ਮਾਂ ਦੇ ਦੁੱਧ ਦੀ ਮਹਤੱਤਾ ਅਤੇ ਕੁਦਰਤੀ ਗੁਣਾਂ ਪ੍ਰਤੀ ਜਾਗਰੂਕਤਾ ਲਿਆਉਣ ਲਈ, ਸਿਹਤ ਤੇ ਪਰਿਵਾਰ ਭਲਾਈ ਵਿਭਾਗ ਪੰਜਾਬ ਵਲੋਂ 1 ਤੋਂ 7 ਅਗਸਤ ਤੱਕ ਹਫਤਾਵਰ ਪ੍ਰੋਗਰਾਮ ਦੀ ਸ਼ੁਰੂਆਤ ਕੀਤਾ ਗਈ ਹੈ। ਜਿਸ ਦਾ ਮੁੱਖ ਮੰਤਵ ਗਰਭਵਤੀ ਔਰਤਾਂ ਤੇ ਮਾਵਾਂ ਨੂੰ ਦੁੱਧ ਦੇ ਕੁਦਰਤੀ ਗੁਣਾਂ ਬਾਰੇ ਸੁਚੇਤ ਕਰਨਾ ਹੈ ਤਾਂ ਜੋ ਹਸਪਤਾਲਾਂ ਵਿੱਚ ਨਵ-ਜਨਮੇ ਬੱਚਿਆਂ ਨੂੰ 1 ਘੰਟੇ ਦੌਰਾਨ ਮਾਂ ਦਾ ਦੁੱਧ ਪਿਲਾ ਕੇ ਜਾਨਲੇਵਾ ਬਿਮਾਰੀਆਂ ਤੋਂ ਬਚਾਇਆ ਜਾ ਸਕੇ। ਇਸ ਬਾਰੇ ਹੋਰ ਜਾਣਕਾਰੀ ਦਿੰਦਿਆਂ ਸੂਬਾ ਪੱਧਰੀ ਸਮਾਗਮ ਮੌਕੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਦੱਸਿਆ ਕਿ ਅੱਜ ਦੇ ਤਕਨਾਲੋਜੀ ਦੇ ਯੁੱਗ ਵਿੱਚ ਵੀ ਔਰਤਾਂ ਨੂੰ ਮਾਂ ਦੇ ਦੁੱਧ ਦੀ ਮਹੱਤਤਾ ਸਬੰਧੀ ਜਾਗਰੂਕ ਕਰਨ ਦੀ ਲੋੜ ਹੈ, ਜਿਸ ਨਾਲ ਜਾਨਲੇਵਾ ਪਰ ਕਾਬੂ ਕੀਤੀਆਂ ਜਾ ਸਕਣ ਵਾਲੀਆਂ ਬਿਮਾਰੀਆਂ ਤੋਂ ਬੱਚਿਆਂ ਨੂੰ ਬਚਾਇਆ ਜਾ ਸਕਦਾ ਹੈ। ਉਨ੍ਹਾਂ ਦੱਸਿਆ ਕਿ ਰਾਸ਼ਟਰੀ ਸਿਹਤ ਪਰਿਵਾਰ ਸਰਵੇਖਣ ਅਨੁਸਾਰ (2015-16) ਨਵ-ਜਨਮੇ ਬੱਚਿਆਂ ਨੂੰ ਦੁੱਧ ਪਿਲਾਉਣ ਦੇ ਮਾਮਲੇ ਵਿੱਚ 10 ਸਾਲਾਂ ਦੌਰਾਨ ਪੰਜਾਬ ਵਿੱਚ ਕੇਵਲ 18% ਸੁਧਾਰ ਦਰਜ ਕੀਤਾ ਗਿਆ ਸੀ, ਜੋ ਮਿੱਥੇ ਟੀਚੇ ਅਨੁਸਾਰ ਕਾਫੀ ਘੱਟ ਹੈ। ਜਿਸ ਨੂੰ ਧਿਆਨ ਵਿੱਚ ਰੱਖਦੇ ਹੋਏ ਪੰਜਾਬ ਸਰਕਾਰ ਨੇ 27 ਜੁਲਾਈ, 2017 ਨੂੰ 'ਕੇਅਰ ਕੰਪੈਨੀਅਨ ਪ੍ਰੋਗਰਾਮ' ਦੀ ਸ਼ੁਰੂਆਤ ਕੀਤੀ ਹੈ ਜਿਸ ਦੁਆਰਾ ਸਟਾਫ ਨਰਸਾਂ ਵਲੋਂ ਬੱਚੇ ਦੀ ਸਿਹਤ ਸੁਰੱਖਿਆ ਲਈ ਮਾਂਵਾਂ ਨੂੰ ਦੁੱਧ ਦੀ ਮਹੱਤਤਾ ਤੇ ਹੋਰ ਜਾਣਕਾਰੀ ਮੁਹੱਈਆ ਕਰਵਾਈ ਜਾਂਦੀ ਹੈ। ਇਸ 'ਕੇਅਰ ਕੰਪੈਨੀਅਨ ਪ੍ਰੋਗਰਾਮ' ਦੇ ਲਾਗੂ ਹੋਣ ਨਾਲ ਮਾਂ-ਬੱਚੇ ਦੀ ਸਿਹਤ ਸਬੰਧੀ ਦਿੱਤੀ ਜਾਣ ਵਾਲੀ ਜਾਣਕਾਰੀ ਵਿੱਚ 130 ਪ੍ਰਤੀਸ਼ਤ ਵਾਧਾ ਦਰਜ ਕੀਤਾ ਗਿਆ ਹੈ। ਸਿਹਤ ਮੰਤਰੀ ਨੇ ਦੱਸਿਆ ਕਿ ਮਾਂ ਦੇ ਦੁੱਧ ਸਬੰਧੀ ਹੋਰ ਜਾਗਰੂਕਤਾ ਲਿਆਉਣ ਲਈ ਸੂਬੇ ਦੇ ਸਾਰੇ ਸਰਕਾਰੀ ਹਸਪਤਾਲਾਂ ਵਿੱਚ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ ਕਿ ਇਹ ਯਕੀਨੀ ਕੀਤਾ ਜਾਵੇ ਕਿ ਭਾਵੇਂ ਜਣੇਪਾ ਅਪਰੇਸ਼ਨ ਨਾਲ ਹੋਇਆ ਹੋਵੇ ਤਾਂ ਵੀ ਨਵ-ਜਨਮੇ ਬੱਚੇ ਨੂੰ 1 ਘੰਟੇ ਦੌਰਾਨ ਮਾਂ ਦਾ ਦੁੱਧ ਪਿਲਾਇਆ ਜਾਵੇ ਤਾਂ ਜੋ ਬੱਚੇ ਨੂੰ ਖਤਰਨਾਕ ਬਿਮਾਰੀਆਂ ਤੋਂ ਸਮੇਂ 'ਤੇ ਬਚਾਇਆ ਜਾ ਸਕੇ ਜਦਕਿ ਬੱਚੇ ਨੂੰ ਦੁੱਧ ਪਿਲਾਉਣ ਨਾਲ ਔਰਤਾਂ ਦਾ ਛਾਤੀ ਅਤੇ ਅੰਡੇਦਾਨੀ ਦੇ ਕੈਂਸਰ ਤੋਂ ਬਚਾਅ ਹੋ ਜਾਂਦਾ ਹੈ।ਉਨ੍ਹਾਂ ਦੱਸਿਆ ਕਿ ਜਨਮ ਦੇ 1 ਘੰਟੇ ਦੌਰਾਨ ਮਾਂ ਦਾ ਦੁੱਧ ਪੀਣ ਨਾਲ ਨਾਲ ਬੱਚੇ ਵਿੱਚ 23% ਨਿਮੋਨੀਆ ਹੋਣ ਦਾ ਖਤਰਾ ਘੱਟ ਹੋ ਜਾਂਦਾ ਹੈ, ਜਦੋਂ ਕਿ ਮਾਂ ਦਾ ਦੁੱਧ ਨਾ ਪਿਲਾਉਣ ਦੇ ਮਾਮਲੇ ਵਿੱਚ ਡਾਇਰੀਆ ਹੋਣ ਦਾ ਖਤਰਾ 3 ਗੁਣਾਂ ਵੱਧ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਜਨਮ ਦੇ ਇਕ ਘੰਟੇ ਦੌਰਾਨ ਮਾਂ ਦਾ ਦੁੱਧ ਨਾ ਪੀਣ ਵਾਲੇ ਬੱਚੇ ਦੀ ਜਾਨ ਨੂੰ ਛੇ ਮਹੀਨੇ ਤੱਕ ਖਤਰਾ ਬਣਿਆ ਰਹਿੰਦਾ ਹੈ।