ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਨਸ਼ਿਆਂ ਖਿਲਾਫ ਆਰੰਭ ਕੀਤੀ ਮੁਹਿੰਮ ਤਹਿਤ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੀ ਪੁਲਿਸ ਵੱਲੋਂ ਚਾਲੂ ਸਾਲ ਦੀ ਪਹਿਲੀ ਛਿਮਾਹੀ ਦੌਰਾਨ ਨਸ਼ਿਆਂ ਦੀ ਤਸਕਰੀ ਦੇ 233 ਦੋਸ਼ੀਆਂ ਨੂੰ ਕਾਬੂ ਕਰਕੇ ਕੁੱਲ 162 ਮਾਮਲੇ ਦਰਜ ਕੀਤੇ ਹਨ। ਇਹ ਜਾਣਕਾਰੀ ਜ਼ਿਲ੍ਹੇ ਦੇ ਐਸ.ਐਸ.ਪੀ. ਸ: ਮਨਜੀਤ ਸਿੰਘ ਢੇਸੀ ਨੇ ਦਿੱਤੀ ਹੈ।ਐਸ.ਐਸ.ਪੀ. ਸ: ਮਨਜੀਤ ਸਿੰਘ ਢੇਸੀ ਨੇ ਦੱਸਿਆ ਕਿ ਪੁਲਿਸ ਵੱਲੋਂ ਨਸ਼ਿਆਂ ਖਿਲਾਫ ਪੂਰੀ ਚੌਕਸੀ ਰੱਖੀ ਜਾ ਰਹੀ ਹੈ। ਉਨ੍ਹਾਂ ਨੇ ਦੱਸਿਆ ਕਿ ਜ਼ਿਲ੍ਹੇ ਵਿਚ 1 ਜਨਵਰੀ ਤੋਂ 7 ਜੁਲਾਈ 2019 ਤੱਕ 33.945 ਕਿਲੋ ਅਫੀਮ, 281.800 ਕਿਲੋ ਪੋਸਤ, 79785 ਨਸ਼ੀਲੀਆਂ ਗੋਲੀਆਂ ਤੇ ਕੈਪਸੂਲ, 1.082 ਕਿਲੋ ਹੈਰੋਇਨ, 81 ਸ਼ੀਸੀਆਂ ਅਤੇ 230 ਕਿਲੋ ਪੋਸਤ ਦੇ ਪੌਦੇ ਬਰਾਮਦ ਕੀਤੇ ਹਨ। ਜ਼ਿਲ੍ਹਾ ਪੁਲਿਸ ਵੱਲੋਂ ਇਸ ਸਮੇਂ ਦੌਰਾਨ 25,16,340 ਰੁਪਏ ਦੀ ਡਰੱਗ ਮਨੀ ਵੀ ਦੋਸ਼ੀਆਂ ਤੋਂ ਬਰਾਮਦ ਕੀਤੀ ਗਈ ਹੈ। ਜ਼ਿਲ੍ਹਾ ਪੁਲਿਸ ਵੱਲੋਂ ਜਿੱਥੇ ਇਕ ਪਾਸੇ ਨਸ਼ੇ ਦੇ ਤਸਕਰਾਂ ਖਿਲਾਫ ਮੁਹਿੰਮ ਆਰੰਭ ਕੀਤੀ ਹੋਈ ਹੈ ਉਥੇ ਹੀ ਨੌਜਵਾਨਾਂ ਨੂੰ ਨਸੇ ਦੇ ਚੁੰਗਲ ਵਿਚੋਂ ਕੱਢਨ ਲਈ ਵੀ ਉਪਰਾਲੇ ਕੀਤੇ ਜਾਂਦੇ ਹਨ। ਇਸ ਲਈ ਪੁਲਿਸ ਵੱਲੋਂ ਜ਼ਿਲ੍ਹੇ ਦੇ ਸਾਰੇ 10 ਪੁਲਿਸ ਥਾਣਿਆਂ ਦੇ ਖੇਤਰ ਵਿਚ ਲਗਾਤਾਰ ਜਾਗਰੂਕਤਾ ਸੈਮੀਨਾਰ ਲਗਾਏ ਜਾ ਰਹੇ ਹਨ ਅਤੇ ਲੋਕਾਂ ਨੂੰ ਨਸ਼ਿਆਂ ਖਿਲਾਫ ਲਾਮਬੰਦ ਕੀਤਾ ਜਾ ਰਿਹਾ ਹੈ। ਇੰਨ੍ਹਾਂ ਕੈਂਪਾਂ ਵਿਚ ਦਿੱਤੀ ਜਾ ਰਹੀ ਪ੍ਰੇਰਣਾ ਨਾਲ ਜਿੱਥੇ ਨਸ਼ੇ ਤੋਂ ਪੀੜਤ ਲੋਕ ਨਸ਼ਾ ਛੱਡਣ ਲਈ ਅੱਗੇ ਆ ਰਹੇ ਹਨ ਉਥੇ ਹੀ ਨਸ਼ੇ ਵੇਚਣ ਵਾਲਿਆਂ ਖਿਲਾਫ ਸੂਚਨਾ ਵੀ ਮੁਹਈਆ ਕਰਵਾ ਰਹੇ ਹਨ। ਲੋਕਾਂ ਤੋਂ ਪ੍ਰਾਪਤ ਸੂਚਨਾ ਨਾਲ ਪੁਲਿਸ ਨੂੰ ਵੀ ਨਸ਼ਿਆਂ ਦੇ ਤਸਕਰਾਂ ਖਿਲਾਫ ਕਾਰਵਾਈ ਕਰਨ ਵਿਚ ਸੌਖ ਹੋ ਰਹੀ ਹੈ।
ਐਸ.ਐਸ.ਪੀ. ਨੂੰ ਸਿੱਧੇ ਵਟਸਅੱਪ ਨੰਬਰ ਤੇ ਦਿੱਤੀ ਜਾ ਸਕਦੀ ਹੈ ਸੂਚਨਾ
ਜ਼ਿਲ੍ਹੇ ਦੇ ਪੁਲਿਸ ਮੁੱਖੀ ਵੱਲੋਂ ਆਮ ਲੋਕਾਂ ਲਈ ਆਪਣਾ ਇਕ ਵਟਸਅੱਪ ਨੰਬਰ 80542-00166 ਜਾਰੀ ਕੀਤਾ ਗਿਆ ਹੈ। ਇਸ ਨੰਬਰ ਤੇ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦਾ ਕੋਈ ਵੀ ਨਾਗਰਿਕ ਵਟਸਅੱਪ ਸੁਨੇਹੇ ਰਾਹੀਂ ਨਸ਼ੇ ਵੇਚਣ ਵਾਲਿਆਂ ਦੀ ਸੂਚਨਾ ਸਿੱਧੇ ਜ਼ਿਲ੍ਹੇ ਦੇ ਐਸ.ਐਸ.ਪੀ. ਸ: ਮਨਜੀਤ ਸਿੰਘ ਢੇਸੀ ਨੂੰ ਦੇ ਸਕਦੇ ਹਨ। ਸੂਚਨਾ ਦੇਣ ਵਾਲੇ ਦੀ ਪਹਿਚਾਣ ਗੁਪਤ ਰੱਖੀ ਜਾਂਦੀ ਹੈ।
ਮੈਡੀਕਲ ਨਸ਼ੇ ਦੀ ਵਿਕਰੀ ਸਬੰਧੀ ਦਿਓ ਇਸ ਨੰਬਰ ਤੇ ਸ਼ਿਕਾਇਤ
ਦੂਜੇ ਪਾਸੇ ਪੰਜਾਬ ਸਰਕਾਰ ਵੱਲੋਂ ਮੈਡੀਕਲ ਨਸ਼ੇ ਦੀ ਵਿਕਰੀ ਰੋਕਣ ਲਈ ਵੀ ਇਕ ਹੈਲਪਲਾਈਨ ਨੰਬਰ 98152-06006 ਜਾਰੀ ਕੀਤਾ ਗਿਆ ਹੈ ਜਿਸ ਤੇ ਇਲਾਕੇ ਵਿਚ ਵਿਕ ਰਹੇ ਮੈਡੀਕਲ ਨਸ਼ੇ ਦੀ ਸੁਚਨਾ ਦਿੱਤੀ ਜਾ ਸਕਦੀ ਹੈ। ਸੂਚਨਾ ਦੇਣ ਵਾਲੇ ਦੀ ਪਹਿਚਾਣ ਗੁਪਤ ਰੱਖੀ ਜਾਂਦੀ ਹੈ। ਮੈਡੀਕਲ ਨਸ਼ੇ ਸਬੰਧੀ ਸੂਚਨਾ ਈਮੇਲ- [email protected] ਤੇ ਵੀ ਦਿੱਤੀ ਜਾ ਸਕਦੀ ਹੈ।