ਜ਼ਿਲ੍ਹਾ ਪੁਲਿਸ ਸ਼ਹੀਦ ਭਗਤ ਸਿੰਘ ਨਗਰ ਨੇ ਆਪਣੇ ਪੁਲਿਸ ਮੁਲਾਜ਼ਮਾਂ ਤੇ ਉਨ੍ਹਾਂ ਦੇ ਪਰਿਵਾਰਾਂ ਲਈ ਇੱਕ ਹੋਰ ਪਹਿਲਕਦਮੀ ਕਰਦਿਆਂ ਅੱਜ ਸਿਟੀ ਪੁਲਿਸ ਥਾਣਾ ਨਵਾਂਸ਼ਹਿਰ ਦੇ ਪਿਛਲੇ ਪਾਸੇ ਸੈਂਟਰਲ ਪੁਲਿਸ ਕੰਨਟੀਨ ਦੀ ਸ਼ੁਰੂਆਤ ਕੀਤੀ।ਐਸ ਐਸ ਪੀ ਸ੍ਰੀਮਤੀ ਅਲਕਾ ਮੀਨਾ ਨੇ ਸੈਂਟਰਲ ਪੁਲਿਸ ਕੰਨਟੀਨ ਦਾ ਉਦਘਾਟਨ ਕਰਨ ਬਾਅਦ ਆਖਿਆ ਕਿ ਜ਼ਿਲ੍ਹੇ ਦੇ ਪੁਲਿਸ ਮੁਲਾਜ਼ਮਾਂ, ਸਾਬਕਾ ਪੁਲਿਸ ਮੁਲਾਜ਼ਮਾਂ ਨੂੰ ਆਰਮੀ ਕੰਨਟੀਨ ਦੀ ਤਰਜ਼ ’ਤੇ ਹੀ ਇਸ ਕੰਨਟੀਨ ਤੋਂ ਘਰੇਲੂ ਵਰਤੋਂ ਦਾ ਸਮਾਨ ਮੁਹੱਈਆ ਕਰਵਾਇਆ ਜਾਵੇਗਾ। ਉਨ੍ਹਾਂ ਦੱਸਿਆ ਕਿ ਆਮ ਲੋਕ ਵੀ ਇਸ ਕੰਨਟੀਨ ਤੋਂ ਸਮਾਨ ਲੈ ਸਕਦੇ ਹਨ ਪਰ ਉਨ੍ਹਾਂ ਨੂੰ ਪੁਲਿਸ ਮੁਲਾਜ਼ਮਾਂ ਨੂੰ ਦਿੱਤੀ ਜਾਣ ਵਾਲੀ ਮੁਕੰਮਲ ਛੋਟ ਨਹੀਂ ਮਿਲੇਗੀ ਪਰ ਬਜ਼ਾਰ ਨਾਲੋਂ ਘੱਟ ਰੇਟ ਜ਼ਰੂਰ ਮਿਲਣਗੇ।ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਪੁਲਿਸ ਵੱਲੋਂ ਆਪਣੇ ਮੁਲਾਜ਼ਮਾਂ ਦੀ ਸਹੂਲਤ ਲਈ ਘਰੇਲੂ ਸਮਾਨ ਦੀ ਸਪਲਾਈ ਲਈ ਕੰਨਟੀਨ ਖੋਲ੍ਹਣ ’ਤੇ ਕਾਫ਼ੀ ਸਮੇਂ ਤੋਂ ਵਿਚਾਰ ਕੀਤਾ ਜਾ ਰਿਹਾ ਸੀ, ਜਿਸ ਨੂੰ ਅੱਜ ਅਮਲੀ ਜਾਮਾ ਪਹਿਨਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਸੈਂਟਰਲ ਪੁਲਿਸ ਕੰਨਟੀਨ ਸਮੁੱਚੇ ਜ਼ਿਲ੍ਹੇ ਦੇ ਪੁਲਿਸ ਮੁਲਾਜ਼ਮਾਂ, ਸਾਬਕਾ ਪੁਲਿਸ ਮੁਲਾਜ਼ਮਾਂ ਅਤੇ ਆਮ ਲੋਕਾਂ ਲਈ ਉੱਚ ਗੁਣਵੱਤਾ ਦਾ ਸਮਾਨ ਮੁਹੱਈਆ ਕਰਵਾਏਗੀ।ਜ਼ਿਲ੍ਹਾ ਪੁਲਿਸ ਮੁਖੀ ਅਨੁਸਾਰ ਕੰਨਟੀਨ ਦਾ ਖੁੱਲ੍ਹਣ ਦਾ ਸਮਾਂ ਪੁਲਿਸ ਮੁਲਾਜ਼ਮਾਂ ਦੀ ਦੇਰ ਤੱਕ ਚਲਦੀ ਡਿਊਟੀ ਦੇ ਅਨੁਰੂਪ ਸਵੇਰੇ 9 ਵਜੇ ਤੋਂ ਸ਼ਾਮ 8 ਵਜੇ ਤੱਕ ਰੱਖਿਆ ਗਿਆ ਹੈ ਤਾਂ ਜੋ ਉਹ ਡਿਊਟੀ ਤੋਂ ਬਾਅਦ ਆਪਣੀ ਪਰਿਵਾਰਿਕ ਜ਼ਿੰਮੇਂਦਾਰੀ ਮੁਤਾਬਕ ਘਰੇਲੂ ਸਮਾਨ ਵੀ ਖਰੀਦ ਕੇ ਲਿਜਾ ਸਕਣ। ਉਨ੍ਹਾਂ ਦੱਸਿਆ ਕਿ ਆਉਣ ਵਾਲੇ ਸਮੇਂ ’ਚ ਕੰਨਟੀਨ ਦੀ ਸਫ਼ਲਤਾ ਦਰ ਨੂੰ ਦੇਖਦੇ ਹੋਏ ਇਸ ਦੀਆਂ ਵਸਤਾਂ ਦਾ ਘੇਰਾ ਹੋਰ ਵਧਾਇਆ ਜਾਵੇਗਾ ਤਾਂ ਜੋ ਪੁਲਿਸ ਮੁਲਾਜ਼ਮਾਂ ਨੂੰ ਹਰ ਇੱਕ ਘਰੇਲੂ ਲੋੜ ਦੀ ਵਰਤੋਂ ਨਾਲ ਸਬੰਧਤ ਵਸਤ ਇੱਥੋਂ ਉਪਲਬਧ ਹੋ ਸਕੇ।ਉਨ੍ਹਾਂ ਨੇ ਜ਼ਿਲ੍ਹੇ ਦੇ ਸਮੂਹ ਪੁਲਿਸ ਕਰਮਚਾਰੀਆਂ, ਸਾਬਕਾ ਪੁਲਿਸ ਕਰਮਚਾਰੀਆਂ ਅਤੇ ਆਮ ਲੋਕਾਂ ਨੂੰ ਸੈਂਟਰਲ ਪੁਲਿਸ ਕੰਨਟੀਨ ਦਾ ਵੱਧ ਤੋਂ ਵੱਧ ਲਾਭ ਲੈਣ ਲਈ ਆਖਿਆ। ਇਸ ਮੌਕੇ ਹੋਰਨਾਂ ਤੋਂ ਇਲਾਵਾ ਐਸ ਪੀ (ਐਚ) ਬਲਵਿੰਦਰ ਸਿੰਘ ਭੀਖੀ, ਐਸ ਪੀ (ਡੀ) ਵਜ਼ੀਰ ਸਿੰਘ, ਐਸ ਪੀ (ਪੀ ਬੀ ਆਈ) ਮਨਵਿੰਦਰ ਸਿੰਘ, ਡੀ ਐਸ ਪੀ (ਐਚ) ਨਵਨੀਤ ਕੌਰ ਗਿੱਲ, ਡੀ ਐਸ ਪੀ ਨਵਾਂਸ਼ਹਿਰ ਹਰਨੀਲ ਸਿੰਘ, ਡੀ ਐਸ ਪੀ ਰਾਜ ਕੁਮਾਰ, ਐਸ ਐਚ ਓ ਨਵਾਂਸ਼ਹਿਰ ਸਿਟੀ ਕੁਲਜੀਤ ਸਿੰਘ, ਨਵਾਂਸ਼ਹਿਰ ਨਗਰ ਕੌਂਸਲ ਦੇ ਪ੍ਰਧਾਨ ਲਲਿਤ ਮੋਹਨ ਪਾਠਕ ਤੇ ਹੋਰ ਪਤਵੰਤੇ ਤੇ ਪੁਲਿਸ ਅਧਿਕਾਰੀ/ਕਰਮਚਾਰੀ ਮੌਜੂਦ ਸਨ।