ਸੰਤ ਸੀਚੇਵਾਲ ਨੇ ਬੂਟੇ ਲਾ ਕੇ ਮਨਾਈ ਹਰੀ ਦੀਵਾਲੀ
ਹਾਜ਼ਾਰਾਂ ਦੀਵਿਆਂ ਦੀ ਰੋਸ਼ਨੀ ਨਾਲ ਪਵਿੱਤਰ ਵੇਈਂ ਜਗਮੱਗ ਕਰ ਉਠੀ
Web Admin
5 ਦਰਿਆ ਨਿਊਜ਼
ਸੁਲਤਾਨਪੁਰ ਲੋਧੀ , 04 Nov 2013
ਵਿਸ਼ਵ ਪ੍ਰਸਿੱਧ ਵਾਤਾਵਰਣ ਪ੍ਰੇਮੀ ਸੰਤ ਬਾਬਾ ਬਲਬੀਰ ਸਿੰਘ ਸੀਚੇਵਾਲ ਜੀ ਨੇ ਦੀਵਾਲੀ ਦੇ ਪਵਿੱਤਰ ਤਿਉਹਾਰ ਨੂੰ ਧੂੰਏ ਰਹਿਤ ਮਨਾÀਂਦਿਆ ਇਸ ਮੌਕੇ ਬੂਟੇ ਲਾ ਕੇ ਸਰਬਤ ਦੇ ਭਲੇ ਦੀ ਅਰਦਾਸ ਕੀਤੀ।ਉਨ੍ਹਾਂ ਆਪਣੇ ਸ਼ਰਧਾਲੂਆਂ ਸਮੇਤ ਪਵਿੱਤਰ ਕਾਲੀ ਵੇਈਂ 'ਤੇ ਦੇਸੀ ਘਿਓ ਤੇ ਤੇਲ ਦੇ ਦੀਵਿਆਂ ਨਾਲ ਦੀਪਮਾਲਾ ਕੀਤੀ।ਗੁਰਦੁਆਰਾ ਬੇਰ ਸਾਹਿਬ ਵਿਖੇ ਪਵਿੱਤਰ ਕਾਲੀ ਵੇਈਂ ਕਿਨਾਰੇ ਬਣਾਏ ਜਾ ਰਹੇ ਇਸ਼ਨਾਨਘਾਟਾਂ 'ਤੇ ਵੀ ਬੜੀ ਸੁੰਦਰ ਤਾਰੀਕੇ ਨਾਲ ਦੀਪਮਾਲਾ ਕੀਤੀ ਹੋਈ ਸੀ।ਦੀਵਾਲੀ ਦੀ ਰਾਤ ਨੂੰ ਸੰਤ ਸੀਚੇਵਾਲ ਦੇ ਕਿਸੇ ਵੀ ਸ਼ਰਧਾਲੂ ਨੇ ਇੱਕ ਵੀ ਪਟਾਖਾ ਨਹੀਂ ਚਲਾਇਆ।ਸੰਤ ਸੀਚੇਵਾਲ ਨੇ ਨਿਰਮਲ ਕੁਟੀਆ ਸੀਚੇਵਾਲ ਤੇ ਹੋਰ ਥਾਵਾਂ 'ਤੇ ਦੀਵਾਲੀ ਵਾਲੇ ਦਿਨ ਬੂਟੇ ਲਾਏ।ਉਨ੍ਹਾਂ ਕਿਹਾ ਕਿ ਪਟਾਖਿਆਂ ਦੇ ਜ਼ਹਿਰੀਲੇ ਧੂੰਏ ਨਾਲ ਲੋਕਾਂ ਨੂੰ ਤੇ ਜੀਵ ਜੰਤੂਆਂ ਨੂੰ ਸਾਹ ਲੈਣਾ ਔਖਾ ਹੋ ਜਾਂਦਾ ਹੈ।ਉਨ੍ਹਾਂ ਕਿਹਾ ਕਿ ਲੋਕ ਹਾਜ਼ਾਰਾਂ ਰੂਪੈ ਦੇ ਪਟਾਖੇ ਲੈਕੇ ਉਸ ਨੂੰ ਅੱਗ ਲਾ ਦਿੰਦੇ ਹਨ ਉਨ੍ਹਾਂ ਕਿਹਾ ਕਿ ਇੰਨ੍ਹਾਂ ਪੈਸਿਆਂ ਨਾਲ ਗਰੀਬ ਬੱਚਿਆਂ ਦੀ ਜਿੰਦਗੀ ਰੌਸ਼ਨਾਉਣ ਲਈ ਉਨ੍ਹਾਂ ਨੂੰ ਕਾਪੀਆਂ -ਕਿਤਾਬਾਂ ਲੈਕੇ ਦਿੱਤੀਆ ਜਾ ਸਕਦੀਆ ਹਨ ਕਿਉਕਿ ਅੱਖਰ ਗਿਆਨ ਨਾਲ ਹੀ ਸਮਾਜ ਨੂੰ ਹਨੇਰ੍ਹੇ ਦੀ ਖੱਡ 'ਚੋਂ ਕੱਢਿਆ ਜਾ ਸਕਦਾ ਹੈ। ਦਿਨ ਵੇਲੇ ਨਿਰਮਲ ਕੁਟੀਆ ਸੁਲਤਾਨਪੁਰ ਲੋਧੀ ਵਿਖੇ ਮਨਾਏ ਮੱਸਿਆ ਦੇ ਦੀਵਾਨ 'ਚ ਵੀ ਸੰਤ ਸੀਚੇਵਾਲ ਨੇ ਸੰਗਤਾਂ ਨੂੰ ਬੰਦੀ ਛੋੜ ਦਿਵਸ ਦੀ ਵਧਾਈ ਦਿੱਤੀ।ਉਨ੍ਹਾਂ ਸੰਗਤਾਂ ਨੂੰ ਸੰਬੋਧਨ ਕਰਦਿਆ ਕਿਹਾ ਸੀ ਕਿ ਦੀਵਾਲੀ ਰੋਸ਼ਨੀਆਂ ਦਾ ਤਿਉਹਾਰ ਹੈ ।ਇਸ ਨੂੰ ਏਸੇ ਭਾਵਨਾ 'ਚ ਮਨਾਉਣਾ ਚਾਹੀਦਾ ਹੈ ਨਾ ਕਿ ਕੰਨ ਪਾੜ੍ਹਵੀ ਅਵਾਜ਼ ਪੈਦਾ ਕਰਨ ਵਾਲੇ ਪਟਾਖੇ ਵਜਾ ਕੇ।ਇਸ ਤੋਂ ਪਹਿਲਾ ਉਨ੍ਹਾਂ ਨੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਹੁਕਮਾਂ ਮੁਤਾਬਿਕ 84 'ਚ ਦਿੱਲੀ 'ਚ ਮਾਰੇ ਗਏ ਸਿੱਖਾਂ ਨੂੰ ਸ਼ਰਧਾਜਲੀ ਭੇਂਟ ਕੀਤੀ।