ਦੀਵਾਲੀ ਤੋਂ ਪਹਿਲਾਂ ਫ਼ਿਰੋਜ਼ਪੁਰ ਸ਼ਹਿਰ ਵਿਚ 5 ਕਰੋੜ ਰੁਪਏ ਦੀ ਲਾਗਤ ਨਾਲ ਨਵੀਆਂ ਸੜਕਾਂ ਬਣਾਈਆਂ ਜਾਣਗੀਆਂ, ਜਿਨ੍ਹਾਂ ਵਿਚੋਂ 2.09 ਕਰੋੜ ਰੁਪਏ ਦੀ ਲਾਗਤ ਨਾਲ ਪਹਿਲੇ ਪੜਾਅ ਵਿਚ ਚਾਰ ਮੁੱਖ ਸੜਕਾਂ ਦਾ ਨਿਰਮਾਣ ਸ਼ੁਰੂ ਕਰ ਦਿੱਤਾ ਗਿਆ ਹੈ। ਵੀਰਵਾਰ ਨੂੰ ਵਿਧਾਇਕ ਪਰਮਿੰਦਰ ਸਿੰਘ ਪਿੰਕੀ ਅਤੇ ਡਿਪਟੀ ਕਮਿਸ਼ਨਰ ਚੰਦਰ ਗੈਂਦ ਨੇ ਸਾਂਝੇ ਤੌਰ 'ਤੇ 1.28 ਕਰੋੜ ਰੁਪਏ ਦੀ ਲਾਗਤ ਨਾਲ ਬਣਨ ਵਾਲੀ ਨਵੀਂ ਮਾਲ ਸੜਕ ਦੇ ਨਿਰਮਾਣ ਕਾਰਜ ਦੀ ਸ਼ੁਰੂਆਤ ਕੀਤੀ।ਵਿਸਥਾਰ ਜਾਣਕਾਰੀ ਦਿੰਦੇ ਹੋਏ ਵਿਧਾਇਕ ਪਰਮਿੰਦਰ ਸਿੰਘ ਪਿੰਕੀ ਅਤੇ ਡਿਪਟੀ ਕਮਿਸ਼ਨਰ ਚੰਦਰ ਗੈਂਦ ਨੇ ਦੱਸਿਆ ਕਿ ਸ਼ਹਿਰ ਦੀਆਂ ਸੜਕਾਂ ਲਈ 5 ਕਰੋੜ ਰੁਪਏ ਦੀ ਗਰਾਂਟ ਮਿਲੀ ਹੈ, ਜਿਸ ਨਾਲ ਮਾਲ ਸੜਕ ਦਾ ਨਿਰਮਾਣ ਸ਼ੁਰੂ ਕਰ ਦਿੱਤਾ ਹੈ। ਬਾਕੀ ਸੜਕਾਂ ਵੀ ਜਲਦੀ ਸ਼ੁਰੂ ਕਰ ਦਿੱਤੀਆਂ ਜਾਣਗੀਆਂ। ਇਸ ਫ਼ੰਡ ਨਾਲ ਸ਼ਹੀਦ ਭਗਤ ਸਿੰਘ ਸਟੇਡੀਅਮ ਤੋਂ ਸ਼ਹੀਦ ਉਧਮ ਸਿੰਘ ਚੌਕ ਰੋਡ, ਮੱਖੂ ਗੇਟ ਤੋਂ ਆਰਐਸਡੀ ਕਾਲਜ ਰੋਡ, ਖਾਈ ਰੋਡ ਤੋਂ ਪੈਟਰੋਲ ਪੰਪ ਰੋਡ ਅਤੇ ਪ੍ਰੈਸ ਕਲੱਬ ਚੌਕ ਤੋਂ ਅਨਿਲ ਬਾਗ਼ੀ ਰੋਡ ਦੇ ਕੰਮ ਦੀ ਸ਼ੁਰੂਆਤ ਕੀਤੀ ਜਾਵੇਗੀ। ਇਨ੍ਹਾਂ ਚਾਰ ਸੜਕਾਂ 'ਤੇ ਕੁੱਲ 2.09 ਕਰੋੜ ਰੁਪਏ ਖ਼ਰਚ ਕੀਤੇ ਜਾਣਗੇ। ਦੂਜੇ ਪੜਾਅ ਵਿੱਚ, ਬਾਕੀ ਸੜਕਾਂ 3 ਕਰੋੜ ਰੁਪਏ ਦੀ ਲਾਗਤ ਨਾਲ ਬਣਾਈਆਂ ਜਾਣਗੀਆਂ ਅਤੇ ਇਹ ਸਾਰੇ ਕੰਮ ਦੀਵਾਲੀ ਤੋਂ ਪਹਿਲਾਂ ਹੋ ਜਾਣਗੇ।ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਸ਼ਹਿਰ ਦੇ ਵਿਕਾਸ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੇਗਾ, ਜਿਸ ਤਹਿਤ ਵਿਕਾਸ ਕਾਰਜਾਂ ਦੀ ਲੜੀ ਆਰੰਭ ਦਿੱਤੀ ਗਈ ਹੈ। ਇਨ੍ਹਾਂ ਕੰਮਾਂ ਲਈ ਫ਼ੰਡਾਂ ਦੀ ਘਾਟ ਵੀ ਨਹੀਂ ਹੋਏਗੀ। ਉਨ੍ਹਾਂ ਕਿਹਾ ਕਿ ਸ਼ਹੀਦ ਭਗਤ ਸਿੰਘ ਸਟੇਡੀਅਮ ਤੋਂ ਸ਼ਹੀਦ ਉਧਮ ਸਿੰਘ ਚੌਕ ਤੱਕ ਜਾਂਦੀ ਸੜਕ 'ਤੇ 128 ਲੱਖ ਰੁਪਏ ਖ਼ਰਚ ਕੀਤੇ ਜਾਣਗੇ।
ਇਸੇ ਤਰ੍ਹਾਂ ਮੱਖੂ ਗੇਟ ਤੋਂ ਆਰਐਸਡੀ ਕਾਲਜ ਰੋਡ 'ਤੇ 26.13 ਲੱਖ ਰੁਪਏ, ਖਾਈ ਰੋਡ ਤੋਂ ਪੈਟਰੋਲ ਪੰਪ ਰੋਡ' ਤੇ 41.18 ਲੱਖ ਰੁਪਏ ਅਤੇ ਪ੍ਰੈੱਸ ਕਲੱਬ ਚੌਕ ਤੋਂ ਅਨਿਲ ਬਾਗ਼ੀ ਰੋਡ 'ਤੇ 13.87 ਲੱਖ ਰੁਪਏ ਖ਼ਰਚ ਕੀਤੇ ਜਾਣਗੇ।ਡਿਪਟੀ ਕਮਿਸ਼ਨਰ ਚੰਦਰ ਗੈਂਦ ਨੇ ਕਿਹਾ ਕਿ ਲੋਕ ਜਲਦੀ ਹੀ ਸ਼ਹਿਰ ਦੀਆਂ ਸੜਕਾਂ ਤੇ ਘੁੰਮ ਰਹੇ ਬੇਸਹਾਰਾ ਪਸ਼ੂਆਂ ਦੀ ਸਮੱਸਿਆ ਤੋਂ ਛੁਟਕਾਰਾ ਪਾਉਣਗੇ ਕਿਉਂਕਿ ਨਵੀਂ ਗਊਸ਼ਾਲਾ ਦੇ ਨਿਰਮਾਣ ਲਈ ਸਰਕਾਰ ਨੂੰ 3 ਕਰੋੜ ਰੁਪਏ ਦੀ ਗਰਾਂਟ ਮਿਲੀ ਹੈ। ਇਸ ਕੰਮ ਲਈ ਜਗ੍ਹਾ ਦੀ ਭਾਲ ਕੀਤੀ ਜਾ ਰਹੀ ਹੈ, ਜਿਵੇਂ ਹੀ ਢੁਕਵੀਂ ਜਗ੍ਹਾ ਮਿਲ ਜਾਵੇਗੀ, ਗਊਸ਼ਾਲਾ ਦਾ ਨਿਰਮਾਣ ਕਾਰਜ ਸ਼ੁਰੂ ਕਰ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਹ ਨਵੇਂ ਪ੍ਰਾਜੈਕਟ ਸ਼ਹਿਰ ਦੇ ਵਿਕਾਸ ਕਾਰਜਾਂ ਨੂੰ ਤੇਜ਼ ਕਰਨ ਦੇ ਨਾਲ-ਨਾਲ ਲੋਕਾਂ ਦੀ ਆਵਾਜਾਈ ਨਾਲ ਜੁੜੀਆਂ ਸਮੱਸਿਆਵਾਂ ਦਾ ਹੱਲ ਵੀ ਕਰਨਗੇ। ਡਿਪਟੀ ਕਮਿਸ਼ਨਰ ਨੇ ਨਗਰ ਕੌਂਸਲ ਦੇ ਅਧਿਕਾਰੀਆਂ ਨੂੰ ਕਿਹਾ ਕਿ ਉਹ ਇਨ੍ਹਾਂ ਸਾਰੀਆਂ ਕਾਰਵਾਈਆਂ ਨੂੰ ਗੰਭੀਰਤਾ ਨਾਲ ਨੇਪਰੇ ਚਾੜ੍ਹਨ ਅਤੇ ਡੈੱਡਲਾਈਨ ਦਾ ਵਿਸ਼ੇਸ਼ ਧਿਆਨ ਰੱਖਣ ਕਿਉਂਕਿ ਕਿਸੇ ਵੀ ਅਣਗਹਿਲੀ 'ਤੇ ਸਖ਼ਤ ਵਿਭਾਗੀ ਕਾਰਵਾਈ ਕੀਤੀ ਜਾਵੇਗੀ। ਇਸ ਤੋਂ ਪਹਿਲਾ ਵਿਧਾਇਕ ਅਤੇ ਡਿਪਟੀ ਕਮਿਸ਼ਨਰ ਵੱਲੋਂ ਨਗਰ ਕੌਂਸਲ ਵਿਖੇ 15 ਲੱਖ ਨਾਲ ਤਿਆਰ ਹੋਣ ਵਾਲੀ ਫਾਇਰ ਬ੍ਰਿਗੇਡ ਬਿਲਡਿੰਗ ਦਾ ਵੀ ਉਦਘਾਟਨ ਕੀਤਾ ਗਿਆ।ਇਸ ਮੌਕੇ ਹਰਿੰਦਰ ਸਿੰਘ ਖੋਸਾ, ਰਿੰਕੂ ਗਰੋਵਰ, ਚੰਦਰ ਮੋਹਨ ਹਾਂਡਾ (ਲਾਲੋ ਹਾਂਡਾ), ਅਸ਼ੋਕ ਗੁਪਤਾ, ਨਗਰ ਕੌਂਸਲ ਦੇ ਈਓ ਚਰਨਜੀਤ ਸਿੰਘ, ਕਸ਼ਮੀਰ ਸਿੰਘ, ਸਤਨਾਮ ਸਿੰਘ, ਬੋਹਰ ਸਿੰਘ, ਬੰਟੀ ਬਜਾਜ, ਰਜਿੰਦਰ ਸਿੱਪੀ, ਰਾਜਿੰਦਰ ਛਾਬੜਾ, ਬਲਵੀਰ ਬਾਠ, ਸੁਖਵਿੰਦਰ ਅਟਾਰੀ, ਰਿਸ਼ੀ ਸ਼ਰਮਾ, ਪ੍ਰਿੰਸ ਪਾਊ, ਅਵਤਾਰ ਸਿੰਘ, ਬਲੀ ਸਿੰਘ, ਪਰਮਿੰਦਰ ਹਾਂਡਾ, ਧਰਮਜੀਤ ਸਿੰਘ ਗਿਆਨ ਹਾਂਡਾ, ਗੁਲਸ਼ਨ ਮੌਂਗਾ ਆਦਿ ਹਾਜ਼ਰ ਸਨ।