ਡਾਕਟਰੀ ਸਿਖਿਆ ਤੇ ਖੋਜ ਮੰਤਰੀ ਪੰਜਾਬ, ਓਮ ਪ੍ਰਕਾਸ਼ ਸੋਨੀ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੂਰਬ ਨੂੰ ਲੈ ਕੇ ਅੰਮ੍ਰਿਤ ਪ੍ਰਾਜੈਕਟ ਤਹਿਤ ਲੋਕਾਂ ਨੂੰ ਸਾਫ ਪੀਣ ਵਾਲਾ ਮੁਹੱਈਆ ਕਰਵਾਉਣ ਦੇ ਉਦੇਸ਼ ਨਾਲ ਫਤਾਹਪੁਰ ਵਿਖੇ 60 ਕਰੋੜ ਰੁਪਏ ਦੇ ਪ੍ਰਾਜੈਕਟ ਦਾ ਉਦਘਾਟਨ ਕੀਤਾ।ਇਸ ਮੌਕੇ ਸ੍ਰੀ ਸੋਨੀ ਨੇ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੂਰਬ ਦੇ ਸਬੰਧ ਵਿੱਚ ਹਲਕਾ ਅੰਮ੍ਰਿਤਸਰ ਕੇਂਦਰੀ ਦੇ ਲੋਕਾਂ ਨੂੰ ਸਾਫ ਪਾਣੀ ਮੁਹੱਈਆ ਕਰਵਾਉਣ ਦੇ ਉਦੇਸ਼ ਨਾਲ ਅੰਮ੍ਰਿਤ ਪ੍ਰ੍ਰਾਜਕੈਟ ਤਹਿਤ ਤੇਜੀ ਨਾਲ ਕੰਮ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਇਸ ਪ੍ਰਾਜੈਕਟ ਨਾਲ ਲੋਕਾਂ ਨੂੰ ਪੀਣ ਵਾਲਾ ਸਾਫ ਪਾਣੀ ਮੁਹੱਈਆ ਹੋਵੇਗਾ। ਸ੍ਰੀ ਸੋਨੀ ਨੇ ਕਿਹਾ ਕਿ ਹਲਕਾ ਕੇਂਦਰੀ ਵਿੱਚ ਤੇਜੀ ਨਾਲ ਵਿਕਾਸ ਕਾਰਜ ਕੀਤੇ ਜਾ ਰਹੇ ਹਨ ਅਤੇ 80 ਫੀਸਦੀ ਤੋਂ ਜਿਆਦਾ ਵਿਕਾਸ ਦੇ ਕੰਮ ਮੁਕੰਮਲ ਹੋ ਚੁੱਕੇ ਹਨ। ਉਨ੍ਹਾਂ ਦੱਸਿਆ ਕਿ ਬਾਕੀ ਰਹਿੰਦੇ ਕੰਮਾਂ ਨੂੰ ਵੀ ਛੇਤੀ ਨਾਲ ਪੂਰਾ ਕਰ ਦਿੱਤਾ ਜਾਵੇਗਾ। ਸ੍ਰੀ ਸੋਨੀ ਨੇ ਕਿਹਾ ਕਿ ਸਰਕਾਰ ਵੱਲੋਂ ਗਰੀਬਾਂ ਦੀ ਭਲਾਈ ਲਈ ਅਨੇਕਾਂ ਯੋਜਨਾਵਾਂ ਚਲਾਈਆਂ ਜਾ ਰਹੀਆਂ ਹਨ ਜਿਸ ਤਹਿਤ ਸਿਹਤ ਬੀਮਾ ਕਾਰਡ, ਆਟਾ ਦਾਲ ਸਕੀਮ, ਸ਼ਗਨ ਸਕੀਮ, ਬੁਢਾਪਾ, ਵਿਧਵਾ, ਦਿਵਆਂਗ ਅਤੇ ਆਸ਼ਰਿਤ ਪੈਨਸ਼ਨਾਂ ਦਿੱਤੀਆਂ ਜਾ ਰਹੀਆਂ ਹਨ। ਸ੍ਰੀ ਸੋਨੀ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੂਰਬ ਨੂੰ ਬੜੀ ਸ਼ਰਧਾ ਨਾਲ ਮਨਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸੁਲਤਾਨਪੁਰ ਲੋਧੀ ਅਤੇ ਡੇਰਾ ਬਾਬਾ ਨਾਨਕ ਵਿਖੇ ਸੰਗਤਾਂ ਦੇ ਰਹਿਣ-ਸਹਿਣ ਦੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ ਅਤੇ ਸੰਗਤਾਂ ਨੂੰ ਕਿਸੇ ਵੀ ਤਰ੍ਹਾਂ ਦੀ ਮੁਸ਼ਕਲ ਪੇਸ਼ ਨਹੀਂ ਆਉਣ ਦਿੱਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਵੱਡੀ ਗਿਣਤੀ ਵਿੱਚ ਸੰਗਤਾਂ ਸ੍ਰੀ ਦਰਬਾਰ ਸਾਹਿਬ ਵਿਖੇ ਵੀ ਮੱਥਾ ਟੇਕਣ ਲਈ ਆਉਣਗੀਆਂ ਅਤੇ ਉਨ੍ਹਾਂ ਦੀ ਸਹੂਲਤ ਲਈ ਵੀ ਸ਼ਹਿਰ ਦੀ ਟ੍ਰੈਫਿਕ ਅਤੇ ਸਫਾਈ ਵਿਵਸਥਾ ਨੂੰ ਦਰੁਸਤ ਕੀਤਾ ਜਾ ਰਿਹਾ ਹੈ। ਸ੍ਰੀ ਸੋਨੀ ਨੇ ਕਿਹਾ ਕਿ ਸਾਨੂੰ ਸਾਰਿਆਂ ਨੂੰ ਮਿਲ ਕੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੂਰਬ ਨੂੰ ਆਪਸੀ ਪਿਆਰ ਅਤੇ ਸਦਭਾਵਨਾ ਨਾਲ ਮਨਾਉਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਅੱਜ ਸਮੇਂ ਦੀ ਮੁੱਖ ਲੋੜ ਹੈ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੁਆਰਾ ਦਿਖਾਏ ਰਸਤੇ ਤੇ ਚੱਲੀਏ ਅਤੇ ਉਨ੍ਹਾਂ ਦੇ ਦਿੱਤੇ ਗਏ ਉਪਦੇਸ਼ ਕਿਰਤ ਕਰੋ, ਨਾਮ ਜਪੋ ਅਤੇ ਵੰਡ ਕੇ ਛਕੋ ਦੇ ਧਾਰਨੀ ਬਣੀਏ। ਇਸ ਮੌਕੇ ਸ੍ਰ ਕਰਮਜੀਤ ਸਿੰਘ ਰਿੰਟੂ, ਮੇਅਰ ਨਗਰ ਨਿਗਮ, ਸ੍ਰੀ ਯੂਨਿਸ ਕੁਮਾਰ ਡਿਪਟੀ ਮੇਅਰ, ਸ੍ਰੀ ਮਹੇਸ਼ ਖੰਨਾ , ਸ੍ਰੀ ਵਿਕਾਸ ਸੋਨੀ ਕੌਂਸਲਰ, ਸ੍ਰ ਲਖਵਿੰਦਰ ਸਿੰਘ ਕੌਂਸਲਰ, ਸ੍ਰੀ ਪਰਮਜੀਤ ਚੋਪੜਾ, ਸ੍ਰ ਸਰਬਜੀਤ ਸਿੰਘ ਲਾਟੀ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਇਲਾਕਾ ਨਿਵਾਸੀ ਹਾਜਰ ਸਨ।