ਅਲਕਾ ਮੀਨਾ, ਆਈ.ਪੀ.ਐਸ ਸੀਨੀਅਰ ਕਪਤਾਨ ਪੁਲਿਸ, ਸ਼ਹੀਦ ਭਗਤ ਸਿੰਘ ਨਗਰ ਵੱਲੋਂ ਜ਼ਿਲ੍ਹਾ ਪੁਲਿਸ ਸਮੂਹ ਗਜ਼ਟਿਡ ਅਫ਼ਸਰਾਂ/ਮੁੱਖ ਥਾਣਾ ਅਫਸਰਾਂ, ਇੰਚਾਰਜ ਯੂਨਿਟਾਂ ਅਤੇ ਕਰਮਚਾਰੀਆਂ ਦੀ ਵੈਲਫੇਅਰ ਮੀਟਿੰਗ ਕੀਤੀ ਗਈ, ਜਿਸ ਵਿੱਚ ਉਨ੍ਹਾਂ ਨੂੰ ਪੇਸ਼ ਆਉਣ ਵਾਲੀਆਂ ਮੁਸ਼ਕਿਲਾਂ ਬਾਰੇ ਸੁਣਿਆ ਗਿਆ ਅਤੇ ਉਨ੍ਹਾਂ ਦਾ ਨਿਪਟਾਰਾ ਕੀਤਾ ਗਿਆ। ਉਨ੍ਹਾਂ ਸਮੂਹ ਅਫ਼ਸਰਾਂ ਅਤੇ ਕਰਮਚਾਰੀਆਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਆਪਣੀ ਡਿਊਟੀ ਵਧੀਆ ਢੰਗ ਨਾਲ ਅਤੇ ਈਮਾਨਦਾਰੀ ਨਾਲ ਕੀਤੀ ਜਾਵੇ ਅਤੇ ਪਬਲਿਕ ਨੂੰ ਵਧੀਆ ਸੇਵਾਵਾਂ ਦਿੱਤੀਆ ਜਾਣ।ਇਸ ਦੌਰਾਨ ਉਨ੍ਹਾਂ ਨੇ ਪੁਲਿਸ ਕਰਮਚਾਰੀਆਂ ਨੂੰ ਆਪਣੇ ਕੰਮ ਪ੍ਰਤੀ ਉਤਸ਼ਾਹਿਤ ਕਰਨ ਲਈ ਨਵੀਂ ਪਹਿਲ ਕਦਮੀ ਕਰਦੇ ਹੋਏ ‘ਇੰਪਲਾਇ ਆਫ਼ ਦੀ ਮੰਥ’ ਤਹਿਤ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਪੁਲਿਸ ਦੇ ਮਹੀਨਾ ਜਨਵਰੀ ਦੌਰਾਨ ਵਧੀਆ ਕਾਰਗੁਜ਼ਾਰੀ ਦਿਖਾਉਣ ਵਾਲੇ 3 ਪੁਲਿਸ ਕਰਮਚਾਰੀਆਂ ਏ.ਐਸ.ਆਈ ਹੁਸਨ ਲਾਲ ਟੈ੍ਰਫਿਕ ਐਜੂਕੇਸ਼ਨ ਸੈਲ, ਏ.ਐਸ.ਆਈ ਹਰਜਿੰਦਰ ਸਿੰਘ ਥਾਣਾ ਔੜ ਅਤੇ ਸਿਪਾਹੀ ਲਖਜਿੰਦਰ ਸਿੰਘ ਥਾਣਾ ਬਹਿਰਾਮ ਨੂੰ ਸਨਮਾਨਿਤ ਕੀਤਾ।ਜ਼ਿਲ੍ਹਾ ਪੁਲਿਸ ਮੁਖੀ ਨੇ ਇਨ੍ਹਾਂ ਤਿੰਨਾਂ ਕਰਮਚਾਰੀਆਂ ਦੀ ਮਿਸਾਲ ਦਿੰਦਿਆਂ ਕਿਹਾ ਕਿ ਜ਼ਿਲ੍ਹੇ ਦੇ ਹੋਰਨਾਂ ਪੁਲਿਸ ਕਰਮਚਾਰੀਆਂ ਨੂੰ ਵੀ ਆਪਣੀ ਡਿਊਟੀ ਪੂਰੀ ਤਨਦੇਹੀ ਨਾਲ ਨਿਭਾਉਂਦੇ ਹੋਏ ਫ਼ਰਵਰੀ ਮਹੀਨੇ ਦੇ ‘ਇੰਪਲਾਇ ਆਫ਼ ਦੀ ਮੰਥ’ ਦੇ ਟੈਗ ਲਈ ਯਤਨ ਕਰਨੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਹਰੇਕ ਕਰਮਚਾਰੀ ਵਿੱਚ ਜਨਤਕ ਸੇਵਾ ਨੂੰ ਲੈ ਕੇ ਅਜਿਹੀ ਮੁਕਾਬਲੇਬਾਜ਼ੀ ਦੀ ਭਾਵਨਾ ਬਣਨੀ ਚਾਹੀਦੀ ਹੈ, ਜਿਸ ਨਾਲ ਲੋਕਾਂ ਨੂੰ ਵੱਧ ਤੋਂ ਵੱਧ ਸਹੂਲਤ ਮਿਲ ਸਕੇ ਅਤੇ ਪੁਲਿਸ ਦੀ ਲੋਕਾਂ ਵਿੱਚ ਸਾਖ਼ ਹੋਰ ਮਜ਼ਬੂਤ ਬਣੇ।