ਪੰਜਾਬ ਸਰਕਾਰ ਦੀ ਨਸ਼ਿਆਂ ਖਿਲਾਫ਼ ਚਲਾਈ ਮੁਹਿੰਮ ਨੂੰ ਅੱਗੇ ਤੋਰਦੇ ਹੋਏ ਨਸ਼ਾ ਤਸਕਰਾਂ ਤੇ ਧੋਖਾਧੜੀ ਕਰਨ ਵਾਲੇ ਟ੍ਰੈਵਲ ਏਜੰਟਾਂ ਖਿਲਾਫ਼ ਸਖਤ ਕਾਰਵਾਈ ਨੂੰ ਪ੍ਰਮੁੱਖ ਤਰਜੀਹ ਕਰਾਰ ਦਿੰਦਿਆਂ ਐਸ ਐਸ ਪੀ ਸ੍ਰੀਮਤੀ ਅਲਕਾ ਮੀਨਾ ਆਈ ਪੀ ਐਸ ਨੇ ਅੱਜ ਇੱਥੇ ਆਖਿਆ ਕਿ ਉਹ ਨਸ਼ਾ ਪੀੜਤਾਂ ਦੇ ਇਲਾਜ ਅਤੇ ਪੁਨਰ ਵਸੇਬੇ ਲਈ ਯਤਨ ਕਰਨਗੇ।ਅੱਜ ਇੱਥੇ ਸੀਨੀਅਰ ਪੁਲਿਸ ਕਪਤਾਨ ਵਜੋਂ ਅਹੁਦਾ ਸੰਭਾਲਣ ਬਾਅਦ, 2010 ਬੈਚ ਦੇ ਆਈ ਪੀ ਐਸ ਅਫ਼ਸਰ ਸ੍ਰੀਮਤੀ ਅਲਕਾ ਮੀਨਾ ਨੇ ਆਖਿਆ ਕਿ ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ ’ਚ ਕਾਨੂੰਨ ਤੇ ਵਿਵਸਥਾ ਨੂੰ ਬਰਕਰਾਰ ਰੱਖ ਕੇ ਜ਼ਿਲ੍ਹੇ ਵਿੱਚ ਸ਼ਾਂਤੀ ਵਿਵਸਥਾ ਬਹਾਲ ਰੱਖੀ ਜਾਵੇਗੀ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਤਰਜੀਹ ਹੋਵੇਗੀ ਕਿ ਪੁਲਿਸ ਕੋਲ ਆਪਣੀ ਦੁੱਖ-ਤਕਲੀਫ਼ ਲੈ ਕੇ ਆਉਣ ਵਾਲੇ ਹਰ ਇੱਕ ਵਿਅਕਤੀ ਨੂੰ ਨਿਆ ਮਿਲੇ ਅਤੇ ਪੁਲਿਸ ਉਨ੍ਹਾਂ ਦੀ ਮੁਸ਼ਕਿਲਾਂ ਘਟਾਉਣ ’ਚ ਮੱਦਦਗਾਰ ਬਣੇ।ਇਸ ਤੋਂ ਪਹਿਲਾਂ ਉਨ੍ਹਾਂ ਨੇ ਸਥਾਨਕ ਜ਼ਿਲ੍ਹਾ ਪੁਲਿਸ ਹੈੱਡਕੁਆਰਟਰ ਵਿਖੇ ਪੁਲਿਸ ਟੁਕੜੀ ਪਾਸੋਂ ‘ਗਾਰਡ ਆਫ਼ ਆਨਰ’ ਵੀ ਲਿਆ।
ਇਸ ਮੌਕੇ ਐਸ ਪੀ (ਐਚ) ਹਰੀਸ਼ ਦਿਆਮਾ, ਐਸ ਪੀ (ਡੀ) ਬਲਰਾਜ ਸਿੰਘ, ਡੀ ਐਸ ਪੀ (ਐਚ) ਕੈਲਾਸ਼ ਚੰਦਰ, ਡੀ. ਐਸ.ਪੀ. ਸਬ ਡਵੀਜ਼ਨ ਨਵਾਂਸ਼ਹਿਰ ਮੁਖਤਿਆਰ ਰਾਏ, ਬਲਾਚੌਰ ਰਾਜਪਾਲ ਸਿੰਘ ਹੁੰਦਲ ਤੇ ਬੰਗਾ ਦੀਪਿਕਾ ਸਿੰਘ ਵੀ ਮੌਜੂਦ ਸਨ।ਉਨ੍ਹਾਂ ਬਾਅਦ ’ਚ ਗੱਲਬਾਤ ਕਰਦਿਆਂ ਦੱਸਿਆ ਕਿ ਜੇਕਰ ਜ਼ਰੂਰਤ ਮਹਿਸੂਸ ਹੋਈ ਤਾਂ ਉਹ ਜ਼ਿਲ੍ਹੇ ’ਚ ਨਸ਼ਿਆਂ ਖਿਲਾਫ਼ ਮੁਹਿੰਮ ਨੂੰ ਹੋਰ ਤੇਜ਼ ਕਰਨ ਲਈ ਫ਼ਤਿਹਗੜ੍ਹ ਸਾਹਿਬ ਜ਼ਿਲ੍ਹੇ ਦੀ ਤਰਜ ’ਤੇ ‘ਸਾਂਝੀ ਸੱਥ’ ਪ੍ਰੋਗਰਾਮ ਵੀ ਆਰੰਭਣਗੇ। ਉਨ੍ਹਾਂ ਨਸ਼ਿਆਂ ਖਿਲਾਫ਼ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੀ ਜ਼ੀਰੋ ਸਹਿਣਸ਼ੀਲਤਾ ਨੀਤੀ ਅਨੁਸਾਰ ਤਸਕਰਾਂ ਨੂੰ ਕਿਸੇ ਵੀ ਕਿਸਮ ’ਤੇ ਸਹਿਣ ਨਾ ਕੀਤੇ ਜਾਣ ਦੀ ਵਚਨਬੱਧਤਾ ਪ੍ਰਗਟਾਈ। ਉਨ੍ਹਾਂ ਕਿਹਾ ਕਿ ਪੁਲਿਸ ਮਹਿਕਮੇ ਵੱਲੋਂ ਨਸ਼ਾ ਪੀੜਤਾਂ ਨੂੰ ਓਟ ਸੈਂਟਰਾਂ ਰਾਹੀਂ ਇਲਾਜ ਮੁਹੱਈਆ ਕਰਵਾਉਣ ਤੇ ਬਾਅਦ ’ਚ ਠੀਕ ਹੋਣ ’ਤੇ ਉਨ੍ਹਾਂ ਦੇ ਪੁਨਰ ਵਸੇਬੇ ਦੇ ਯਤਨ ਵੀ ਕੀਤੇ ਜਾਣਗੇ।ਬਾਅਦ ’ਚ ਉਨ੍ਹਾਂ ਜ਼ਿਲ੍ਹੇ ਦੇ ਸੀਨੀਅਰ ਪੁਲਿਸ ਅਧਿਕਾਰੀਆਂ ਨਾਲ ਮੀਟਿੰਗ ਕਰਕੇ ਉਨ੍ਹਾਂ ਪਾਸੋਂ ਜ਼ਿਲ੍ਹੇ ਨਾਲ ਸਬੰਧਤ ਮਹਿਕਮੇ ਦੀ ਗਤੀਵਿਧੀਆਂ ਸਬੰਧੀ ਜਾਣਕਾਰੀ ਵੀ ਲਈ।