ਸ੍ਰੀ ਮੁਕਤਸਰ ਸਾਹਿਬ ਵਿਖੇ ਨਵ ਨਿਯੁਕਤ ਹੋਏ ਐਸ.ਐਸ.ਪੀ. ਸ: ਰਾਜ ਬਚਨ ਸਿੰਘ ਸੰਧੂ ਨੇ ਮੀਡੀਆ ਨਾਲ ਆਪਣੀ ਪਲੇਠੀ ਬੈਠਕ ਦੌਰਾਨ ਆਖਿਆ ਕਿ ਜ਼ਿਲਾ ਪੁਲਿਸ ਦੀ ਨਸ਼ਿਆਂ ਖਿਲਾਫ ਲਗਾਤਾਰ ਆਪਣੀ ਜੰਗ ਜਾਰੀ ਰਹੇਗੀ ਅਤੇ ਸਮਾਜ ਦੇ ਸਹਿਯੋਗ ਨਾਲ ਇਸ ਬੁਰਾਈ ਨੂੰ ਖਤਮ ਕੀਤਾ ਜਾਵੇਗਾ। ਨਾਲ ਹੀ ਇਸ ਮੌਕੇ ਉਨਾਂ ਨੇ ਮੀਡੀਆ ਵੱਲੋਂ ਸਮਾਜ ਵਿਚ ਪਾਏ ਜਾ ਰਹੇ ਉਸਾਰੂ ਯੋਗਦਾਨ ਲਈ ਮੀਡੀਆ ਕਰਮੀਆਂ ਦਾ ਧੰਨਵਾਦ ਵੀ ਕੀਤਾ।ਆਪਣੀਆਂ ਤਰਜੀਹਾਂ ਦਾ ਜਿਕਰ ਕਰਦਿਆਂ ਐਸ.ਐਸ.ਪੀ. ਸ: ਰਾਜ ਬਚਨ ਸਿੰਘ ਸੰਧੂ ਨੇ ਦੱਸਿਆ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਸੂਬਾ ਸਰਕਾਰ ਵੱਲੋਂ ਨਸ਼ਿਆਂ ਦੇ ਖਾਤਮੇ ਦਾ ਜੋ ਬੀੜਾ ਚੁੱਕਿਆ ਗਿਆ ਹੈ ਉਸ ਅਭਿਆਨ ਨੂੰ ਮੁਕਾਮ ਤੱਕ ਪਹੁੰਚਾਇਆ ਜਾਵੇਗਾ। ਉਨਾਂ ਨੇ ਕਿਹਾ ਕਿ ਜ਼ਿਲਾ ਸ੍ਰੀ ਮੁਕਤਸਰ ਸਾਹਿਬ ਵਿਚ ਲੋਕ ਡੈਪੋ ਮੁਹਿੰਮ ਤਹਿਤ ਪੁਲਿਸ ਨਾਲ ਬਹੁਤ ਚੰਗਾ ਸਹਿਯੋਗ ਕਰ ਰਹੇ ਹਨ। ਉਨਾਂ ਨੇ ਕਿਹਾ ਕਿ ਇਸ ਸਬੰਧੀ ਜਨ ਜਾਗਰੂਕਤਾ ਲਈ ਵੀ ਜਿੱਥੇ ਪੁਲਿਸ ਉਪਰਾਲੇ ਜਾਰੀ ਰੱਖੇਗੀ ਉਥੇ ਹੀ ਪੁਲਿਸ ਵੱਲੋਂ ਨਸ਼ਾ ਤਸਕਰਾਂ ਦੀ ਗ੍ਰਿਫਤਾਰੀ ਤੋਂ ਬਾਅਦ ਉਨਾਂ ਦੀਆਂ ਪਿੱਛਲੀਆਂ ਕੜੀਆਂ ਜੋੜ ਕੇ ਵੱਡੀਆਂ ਮੱਛੀਆਂ ਨੂੰ ਕਾਨੂੰਨ ਦੇ ਘੇਰੇ ਵਿਚ ਲਿਆਂਦਾ ਜਾਵੇਗਾ। ਉਨਾਂ ਨੇ ਕਿਹਾ ਕਿ ਨਸ਼ੇ ਦੀ ਤਸਕਰੀ ਸਬੰਧੀ ਪਿੰਡਾਂ ਦੀਆਂ ਨਸ਼ਾ ਨਿਗਰਾਨ ਕਮੇਟੀਆਂ ਜਾਂ ਕਿਸੇ ਵੀ ਹੋਰ ਸ਼ੋ੍ਰਤ ਤੋਂ ਸੂਚਨਾ ਮਿਲਣ ਤੇ ਪੁਲਿਸ ਤੇਜੀ ਨਾਲ ਮੌਕੇ ਤੇ ਪਹੁੰਚਣਾ ਯਕੀਨੀ ਬਣਾਏਗੀ ਉਥੇ ਹੀ ਇਹ ਵੀ ਯਕੀਨੀ ਬਣਾਇਆ ਜਾਵੇਗਾ ਕਿ ਪੁਲਿਸ ਵੱਲੋਂ ਜਾਂਚ ਤੋਂ ਬਾਅਦ ਤਿਆਰ ਕੇਸ ਪੂਰੀ ਤਰਾਂ ਮਜਬੂਤ ਹੋਵੇ ਅਤੇ ਕੋਈ ਦੋਸ਼ੀ ਬਚ ਨਾ ਸਕੇ।ਐਸ.ਐਸ.ਪੀ. ਨੇ ਇਸ ਮੌਕੇ ਸ਼ਹਿਰਾਂ ਵਿਚ ਟੈ੍ਰਫਿਕ ਵਿਵਸਥਾ ਸੁਧਾਰਨ ਤੇ ਵੀ ਜੋਰ ਦਿੱਤਾ ਅਤੇ ਨਾਲ ਹੀ ਗਿਆ ਕਿ ਪੀਸੀਆਰ ਟੁਕੜੀਆਂ ਮੁੜ ਤਾਇਨਾਤ ਕੀਤੀਆਂ ਜਾਣਗੀਆਂ ਜੋ ਕਿ ਮਾੜੇ ਅਨਸਰਾਂ ਤੇ ਨਿਗਰਾਨੀ ਰੱਖਣਗੀਆਂ। ਉਨਾਂ ਨੇ ਜ਼ਿਲਾ ਵਾਸੀਆਂ ਨੂੰ ਵੀ ਅਪੀਲ ਕੀਤੀ ਕਿ ਉਹ ਬੇਝਿਜਕ ਸਮਾਜ ਵਿਰੋਧੀ ਅਨਸਰਾਂ ਦੀ ਸੂਚਨਾ ਪੁਲਿਸ ਨੂੰ ਦੇਣ। ਅਜਿਹੀ ਸੂਚਨਾ ਦੇਣ ਵਾਲੇ ਦੀ ਪਹਿਚਾਣ ਪੁਲਿਸ ਵੱਲੋਂ ਗੁਪਤ ਰੱਖੀ ਜਾਵੇਗੀ। ਇਸ ਮੌਕੇ ਐਸ.ਪੀ. ਸ: ਗੁਰਮੇਲ ਸਿੰਘ ਧਾਲੀਵਾਲ ਵੀ ਉਨਾਂ ਦੇ ਨਾਲ ਹਾਜਰ ਸਨ।