ਕੌਮੀ ਗਰੀਨ ਟ੍ਰਿਬਿਊਨਲ ਦੀ ਨਿਗਰਾਨ ਕਮੇਟੀ ਦੇ ਚੇਅਰਮੈਨ ਜਸਟਿਸ (ਰਿਟਾ.) ਜਸਬੀਰ ਸਿੰਘ ਦੀ ਅਗਵਾਈ ਵਾਲੀ ਨਿਗਰਾਨ ਕਮੇਟੀ ਵਲੋਂ ਜਿਸ ਵਿੱਚ ਐਸ.ਸੀ.ਅਗਰਵਾਲ, ਸੰਤ ਬਲਬੀਰ ਸਿੰਘ ਸੀਚੇਵਾਲ ਅਤੇ ਬਾਬੂ ਰਾਮ ਬਤੌਰ ਮੈਂਬਰ ਸ਼ਾਮਿਲ ਹਨ ਵਲੋਂ ਅੱਜ ਜ਼ਿਲ੍ਹਾ ਪ੍ਰਸ਼ਾਸਨ ਅਤੇ ਨਗਰ ਨਿਗਮ ਜਲੰਧਰ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਗਈ ਕਿ ਠੋਸ ਰਹਿੰਦ-ਖੂੰਹਦ ਦੇ ਨਿਪਟਾਰੇ ,ਸੀਵਰੇਜ ਟਰੀਟਮੈਂਟ ਪਲਾਂਟਾ ਅਤੇ ਜ਼ਿਲ੍ਹੇ ਵਿੱਚ ਹੋਰ ਚੱਲ ਰਹੇ ਵਿਕਾਸ ਕਾਰਜਾਂ ਬਾਰੇ ਸਮਾਂਬੱਧ ਰਿਪੋਰਟ ਪੇਸ਼ ਕੀਤੀ ਜਾਵੇ।ਕਮੇਟੀ ਵਲੋਂ ਜ਼ਿਲ੍ਹਾ ਪ੍ਰਸ਼ਾਸਨ ਦੇ ਉਚ ਅਧਿਕਾਰੀਆਂ ਡਿਪਟੀ ਕਮਿਸ਼ਨਰ ਜਲੰਧਰ ਸ੍ਰੀ ਵਰਿੰਦਰ ਕੁਮਾਰ ਸ਼ਰਮਾ ,ਜਲੰਧਰ ਦੇ ਮੇਅਰ ਜਗਦੀਸ਼ ਰਾਜ ਰਾਜਾ, ਨਗਰ ਨਿਗਮ ਦੇ ਕਮਿਸ਼ਨਰ ਦੀਪਰਵਾ ਲਾਕੜਾ, ਮਹੱਤਵਪੂਰਨ ਵਿਭਾਗਾਂ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ, ਸਿੰਚਾਈ, ਪੰਚਾਇਤ ਅਤੇ ਪੇਂਡੂ ਵਿਕਾਸ, ਭੂਮੀ ਰੱਖਿਆ ,ਉਦਯੋਗ ਦੇ ਜ਼ਿਲ੍ਹਾ ਮੁਖੀ ਨਾਲ ਮੀਟਿੰਗ ਕੀਤੀ ਗਈ। ਨਿਗਰਾਨ ਕਮੇਟੀ ਦੇ ਚੇਅਰਮੈਨ ਜਸਟਿਸ (ਰਿਟਾ.) ਜਸਬੀਰ ਸਿੰਘ ਨੇ ਅਧਿਕਾਰੀਆਂ ਨੂੰ ਕਿਹਾ ਕਿ ਵਾਤਾਵਰਣ ਦੀ ਸਾਂਭ ਸੰਭਾਲ ਨਾਲ ਸਬੰਧਿਤ ਹਰੇਕ ਪ੍ਰੋਜੈਕਟ ਦੀ ਸਮਾਂ ਹੱਦ ਨਿਸਚਿਤ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਉਚ ਅਧਿਕਾਰੀ ਪ੍ਰੋਜੈਕਟ ਦੀ ਡੀ.ਪੀ.ਆਰ. (ਵਿਸਥਾਰਿਤ ਪ੍ਰੋਜੈਕਟ ਰਿਪੋਰਟ) ਤਿਆਰ ਕਰਨ ਤੋਂ ਲੈ ਕੇ ਟੈਂਡਰ ਪ੍ਰਕਿਰਿਆ ,ਕੰਮ ਨੂੰ ਸ਼ੁਰੂ ਕਰਨ ਦੀ ਮਿਤੀ ਅਤੇ ਕੰਮ ਦੇ ਖ਼ਤਮ ਹੋਣ ਦੀ ਮਿਤੀ ਬਾਰੇ ਖੁਦ ਨਿਗਰਾਨੀ ਕਰਨ ਅਤੇ ਟ੍ਰਿਬਿਊਨਲ ਦੀ ਨਿਗਰਾਨ ਕਮੇਟੀ ਵਲੋਂ ਸਮੇਂ ਸਮੇਂ ਸਿਰ ਪ੍ਰੋਜੈਕਟ ਵਾਲੀਆਂ ਥਾਵਾਂ ਦਾ ਦੌਰਾ ਕਰਕੇ ਕੰਮ ਦਾ ਜਾਇਜ਼ਾ ਲਿਆ ਜਾਵੇਗਾ।
ਕਮੇਟੀ ਨੇ ਕਿਹਾ ਕਿ ਵਾਤਾਵਰਣ ਦੀ ਸਾਂਭ ਸੰਭਾਲ ਨਾਲ ਸਬੰਧਿਤ ਸਾਰੇ ਪ੍ਰੋਜੈਕਟ ਸਮਾਂਬੱਧ ਤਰੀਕੇ ਨਾਲ ਮੁਕੰਮਲ ਕੀਤੇ ਜਾਣ। ਉਨ੍ਹਾ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਕਿਹਾ ਕਿ ਵਾਤਾਵਰਣ ਨਾਲ ਸਬੰਧਿਤ ਮੁੱਦਿਆਂ ਨੂੰ ਪਹਿਲ ਦਿੱਤੀ ਜਾਵੇ ਤਾਂ ਜੋ ਆਉਣ ਵਾਲੀਆਂ ਪੀੜ੍ਹੀਆਂ ਨੂੰ ਚੰਗਾ ਭਵਿੱਖ ਦਿੱਤਾ ਜਾ ਸਕੇ। ਨਿਗਰਾਨ ਕਮੇਟੀ ਵਲੋਂ ਜਿਥੇ ਪਾਣੀ ਦੇ ਸਰੋਤਾਂ ਵਿਚ ਅਣਸੋਧਿਆ ਪਾਣੀ ਪੈਣ ਤੋਂ ਰੋਕਣ ਲਈ ਅਜਿਹੇ ਸਾਰੇ ਮੋਘਿਆਂ ਨੂੰ ਸਖ਼ਤੀ ਨਾਲ ਬੰਦ ਕਰਨ ਦੇ ਹੁਕਮ ਦਿੱਤੇ ਗਏ ਹਨ ਉਥੇ ਹੀ ਨਗਰ ਨਿਗਮ ਨੂੰ ਹਦਾਇਤ ਕੀਤੀ ਗਈ ਹੈ ਕਿ ਉਹ ਵਰਿਆਣਾ ਨੇੜੇ ਕੂੜੇ ਦੇ ਡੰਪ ਨੂੰ ਜੈਵਿਕ ਤਰੀਕੇ ਨਾਲ ਖ਼ਤਮ ਕਰਨ ਦੀ ਯੋਜਨਾ ਨੂੰ ਤੇਜ਼ੀ ਨਾਲ ਅਮਲ ਵਿਚ ਲਿਆਂਦਾ ਜਾਵੇ।ਨਿਗਰਾਨ ਕਮੇਟੀ ਵਲੋਂ ਲੋਕਾਂ ਨੂੰ ਵੀ ਇਹ ਸੱਦਾ ਦਿੱਤਾ ਗਿਆ ਕਿ ਉਹ ਕੁਦਰਤੀ ਸਾਧਨਾਂ ਦੀ ਸਾਂਭ-ਸੰਭਾਲ ਵੱਲ ਵਿਸ਼ੇਸ਼ ਤਵੱਜੋਂ ਦੇਣ ਅਤੇ ਨਾਲ ਹੀ ਘਰਾਂ ਵਿੱਚ ਕੂੜੇ ਨੂੰ ਵੱਖੋ ਵੱਖਰੇ ਕੂੜੇ ਦਾਨਾਂ ਵਿੱਚ ਰੱਖਣ ਲਈ ਅਪੀਲ ਕੀਤੀ ਗਈ।ਮੀਟਿੰਗ ਦੌਰਾਨ ਜ਼ਿਲ੍ਹਾ ਪ੍ਰਸ਼ਾਸਨ ਦੇ ਅਧਿਕਾਰੀਆਂ ਵਲੋਂ ਠੋਸ ਰਹਿੰਦ-ਖੂੰਹਦ ਦੇ ਨਿਪਟਾਰੇ ,ਬਾਇਓ ਮੈਡੀਕਲ ਵੇਸਟ ਦੇ ਪ੍ਰਬੰਧਨ ਅਤੇ ਸੀਵਰੇਜ ਟਰੀਟਮੈਂਟ ਪਲਾਂਟਾ ਬਾਰੇ ਇਕ ਪੇਸ਼ਕਾਰੀ ਵੀ ਦਿੱਤੀ ਗਈ।ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਕੁਲਵੰਤ ਸਿੰਘ, ਨਗਰ ਨਿਗਮ ਦੇ ਸੰਯੁਕਤ ਕਮਿਸ਼ਨਰ ਹਰਚਰਨ ਸਿੰਘ,ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਮੁੱਖ ਵਾਤਾਵਰਣ ਇੰਜੀਨੀਅਰ ਜੀ.ਐਸ.ਮਜੀਠੀਆ, ਜਿਲ੍ਹਾ ਵਿਕਾਸ ਤੇ ਪੰਚਾਇਤ ਅਫ਼ਸਰ ਇਕਬਾਲਪ੍ਰੀਤ ਸਿੰਘ ਅਤੇ ਹੋਰ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ।