ਜ਼ਿਲਾ ਕਾਨੂੰਨੀ ਸੇਵਾਵਾਂ ਅਥਾਰਟੀ ਬਰਨਾਲਾ ਵੱਲੋਂ ਪੈਨਲ ਵਕੀਲਾਂ, ਡੀਸੀਪੀਓ ਅਭੀਸ਼ੇਕ ਸਿੰਗਲਾ ਅਤੇ ਟ੍ਰੈਫਿਕ ਪੁਲਿਸ, ਬਰਨਾਲਾ ਦੇ ਸਹਿਯੋਗ ਨਾਲ ਜ਼ਿਲਾ ਬਰਨਾਲਾ ਵਿਖੇ ਸਕੂਲੀ ਵਾਹਨਾਂ ਦੀ ਅਚਨਚੇਤ ਚੈਕਿੰਗ ਕੀਤੀ ਗਈ।ਮਾਨਯੋਗ ਸੀਜੇਐੱਮ/ਸਕੱਤਰ, ਜ਼ਿਲਾ ਕਾਨੂੰਨੀ ਸੇਵਾਵਾਂ ਅਥਾਰਟੀ, ਬਰਨਾਲਾ ਰੁਪਿੰਦਰ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸ੍ਰੀ ਵਰਿੰਦਰ ਅਗਰਵਾਲ, ਮਾਨਯੋਗ ਜ਼ਿਲਾ ਅਤੇ ਸੈਸ਼ਨਜ਼ ਜੱਜ-ਸਹਿਤ-ਚੇਅਰਮੈਨ, ਜ਼ਿਲਾ ਕਾਨੂੰਨੀ ਸੇਵਾਵਾਂ ਅਥਾਰਟੀ, ਬਰਨਾਲਾ ਦੇ ਦਿਸ਼ਾ ਨਿਰਦੇਸ਼ਾਂ ਹੇਠ ਸਕੂਲੀ ਵਾਹਨਾਂ ਦੀ ਚੈਕਿੰਗ ਲਈ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ ਹੈ, ਜਿਸ ਅਧੀਨ ਜ਼ਿਲਾ ਬਰਨਾਲਾ ਦੇ ਸਾਰੇ ਸਕੂਲੀ ਵਾਹਨਾਂ ਦੀ ਚੈਕਿੰਗ ਕੀਤੀ ਜਾਵੇਗੀ। ਇਸ ਸਬੰਧੀ ਸ. ਰੁਪਿੰਦਰ ਸਿੰਘ, ਸੀਜੇਐੱਮ/ਸਕੱਤਰ, ਜ਼ਿਲਾ ਕਾਨੂੰਨੀ ਸੇਵਾਵਾਂ ਅਥਾਰਟੀ, ਬਰਨਾਲਾ ਵੱਲੋਂ ਅੱਜ ਬਲਜੀਤ ਸਿੰਘ ਡੀਐੱਸਪੀ ਟ੍ਰੈਫਿਕ, ਸਰਦਾਰਾ ਸਿੰਘ ਟ੍ਰੈਫਿਕ ਇੰਚਾਰਜ, ਅਭੀਸ਼ੇਕ ਸਿੰਗਲ ਡੀਸੀਪੀਓ ਨਾਲ ਇੱਕ ਮੀਟਿੰਗ ਵੀ ਕੀਤੀ ਗਈ। ਇਸ ਮੁਹਿੰਮ ਤਹਿਤ ਪੈਨਲ ਵਕੀਲਾਂ ਅਤੇ ਪੈਰਾ ਲੀਗਲ ਵਲੰਟੀਅਰਾਂ ਦੀਆਂ 16 ਟੀਮਾਂ ਦਾ ਗਠਨ ਕੀਤਾ ਗਿਆ ਹੈ। ਇਨਾਂ ਟੀਮਾਂ ਵੱਲੋਂ ਟ੍ਰੈਫਿਕ ਪੁਲਿਸ ਦੇ ਸਹਿਯੋਗ ਨਾਲ ਜ਼ਿਲਾ ਬਰਨਾਲਾ ਦੇ ਸਾਰੇ ਸਕੂਲਾਂ ਦੇ ਵਾਹਨਾਂ ਦੀ ਚੈਕਿੰਗ ਕੀਤੀ ਜਾਵੇਗੀ।ਇਸ ਮੌਕੇ ਸੀਜੇਐੱਮ/ਸਕੱਤਰ, ਜ਼ਿਲਾ ਕਾਨੂੰਨੀ ਸੇਵਾਵਾਂ ਅਥਾਰਟੀ, ਬਰਨਾਲਾ ਰੁਪਿੰਦਰ ਸਿੰਘ ਨੇ ਦੱਸਿਆ ਕਿ ਸੇਫ ਸਕੂਲ ਵਾਹਨ ਪਾਲਿਸੀ ਅਨੁਸਾਰ ਸਕੂਲੀ ਬੱਸਾਂ ਲਈ ਨਿਯਮ ਜਿਵੇਂ ਫਸਟ ਏਡ ਬਾਕਸ, ਫਾਇਰ ਸੇਫਟੀ ਯੰਤਰ, ਵਾਹਨ ਦਾ ਪੀਲਾ ਰੰਗ, ਵਹੀਕਲ ਦੀ ਫਿੱਟਨੈੱਸ, ਪ੍ਰਦੂਸ਼ਨ ਅਤੇ ਬੀਮਾ ਸਰਟੀਫਿਕੇਟ ਦਾ ਹੋਣਾ, ਸਪੀਡ ਗਵਰਨੈਂਸ, ਵਹੀਕਲ ਉੱਤੇ ਚਾਈਲਡ ਹੈੱਲਪਲਾਈਨ ਨੰਬਰ 1098 ਲਿਖਿਆ ਹੋਣਾ, ਵਹੀਕਲ ਵਿੱਚ ਕੈਮਰਾ, ਮਹਿਲਾ ਅਟੈਂਡੈਟ ਦਾ ਹੋਣਾ, ਵਹੀਕਲ ਉੱਪਰ ਸਕੂਲ ਦਾ ਨਾਮ, ਵਹੀਕਲ ਦੇ ਮਾਲਕ ਦਾ ਨਾਮ ਅਤੇ ਫੋਨ ਨੰਬਰ, ਚਾਲਕ ਕੋਲ 5 ਸਾਲ ਵਹੀਕਲ ਚਲਾਉਣ ਦਾ ਤਜਰਬਾ ਹੋਣਾ, ਵਹੀਕਲ ਦਾ ਪਰਮਿਟ, ਜੀ.ਪੀ.ਐੱਸ. ਸਿਸਟਮ, ਚਾਲਕ ਅਤੇ ਸਹਾਇਕ ਦੀ ਵਰਦੀ ਆਦਿ ਨਿਯਮ ਹਨ, ਜੋ ਹਰੇਕ ਸਕੂਲੀ ਵਹੀਕਲ ਲਈ ਜ਼ਰੂਰੀ ਹਨ। ਜੇਕਰ ਕੋਈ ਚਾਲਕ ਇਨਾਂ ਨਿਯਮਾਂ ਦੀ ਉਲੰਘਨਾ ਕਰਦਾ ਹੈ ਤਾਂ ਉਸ ਵਿਰੁੱਧ ਬਣਦੀ ਕਾਰਵਾਈ ਕੀਤੀ ਜਾਵੇਗੀ।ਇਸ ਮੁਹਿੰਮ ਤਹਿਤ ਅੱਜ ਸੰਘੇੜਾ ਚੌਕ, ਬਰਨਾਲਾ ਵਿਖੇ ਸਕੂਲੀ ਬੱਸਾਂ ਦੀ ਚੈਕਿੰਗ ਕੀਤੀ ਗਈ ਅਤੇ ਜਿਨਾਂ ਵਾਹਨਾਂ ਵੱਲੋ ਨਿਯਮਾਂ ਦੀ ਉਲੰਘਣਾ ਕੀਤੀ ਜਾ ਰਹੀ ਸੀ, ਉਨਾਂ ਕਰੀਬ ਅੱਧੀ ਦਰਜਨ ਵਾਹਨਾਂ ਦੇ ਚਲਾਨ ਕੱਟੇ ਗਏ।