ ਇੰਨ੍ਹਾਂ ਸਾਵਧਾਨੀਆਂ ਨੂੰ ਰੋਜ਼-ਮਰ੍ਹਾ ਦੀ ਜ਼ਿੰਦਗੀ ਵਿੱਚ ਸ਼ਾਮਲ ਕਰਨ ਲਈ ਇੰਨ੍ਹਾਂ ਨੂੰ ਸਲੋਗਨ ਵਜੋਂ ਕੱਪੜਿਆਂ 'ਤੇ ਅੰਕਿਤ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਸਾਵਧਾਨੀਆਂ ਦੀਆਂ ਹਦਾਇਤਾਂ ਦੇ ਪੈਂਫਲੇਟ ਦਾ ਪੰਜਾਬੀ ਭਾਸ਼ਾ ਵਿੱਚ ਅਨੁਵਾਦ ਕਰਕੇ ਇਸਦੀ ਪ੍ਰਿੰਟ ਕਾਪੀਆਂ ਅਤੇ ਸਾਫਟ ਕਾਪੀਆਂ ਵੀ.ਪੀ.ਓਜ਼. ਰਾਹੀਂ ਅਤੇ ਸੋਸ਼ਲ ਮੀਡੀਆ/ਵੱਟਸਐਪ ਰਾਹੀਂ ਵੱਡੇ ਪੱਧਰ 'ਤੇ ਤਕਸੀਮ ਕੀਤੀਆਂ ਗਈਆਂ, ਜਿੰਨ੍ਹਾਂ ਦਾ ਅੰਕੜਾ ਤਕਰੀਬਨ 50,000 ਬਣਦਾ ਹੈ।ਐਸ.ਐਸ.ਪੀ. ਨੇ ਜ਼ਿਲ੍ਹਾ ਵਾਸੀਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਕਰਫਿਊ ਦੌਰਾਨ ਸਮੂਹ ਲੋਕਾਂ ਵੱਲੋਂ ਜਿਲ੍ਹਾ ਪੁਲਿਸ ਨੂੰ ਪੂਰਾ ਸਹਿਯੋਗ ਦਿੱਤਾ ਗਿਆ ਹੈ, ਜਿਸ ਕਾਰਨ ਜਿੱਥੇ ਜ਼ਿਲ੍ਹਾ ਪੁਲਿਸ ਪਿੰਡਾਂ ਤੇ ਵਾਰਡਾਂ ਵਿੱਚ ਪੁਲਿਸ ਵੀ.ਪੀ.ਓਜ਼ ਦੀ ਤਾਇਨਾਤੀ ਕਰਕੇ ਆਮ ਲੋਕਾਂ ਦੀ ਸਹਿਮਤੀ ਨਾਲ ਕਰਫਿਊ ਲਗਾਉਣ ਵਿੱਚ ਸਫਲ ਹੋਈ ਹੈ, ਉਥੇ ਵੀ.ਪੀ.ਓਜ਼ ਰਾਹੀਂ ਹੋਰ ਲੋਕ ਭਲਾਈ ਦੇ ਕੰਮ ਜਿਵੇਂ ਕਿ ਲੋੜਵੰਦ ਲੋਕਾਂ ਤੱਕ ਜਰੂਰੀ ਵਸਤਾਂ ਜਾਂ ਸੇਵਾਵਾਂ ਪਹੁੰਚਾਉਣਾ, ਬੁਢਾਪਾ, ਵਿਧਵਾ, ਅੰਗਹੀਣ, ਅਨਾਥ ਪੈਨਸ਼ਨਾਂ ਦੀ ਲਾਭਪਾਤਰੀਆਂ ਦੇ ਘਰਾਂ ਤੱਕ ਬਿਨਾਂ ਦੇਰੀ ਵੰਡ ਕਰਨੀ, ਲੋੜਵੰਦ ਮਰੀਜ਼ਾਂ ਨੂੰ ਐਂਬੂਲੈਂਸ ਅਤੇ ਡਾਕਟਰੀ ਸਹੂਲਤ ਉਪਲਬਧ ਕਰਵਾਉਣੀ, ਕਰਫਿਊ ਦੌਰਾਨ ਜਨਮ ਦਿਨ ਕੇਕ ਪਹੁੰਚਾਉਣ ਵਿੱਚ ਸਫਲ ਹੋਈ ਹੈ।ਡਾ. ਨਰਿੰਦਰ ਭਾਰਗਵ ਨੇ ਦੱਸਿਆ ਕਿ ਇਸ ਤੋਂ ਇਲਾਵਾ ਕਿਸਾਨਾਂ ਨੂੰ ਉਨ੍ਹਾਂ ਦੀਆਂ ਸਬਜ਼ੀਆਂ ਦੀ ਵਿਕਰੀ ਦਾ ਪ੍ਰਬੰਧ ਕਰਨ ਦੇ ਨਾਲ ਨਾਲ ਮੰਡੀਆਂ ਵਿੱਚ ਕਣਕ ਦੀ ਖਰੀਦ ਸਮੇਂ ਸੁਚੱਜੇ ਪ੍ਰਬੰਧ ਸੁਨਿਸ਼ਚਿਤ ਕਰਨ ਦੇ ਨਾਲ-ਨਾਲ ਕਿਸਾਨ ਜਥੇਬੰਦੀਆਂ ਅਤੇ ਰਾਜਨੀਤਿਕ ਆਗੂਆਂ ਨੂੰ ਅਪੀਲ ਕਰਕੇ ਕਿਸਾਨਾਂ ਵੱਲੋਂ ਖੇਤਾਂ ਵਿੱਚ ਖੜ੍ਹੇ ਕਣਕ ਦੇ ਨਾੜ ਨੂੰ ਅੱਗ ਨਾ ਲਾਉਣ ਦਾ ਪ੍ਰਣ ਕਰਨ ਵਰਗੇ ਲੋਕ ਭਲਾਈ ਦੇ ਕੰਮ ਕਰਨ ਵਿੱਚ ਅਤੇ ਹੁਣ ਵੱਡੇ ਜਨਤਕ ਪੱਧਰ 'ਤੇ ਇਹ ਵਿਸ਼ਾਲ ਜਨਤਕ ਮੁਹਿੰਮ ਚਲਾਉਣ ਵਿੱਚ ਜਿਲ੍ਹਾ ਪੁਲਿਸ ਸਫਲ ਹੋ ਸਕੀ ਹੈ।