ਫਾਜ਼ਿਲਕਾ ਜ਼ਿਲ੍ਹੇ ਦੇ ਸਰਹੱਦੀ ਪਿੰਡਾਂ ਪਕਾਚਿਸਤੀ, ਕਾਦਰਬਖਸ਼, ਕਰਨੀਖੇੜਾ, ਘੜੂਮੀ ਆਦਿ ਪਿੰਡਾਂ ਦੇ ਲੋਕਾਂ ਨੂੰ ਡਰੇਨਜ਼ ਦੇ ਗੰਦੇ ਪਾਣੀ ਦੀ ਸਮੱਸਿਆ ਤੋਂ ਨਿਜਾਤ ਦਿਵਾਉਣ ਅਤੇ ਇਸਦੇ ਢੁੱਕਵੇਂ ਹਲ ਲਈ ਨੈਸ਼ਨਲ ਗਰੀਨ ਟ੍ਰਿਬਿਊਨਲ ਦੇ ਚੇਅਰਮੈਨ ਜਸਟਿਸ ਜਸਬੀਰ ਸਿੰਘ (ਰਿਟਾ:) ਨੇ ਹੋਰਨਾਂ ਟੀਮ ਮੈਂਬਰਾਂ ਸਮੇਤਆਪਣੇ ਦੌਰੇ ਤੋਂ ਬਾਅਦ ਅੱਜ ਸਥਾਨਕ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ਼ ਦੇ ਮੀਟਿੰਗ ਹਾਲ ਵਿਖੇ ਅਹਿਮ ਮੀਟਿੰਗ ਕੀਤੀ।ਮੀਟਿੰਗ ਦੌਰਾਨ ਐਸ.ਸੀ. ਅਗਰਵਾਲ ਸਾਬਕਾ ਚੀਫ਼ ਸੈਕਟਰੀ ਪੰਜਾਬ, ਡਾ. ਬਾਬੂ ਰਾਮ ਸਾਬਕਾ ਮੈਂਬਰ ਸੈਕਟਰੀ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ, ਸੰਤ ਬਲਬੀਰ ਸਿੰਘ ਸੀਚੇਵਾਲ ਸਮੂਹ ਐਨ.ਜੀ.ਟੀ ਟੀਮ ਮੈਬਰ, ਡਿਪਟੀ ਕਮਿਸ਼ਨਰ ਫਾਜ਼ਿਲਕਾ ਸ੍ਰੀ ਮਨਪ੍ਰੀਤ ਸਿੰਘ ਛੱਤਵਾਲ, ਡਿਪਟੀ ਕਮਿਸ਼ਨਰ ਫਿਰੋਜ਼ਪੁਰ ਸ੍ਰੀਚੰਦਰ ਗੈਂਦ, ਡਿਪਟੀ ਕਮਿਸ਼ਨਰ ਮੋਗਾ ਸ੍ਰੀ ਸੰਦੀਪ ਹੰਸ, ਡਿਪਟੀ ਕਮਿਸ਼ਨਰ ਸ੍ਰੀ ਮੁਕਤਸਰ ਸਾਹਿਬਸ੍ਰੀ ਐਮ.ਕੇ ਅਰਵਿੰਦ ਅਤੇ ਡਿਪਟੀ ਕਮਿਸ਼ਨਰ ਫਰੀਦਕੋਟ ਸ੍ਰੀ ਸੋਰਭ ਰਾਜ ਸਮੇਤ ਸੀਵਰੇਜ਼ ਬੋਰਡ, ਵਾਟਰ ਸਪਲਾਈ ਐਂਡ ਸੈਨੀਟੇਸ਼ਨ, ਨਹਿਰੀ ਵਿਭਾਗ, ਖੇਤੀਬਾੜੀ ਵਿਭਾਗ, ਭੂਮੀ ਰੱਖਿਆ ਵਿਭਾਗ ਤੋਂ ਇਲਾਵਾ ਹੋਰਨਾਂ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ।ਮੀਟਿੰਗ ਦੌਰਾਨ ਜਸਟਿਸ ਜਸਬੀਰ ਸਿੰਘ ਨੇ ਸਮੂਹ ਵਿਭਾਗੀ ਅਧਿਕਾਰੀਆਂ ਤੋਂ ਜ਼ਿਲ੍ਹਾ ਪੱਧਰ 'ਤੇ ਚਲ ਰਹੇ ਐਸ.ਟੀ.ਪੀ. (ਵਾਟਰ ਟ੍ਰੀਟਮੈਂਟ ਪਲਾਂਟ) ਦੀ ਕਾਰਗੁਜ਼ਾਰੀ ਬਾਰੇ ਵਿਸਥਾਰਪੂਰਵਕ ਜਾਣਕਾਰੀ ਲਈ। ਉਨ੍ਹਾਂ ਕਿਹਾ ਕਿ ਫਾਜ਼ਿਲਕਾ ਦੇ ਨਾਲ ਲੱਗਦੇ ਮੋਗਾ, ਫਿਰੋਜ਼ਪੁਰ, ਸ੍ਰੀ ਮੁਕਤਸਰ ਸਾਹਿਬ ਅਤੇ ਫਰੀਦਕੋਟ ਜ਼ਿਲ੍ਹਿਆ ਦੀਆਂ ਡਰੇਨਜ਼ ਤੋਂ ਪ੍ਰਦੂਸ਼ਿਤ ਪਾਣੀ ਫਾਜ਼ਿਲਕਾ ਦੀ ਸਰਹੱਦ ਨੇੜੇ ਸਤਲੁਜ ਕਰੀਕ ਵਿੱਚਗਿਰਦਾ ਹੈ, ਜਿਸਦੇ ਲਈ ਹਰੇਕ ਵਿਭਾਗੀ ਅਧਿਕਾਰੀ ਨੂੰ ਵਾਟਰ ਟ੍ਰੀਟਮੈਂਟ ਪਲਾਂਟ, ਸੀਵਰੇਜ਼ ਦੇ ਕੰਮਾਂ ਨੂੰ ਸਮਾਂਬੱਧ ਢੰਗ ਨਾਲ ਮੁਕੰਮਲ ਕਰਨ ਦੇ ਆਦੇਸ਼ ਜਾਰੀ ਕੀਤੇ। ਉਨ੍ਹਾਂ ਕਿਹਾ ਕਿ ਐਸ.ਟੀ.ਪੀ. ਰਾਹੀ ਸਾਫ਼ ਕੀਤੇ ਪਾਣੀ ਨੂੰ ਖੇਤੀਬਾੜੀ ਦੀ ਵਰਤੋਂ 'ਚ ਲਿਆਉਣ ਲਈ ਜਿੰਮੀਦਾਰਾਂ ਨੂੰ ਜਾਗਰੂਕ ਕੀਤਾ ਜਾਵੇ ਅਤੇ ਪਾਣੀ ਗੁਣਵਤਾ ਦੀ ਪਹਿਲਾ ਪਰਖ ਕਰਨੀ ਯਕੀਨੀ ਬਣਾ ਲਈ ਜਾਵੇ।
ਉਨ੍ਹਾਂ ਐਸ.ਟੀ.ਪੀ. ਜਾਂਪ੍ਰਦੂਸ਼ਣ ਰੋਕਣ ਦੇ ਕੰਮਾਂ 'ਚ ਦੇਰੀ ਕਰਨ ਵਾਲੇ ਅਧਿਕਾਰੀਆਂ ਨੂੰ ਨੈਸ਼ਨਲ ਗਰੀਨ ਟ੍ਰਿਬਿਊਨਲ ਦੀਆਂ ਹਦਾਇਤਾ ਮੁਤਾਬਕ ਜੁਰਮਾਨਾ ਕਰਨ ਬਾਰੇ ਵੀ ਜਾਣੂ ਕਰਵਾਇਆ। ਉਨ੍ਹਾਂ ਮੁੱਖ ਖੇਤੀਬਾੜੀ ਅਫ਼ਸਰ ਫਾਜ਼ਿਲਕਾ ਨੂੰ ਸਰਹੱਦੀ ਪਿੰਡਾਂ ਅੰਦਰ ਕਣਕ , ਝੋਨੇ ਦੀਆਂ ਫ਼ਸਲਾਂ ਦੀ ਪੈਦਾਵਾਰ ਬਾਰੇ 15 ਦਿਨਾਂ ਅੰਦਰ ਐਨ.ਜੀ.ਟੀ ਨੂੰ ਰਿਪੋਰਟ ਕਰਨ ਦੀ ਹਦਾਇਤ ਕੀਤੀ।ਉਨ੍ਹਾਂ ਸਬੰਧਤ ਵਿਭਾਗਾਂ ਦੇ ਅਧਿਕਾਰੀਆਂ ਨੂੰ ਡਰੇਨਜ਼ ਦੇ ਨੇੜੇ ਵੱਧ ਤੋਂ ਵੱਧ ਬੂਟੇ ਲਗਾਉਣ ਦੇ ਆਦੇਸ਼ ਜਾਰੀ ਕੀਤੇ। ਉਨ੍ਹਾਂ ਸਮੂਹ ਡਿਪਟੀ ਕਮਿਸ਼ਨਰ ਤੋਂ ਫੈਕਟਰੀਆਂ ਵੱਲੋਂ ਡਰੇਨਜ਼ ਅੰਦਰ ਪਾਏ ਜਾ ਰਹੇ ਗੰਦੇ ਪਾਣੀ ਬਾਰੇ ਜਾਣਕਾਰੀ ਲਈ ਅਤੇ ਅਜਿਹਾ ਮਾਮਲਾ ਸਾਮਣਾ ਆਉਣ 'ਤੇ ਤੁਰੰਤ ਕਾਰਵਾਈ ਅਮਲ 'ਚ ਲਿਆਉਣ ਦੀਆਂ ਹਦਾਇਤਾਂ ਜਾਰੀ ਕੀਤੀਆ।ਇਸ ਮੌਕੇ ਡਿਪਟੀ ਕਮਿਸ਼ਨਰ ਫਾਜ਼ਿਲਕਾ ਸ੍ਰੀ ਮਨਪ੍ਰੀਤ ਸਿੰਘ ਛੱਤਵਾਲ ਨੇ ਦੱਸਿਆ ਕਿ ਰਾਜ ਸਰਕਾਰ ਵੱਲੋਂ ਜ਼ਿਲ੍ਹੇ ਅੰਦਰ ਵਾਟਰ ਟ੍ਰੀਟਮੈਂਟ ਪਲਾਂਟ ਸਥਾਪਤ ਕਰਨ ਲਈ 80 ਲੱਖ ਰੁਪਏ ਦੀ ਗਰਾਂਟ ਪ੍ਰਾਪਤ ਹੋਈ, ਜਿਸਦੇ ਤਹਿਤ ਪਹਿਲੇ ਫੇਸ ਅੰਦਰ 8 ਪਿੰਡਾਂ ਦੀ ਚੋਣ ਕੀਤੀ ਗਈ ਹੈ ਅਤੇ ਕੰਮ ਚਾਲੂ ਕਰਵਾ ਦਿੱਤਾ ਗਿਆ। ਉਨ੍ਹਾਂ ਐਨ.ਜੀ.ਟੀ ਤੋਂ ਆਏ ਫਾਜ਼ਿਲਕਾ ਦਾ ਦੌਰਾ ਕਰਨ ਪਹੁੰਚੇ ਚੇਅਰਮੈਨ ਜਸਬੀਰ ਸਿੰਘ ਅਤੇ ਸਮੁੱਚੀ ਟੀਮ ਨੂੰ ਭਰੋਸਾ ਦਿਵਾਇਆ ਕਿ ਟ੍ਰਿਬਿਊਨਲ ਦੇ ਦਿਸ਼ਾ ਨਿਰਦੇਸ਼ਾਂ ਅਤੇ ਹਦਾਇਤਾਂ ਨੂੰ ਧਿਆਨ 'ਚ ਰੱਖਿਆ ਜਾਵੇਗਾ ਅਤੇ ਗੰਦੇ ਪਾਣੀ ਦੀ ਸਮੱਸਿਆਵਾਂ ਨੂੰ ਜਲਦੀ ਹਲ ਕਰਨ ਲਈ ਯੋਗ ਕਦਮ ਪੁੱਟੇ ਜਾਣਗੇ।ਇਸ ਤੋਂ ਪਹਿਲਾ ਸੰਤ ਬਲਬੀਰ ਸਿੰਘ ਸੀਚੇਵਾਲ ਮੈਂਬਰ ਐਨ.ਜੀ.ਟੀ ਨੇ ਸਮੂਹ ਵਿਭਾਗੀ ਅਧਿਕਾਰੀਆਂ ਨੂੰ ਲੋਕਾਈ ਦੇ ਇਸ ਨੇਕ ਕਾਰਜ਼ ਨੂੰ ਪੂਰੀ ਇਮਾਨਦਾਰੀ ਅਤੇ ਪਾਰਦਰਸ਼ੀ ਢੰਗ ਨਾਲ ਕਰਨ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਪਾਣੀ ਨੂੰ ਬਚਾਉਣ ਲਈ ਆਪਣੀ ਡਿਊਟੀ ਤੋਂ ਉਪਰ ਉੱਠ ਕੇ ਕਾਰਜ਼ ਕਰਨ ਦੀ ਲੋੜ ਹੈ, ਤਾਂ ਜੋ ਸਾਡੀਆ ਆਉਣ ਵਾਲੀਆਂ ਪੀੜ੍ਹੀਆਂ ਨੂੰ ਪਾਣੀ ਦੀ ਕਿੱਲਤ ਦਾ ਸਾਮਣਾ ਨਾ ਕਰਨਾ ਪਵੇ।