ਧਰਮ ਪ੍ਰਚਾਰ ਕਮੇਟੀ ਮੁਹਾਲੀ ਦੇ ਮੁਖੀ, ਕਲਗੀਧਰ ਸੇਵਕ ਜਥਾ ਅਤੇ ਫੇਜ 3 ਬੀ2 ਮਾਰਕੀਟ ਵੈਲਫੇਅਰ ਐਸੋਸੀਏਸਨ ਦੇ ਪ੍ਰਧਾਨ ਭਾਈ ਜਤਿੰਦਰਪਾਲ ਸਿੰਘ ਜੇ ਪੀ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਹੋਲੀ ਮੌਕੇ ਹੁੜਦੰਗ ਮਚਾਉਣ ਵਾਲੇ ਨੌਜਵਾਨਾਂ ਵਿਰੁਧ ਸਖਤ ਕਾਰਵਾਈ ਕੀਤੀ ਜਾਵੇ । ਪੰਤਰਕਾਰਾਂ ਨਾਲ ਗਲਬਾਤ ਕਰਦਿਆਂ ਭਾਈ ਜੇ ਪੀ ਸਿੰਘ ਨੇ ਕਿਹਾ ਕਿ ਹੋਲੀ ਮੌਕੇ ਚੰਡੀਗੜ੍ਹ ਵਿੱਚ ਪੁਲੀਸ ਵਲੋਂ ਪੂਰੀ ਸਖਤੀ ਕੀਤੀ ਹੁੰਦੀ ਹੈ, ਜਿਸ ਕਰਕੇ ਨੌਜਵਾਨ ਮੁਹਾਲੀ ਵਿਚ ਵੱਡੀ ਗਿਣਤੀ ਵਿਚ ਆ ਕੇ ਹੁੜਦੰਗ ਮਚਾਉਂਦੇ ਹਨ । ਮੁਹਾਲੀ ਵਿਚ ਦੁਪਹਿਰ ਤਕ ਤਾਂ ਕਈ ਇਲਾਕਿਆਂ ਵਿਚ ਪੁਲੀਸ ਕਰਮਚਾਰੀ ਤੈਨਾਤ ਰਹਿੰਦੇ ਹਨ ਪਰ ਦੁਪਹਿਰ ਤੋਂ ਬਾਅਦ ਪੁਲੀਸ ਕਰਮਚਾਰੀ ਵੀ ਗਾਇਬ ਹੋ ਜਾਂਦੇ ਹਨ, ਜਿਸ ਕਾਰਨ ਦੁਪਹਿਰ ਤੋਂ ਲੈ ਕੇ ਰਾਤ ਤਕ ਹੋਲੀ ਵਾਲੇ ਦਿਨ ਨੌਜਵਾਨਾਂ ਵਲੋਂ ਹੋਲੀ ਖੇਡਣ ਦੇ ਨਾਮ ਦੇ ਬਹੁਤ ਹੁੜਦੰਗ ਮਚਾਇਆ ਜਾਂਦਾ ਹੈ ।ਵੱਡੀ ਗਿਣਤੀ ਨੌਜਵਾਨਾਂ ਵਲੋਂ ਇਸ ਦਿਨ ਬੁਲੇਟ ਮੋਟਰਸਾਈਕਲਾਂ ਦੇ ਪਟਾਕੇ ਪਾਏ ਜਾਂਦੇ ਹਨ ਅਤੇ ਇਕ ਇਕ ਮੋਟਰਸਾਇਕਲ ਉਪਰ ਤਿੰਨ ਤਿੰਨ ਨੌਜਵਾਨ ਸਵਾਰ ਹੋ ਕੇ ਵੱਖ ਵੱਖ ਇਲਾਕਿਆਂ ਵਿਚ ਹੋਲੀ ਖੇਡਣ ਦੇ ਨਾਮ ਤੇ ਹੁੜਦੰਗ ਮਚਾਉਂਦੇ ਜਾਂਦੇ ਹਨ| ਇਸ ਤੋਂ ਇਲਾਵਾ ਇਹ ਨੌਜਵਾਨ ਸ਼ਹਿਰ ਦੀਆਂ ਵੱਖ ਵੱਖ ਮਾਰਕੀਟਾਂ ਵਿੱਚ ਵੀ ਸਾਰਾ ਦਿਨ ਦੇਰ ਰਾਤ ਤਕ ਹੁੜਦੰਗ ਮਚਾਉਂਦੇ ਰਹਿੰਦੇ ਹਨ, ਜਿਸ ਕਰਕੇ ਇਹਨਾ ਮਾਰਕੀਟਾਂ ਵਿਚ ਪਰਿਵਾਰਾਂ ਸਮੇਤ ਆਉਣ ਵਾਲੇ ਲੋਕਾਂ ਨੂੰ ਬਹੁਤ ਪ੍ਰੇਸਾਨੀ ਹੁੰਦੀ ਹੈ । ਭਾਈ ਜੇ ਪੀ ਸਿੰਘ ਨੇ ਕਿਹਾ ਕਿ ਜੇ ਇਹਨਾਂ ਨੌਜਵਾਨਾਂ ਨੂੰ ਹੁਲੜਬਾਜੀ ਕਰਨ ਤੋਂ ਕੋਈ ਰੋਕਣ ਦਾ ਯਤਨ ਕਰਦਾ ਹੈ ਤਾਂ ਇਹ ਨੌਜਵਾਨ ਉਸ ਨਾਲ ਲੜਾਈ ਝਗੜਾ ਕਰਦੇ ਹਨ| ਇਸ ਤੋਂ ਇਲਾਵਾ ਕਈ ਵਾਰ ਨੌਜਵਾਨਾਂ ਦੇ ਟੋਲੇ ਆਪਸ ਵਿਚ ਲੜਦੇ ਵੀ ਰਹਿੰਦੇ ਹਨ, ਜਿਸ ਕਾਰਨ ਸ਼ਹਿਰ ਦਾ ਮਾਹੌਲ ਖਰਾਬ ਹੁੰਦਾ ਹੈ| ਭਾਈ ਜੇ ਪੀ ਸਿੰਘ ਨੇ ਮੰਗ ਕੀਤੀ ਕਿ ਹੋਲੀ ਮੌਕੇ ਸਾਰਾ ਦਿਨ ਦੇਰ ਰਾਤ ਤਕ ਪੁਲੀਸ ਕਰਮਚਾਰੀ ਹਰ ਇਲਾਕੇ ਵਿਚ ਤੈਨਾਤ ਕੀਤੇ ਜਾਣ ਅਤੇ ਹੁੜਦੰਗ ਮਚਾਉਣ ਵਾਲਿਆਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ|ਅੱਜ ਇਸ ਮੌਕੇ ਅਸ਼ੋਕ ਬਾਂਸਲ ,ਗੁਰਪ੍ਰੀਤ ਸਿੰਘ ,ਜਤਿੰਦਰ ਸਿੰਘ ਢੀਂਗਰਾ, ਜਸਮੀਤ ਸਿੰਘ, ਅਭੀਸ਼ਾਂਤ ਕੁਮਾਰ ,ਵਰੁਣ ਗੁਪਤਾ, ਜਗਦੀਸ਼ ਮਲਹੋਤਰਾ ਅਤੇ ਹੋਰ ਵੀ ਵੱਡੀ ਗਿਣਤੀ ਵਿੱਚ ਦੁਕਾਨਦਾਰ ਮੌਜੂਦ ਸਨ।