ਵਿਰਾਸਤੀ ਸ਼ਹਿਰ ਪਟਿਆਲਾ ਦਾ ਮਾਲ ਰੋਡ ਅੱਜ ਵਿਰਾਸਤੀ ਲਾਇਟਾਂ ਦੀ ਰੌਸ਼ਨੀ ਨਾਲ ਰੁਸ਼ਨਾਉਣ ਲੱਗ ਪਈ ਹੈ। ਮਾਲ ਰੋਡ 'ਤੇ ਕਰੀਬ 18 ਲੱਖ ਰੁਪਏ ਦੀ ਲਾਗਤ ਨਾਲ ਲਗਾਈਆਂ ਗਈਆਂ 28 ਹੈਰੀਟੇਜ ਲਾਇਟਾਂ ਅੱਜ ਸ਼ਾਮ ਜਗ-ਮਗ ਕਰਨ ਲਗ ਪਈਆਂ ਹਨ।ਇਹ ਲਾਇਟਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਵਿਸ਼ੇਸ਼ ਪਹਿਲਕਦਮੀ ਅਤੇ ਲੋਕ ਸਭਾ ਮੈਂਬਰ ਸ੍ਰੀਮਤੀ ਪਰਨੀਤ ਕੌਰ ਦੇ ਯਤਨਾਂ ਸਦਕਾ ਲੱਗੀਆਂ ਹਨ, ਕਿਉਂਕਿ ਪੰਜਾਬ ਸਰਕਾਰ ਵੱਲੋਂ ਸ਼ਹਿਰ ਦੇ ਵਿਕਾਸ ਲਈ ਭੇਜੇ ਫੰਡਾਂ ਕਰਕੇ ਪਟਿਆਲਾ ਸ਼ਹਿਰ ਦੇ ਸਾਰੇ ਵਿਕਾਸ ਕਾਰਜ ਇੱਕ-ਇੱਕ ਕਰਕੇ ਨੇਪਰੇ ਚੜ੍ਹ ਰਹੇ ਹਨ। ਬਾਰਾਂਦਰੀ ਨੂੰ ਪੁਰਾਤਨ ਦਿਖ ਪ੍ਰਦਾਨ ਕਰਨ ਲਈ ਲਗਾਈਆਂ ਇਨ੍ਹਾਂ ਵਿਰਾਸਤੀ ਲਾਇਟਾਂ ਨੂੰ ਚਾਲੂ ਕਰਨ ਸਮੇਂ ਅੱਜ ਸ਼ਾਮ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਲੋਕ ਸਭਾ ਮੈਂਬਰ ਸ੍ਰੀਮਤੀ ਪਰਨੀਤ ਕੌਰ ਦੀ ਸਪੁੱਤਰੀ ਬੀਬਾ ਜੈ ਇੰਦਰ ਕੌਰ, ਨਗਰ ਨਿਗਮ ਦੇ ਮੇਅਰ ਸ੍ਰੀ ਸੰਜੀਵ ਸ਼ਰਮਾ ਬਿੱਟੂ, ਸ਼ਹਿਰੀ ਕਾਂਗਰਸ ਦੇ ਪ੍ਰਧਾਨ ਸ੍ਰੀ ਕੇ.ਕੇ. ਮਲਹੋਤਰਾ, ਡਿਪਟੀ ਕਮਿਸ਼ਨਰ ਸ੍ਰੀ ਕੁਮਾਰ ਅਮਿਤ, ਨਗਰ ਨਿਗਮ ਦੇ ਕਮਿਸ਼ਨਰ ਸ੍ਰੀਮਤੀ ਪੂਨਮਦੀਪ ਕੌਰ ਸਮੇਤ ਹੋਰ ਅਧਿਕਾਰੀ ਮੌਜੂਦ ਸਨ।ਬੀਬਾ ਜੈ ਇੰਦਰ ਕੌਰ ਨੇ ਨਗਰ ਨਿਗਮ ਅਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕੀਤੇ ਜਾ ਰਹੇ ਵਿਕਾਸ ਕਾਰਜਾਂ ਦੀ ਸ਼ਲਾਘਾ ਕੀਤੀ। ਜਦੋਂਕਿ ਮੇਅਰ ਸ੍ਰੀ ਸੰਜੀਵ ਸ਼ਰਮਾ ਬਿੱਟੂ ਨੇ ਦੱਸਿਆ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਰਹਿਨੁਮਾਈ ਅਤੇ ਲੋਕ ਸਭਾ ਮੈਂਬਰ ਸ੍ਰੀਮਤੀ ਪਰਨੀਤ ਕੌਰ ਦੀ ਦੇਖ-ਰੇਖ ਹੇਠ ਪਟਿਆਲਾ ਸ਼ਹਿਰ ਦੇ ਸੁੰਦਰੀਕਰਨ ਦੇ ਪ੍ਰਾਜੈਕਟ ਸਮੇਤ ਚੱਲ ਰਹੇ ਵਿਕਾਸ ਕਾਰਜਾਂ ਨੂੰ ਬਹੁਤ ਜਲਦ ਮੁਕੰਮਲ ਕਰਕੇ ਸ਼ਹਿਰ ਦੀ ਦਿਖ ਨੂੰ ਸੰਵਾਰ ਦਿੱਤਾ ਜਾਵੇਗਾ।ਡਿਪਟੀ ਕਮਿਸ਼ਨਰ ਸ੍ਰੀ ਕੁਮਾਰ ਅਮਿਤ ਨੇ ਦੱਸਿਆ ਕਿ ਇਨ੍ਹਾਂ ਲਾਇਟਾਂ ਨੂੰ ਚਾਲੂ ਕਰਵਾਉਣ ਲਈ ਤਾਰਾਂ ਪਾਉਣ ਸਮੇਤ ਵਿਰਾਸਤੀ ਦਿਖ ਵਾਲੇ ਖੰਭੇ ਲਾਉਣ ਅਤੇ ਇਨ੍ਹਾਂ ਉਪਰ ਲਾਇਟਾਂ ਲਗਾਉਣ ਦੇ ਕੰਮ 'ਤੇ ਕਰੀਬ 18 ਲੱਖ ਰੁਪਏ ਦਾ ਖ਼ਰਚਾ ਆਇਆ ਹੈ। ਉਨ੍ਹਾਂ ਦੱਸਿਆ ਕਿ ਇਸੇ ਤਰ੍ਹਾਂ ਬਾਰਾਂਦਰੀ ਵਿੱਚ ਵੀ ਵਿਸ਼ੇਸ਼ ਦਿਖ ਵਾਲੀਆਂ ਲਾਇਟਾਂ ਲਾਈਆਂ ਜਾ ਰਹੀਆਂ ਹਨ।ਇਸ ਮੌਕੇ ਲੋਕ ਨਿਰਮਾਣ ਵਿਭਾਗ ਦੇ ਇਲੈਕਟ੍ਰੀਕਲ ਵਿੰਗ ਦੇ ਐਕਸੀਐਨ ਦੇਵਿੰਦਰ ਪਾਲ ਕੌਸ਼ਲ, ਐਕਸੀਐਨ ਸੋਹਨ ਲਾਲ ਗਰਗ, ਐਸ.ਡੀ.ਓ. ਗਗਨਦੀਪ ਸਿੰਘ, ਬਾਗਬਾਨੀ ਵਿਭਾਗ ਦੇ ਡਿਪਟੀ ਡਾਇਰੈਕਟਰ ਸ. ਸਵਰਨ ਸਿੰਘ ਮਾਨ ਅਤੇ ਹੋਰ ਪਤਵੰਤੇ ਮੌਜੂਦ ਸਨ।