ਕੈਬਨਿਟ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਕਿਹਾ ਕਿ ਪੰਜਾਬ ਸਰਕਾਰ ਪੇਂਡੂ ਖੇਤਰ ਵਿੱਚ ਰਹਿੰਦੇ ਗ਼ਰੀਬ ਪਰਿਵਾਰਾਂ ਦਾ ਸਮਾਜਿਕ ਅਤੇ ਆਰਥਿਕ ਜੀਵਨ ਪੱਧਰ ਉੱਚਾ ਚੁੱਕਣ ਲਈ ਵਚਨਬੱਧ ਹੈ। ਉਹ ਅੱਜ ਸਰਹੱਦੀ ਪਿੰਡ ਗੱਟੀ ਰਾਜੋ ਕੇ ਵਿਖੇ ਵਿਕਾਸ ਕਾਰਜਾਂ ਸਬੰਧੀ ਗਰਾਮ ਪੰਚਾਇਤਾਂ ਨੂੰ 1 ਕਰੋੜ 56 ਲੱਖ ਰੁਪਏ ਦੀ ਰਾਸ਼ੀ ਵੰਡਣ ਦੇ ਦੌਰਾਨ ਸਮਾਗਮ ਨੂੰ ਸੰਬੋਧਨ ਕਰ ਰਹੇ ਸਨ। ਇਸ ਦੌਰਾਨ ਉਨ੍ਹਾਂ ਨੇ ਵੱਖ ਵੱਖ ਸਕੂਲਾਂ ਵਿਚ ਸਾਫ਼ ਪਾਣੀ ਲਈ ਆਰ.ਓ ਅਤੇ ਚਾਰਦੀਵਾਰੀ ਲਈ 30.50 ਲੱਖ ਰੁਪਏ ਦੀ ਰਾਸ਼ੀ ਦੇ ਚੈੱਕ ਵੀ ਵੰਡੇ। ਇਸ ਮੌਕੇ ਉਨ੍ਹਾਂ ਬੀ.ਐਸ.ਐਫ ਦੇ ਜਵਾਨਾਂ ਨੂੰ ਮਿਠਾਈ ਦੇ ਕੇ ਗਣਤੰਤਰਤਾ ਦਿਵਸ ਦੀ ਵਧਾਈ ਵੀ ਦਿੱਤੀ ਅਤੇ ਹੁਸੈਨੀਵਾਲਾ ਬਾਰਡਰ ਵਿਖੇ ਨਵੇਂ ਉਚਾਈ ਵਾਲੇ ਰਾਸ਼ਟਰੀ ਝੰਡੇ ਦੇ ਨਿਰਮਾਣ ਲਈ 20 ਲੱਖ ਰੁਪਏ ਦੇਣ ਦੀ ਘੋਸ਼ਣਾ ਵੀ ਕੀਤੀ। ਇਸ ਮੌਕੇ ਉਨ੍ਹਾਂ ਨਾਲ ਵਿਧਾਇਕ ਸ਼ਹਿਰੀ ਪਰਮਿੰਦਰ ਸਿੰਘ ਪਿੰਕੀ, ਡਿਪਟੀ ਕਮਿਸ਼ਨਰ ਸ੍ਰ: ਬਲਵਿੰਦਰ ਸਿੰਘ ਧਾਲੀਵਾਲ ਅਤੇ ਐਸ.ਐਸ.ਪੀ ਪ੍ਰੀਤਮ ਸਿੰਘ ਵੀ ਹਾਜ਼ਰ ਸਨ। ਇਸ ਦੌਰਾਨ ਕੈਬਨਿਟ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਪਿੰਡਾ ਵਿਚ ਵਿਕਾਸ ਕਾਰਜ ਕਰਵਾਉਣ ਲਈ ਵੱਡੀ ਪੱਧਰ ਤੇ ਕੰਮ ਕਰ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਪਿੰਡਾ ਵਿਚ ਹੋਣ ਵਾਲੇ ਵਿਕਾਸ ਕਾਰਜਾਂ ਵਿਚ ਵੱਧ ਤੋਂ ਵੱਧ ਮਗਨਰੇਗਾ ਕਾਰਡ ਧਾਰਕਾਂ ਨੂੰ ਰੁਜ਼ਗਾਰ ਕਰਵਾਇਆ ਜਾਵੇ।
ਉਨ੍ਹਾਂ ਕਿਹਾ ਕਿ ਯੋਗ ਲਾਭਪਾਤਰੀਆਂ ਨੂੰ ਪੈਨਸ਼ਨ ਅਤੇ ਸਰਕਾਰ ਵੱਲੋਂ ਦਿੱਤੀਆਂ ਜਾਂਦੀਆਂ ਹੋਰ ਬੁਨਿਆਦੀ ਸਹੂਲਤਾਂ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਪਹਿਲ ਦਿੱਤੀ ਜਾਵੇ। ਇਸ ਦੌਰਾਨ ਉਨ੍ਹਾਂ ਨੇ ਪੱਲਾ ਮੇਘਾ, ਬਸਤੀ ਮੇਘਾ, ਭੰਮਾ ਸਿੰਘ ਵਾਲਾ, ਬਸਤੀ ਦਰਵੇਸ਼ੇ ਕੇ, ਆਲੇ ਵਾਲਾ, ਬਾਰੇ ਕੇ, ਪੀਰਾਂ ਵਾਲਾ, ਬਸਤੀ ਗੋਬਿੰਦ ਨਗਰ, ਭੱਖੜਾ, ਝੁੱਗੇ ਛੀਨਾ ਸਮੇਤ ਵੱਖ ਵੱਖ ਪਿੰਡਾਂ ਵਿਚ ਇੰਟਰਲੋਕਿੰਗ ਟਾਈਲ, ਨਿਕਾਸੀ ਨਾਲਾ ਅਤੇ ਹੋਰ ਵਿਕਾਸ ਕਾਰਜਾਂ ਲਈ 1 ਕਰੋੜ 56 ਲੱਖ ਰੁਪਏ ਦੇ ਚੈੱਕ ਵੱਡੇ। ਕੈਬਨਿਟ ਮੰਤਰੀ ਵੱਲੋਂ ਖਾਈ ਫੇਮੇ ਕੇ, ਝੁੱਗੇ ਹਜ਼ਾਰਾ ਸਿੰਘ, ਗੱਟੀ ਰਾਜੋ ਕੇ, ਪੱਲਾ ਮੇਘਾ ਅਤੇ ਦੁਲਚੀ ਕੇ ਦੇ ਸਰਕਾਰੀ ਸਕੂਲਾਂ ਵਿਖੇ ਆਰ.ਓ ਅਤੇ ਚਾਰਦੀਵਾਰੀ ਲਈ 30.50 ਲੱਖ ਰੁਪਏ ਦੇ ਚੈੱਕ ਵੀ ਵੰਡੇ।ਇਸ ਮੌਕੇ ਵਿਧਾਇਕ ਪਰਮਿੰਦਰ ਪਿੰਕੀ ਨੇ ਕਿਹਾ ਕਿ ਹਲਕੇ ਦੇ ਵਿੱਚ ਕਰੋੜਾਂ ਰੁਪਏ ਦੇ ਵਿਕਾਸ ਕਾਰਜਾਂ ਦੇ ਚੈੱਕ ਵੰਡੇ ਗਏ ਹਨ। ਇਸ ਤੋਂ ਇਲਾਵਾ ਹੁਸੈਨੀਵਾਲਾ ਵਿਖੇ ਸ਼ਹੀਦਾਂ ਦੀ ਸਮਾਧ ਦੇ ਸੁੰਦਰੀਕਰਨ ਕਰਨ ਲਈ ਟੂਰਿਜ਼ਮ ਵਿਭਾਗ ਵੱਲੋਂ 10 ਕਰੋੜ ਰੁਪਏ, ਸਾਰਾਗੜ੍ਹੀ ਲਈ 2 ਕਰੋੜ ਸਮੇਤ ਹੋਰ ਵਿਕਾਸ ਕਾਰਜਾਂ ਦੇ ਕੰਮ ਜੰਗੀ ਪੱਧਰ ਤੇ ਸ਼ੁਰੂ ਕੀਤੇ ਜਾ ਰਹੇ ਹਨ।ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਸ੍ਰ: ਗੁਰਮੀਤ ਸਿੰਘ ਮੁਲਤਾਨੀ, ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ੍ਰ: ਰਵਿੰਦਰਪਾਲ ਸਿੰਘ ਸੰਧੂ, ਤਹਿਸੀਲਦਾਰ ਮਨਜੀਤ ਸਿੰਘ, ਕਾਂਗਰਸੀ ਆਗੂ ਹਰਿੰਦਰ ਖੋਸਾ ਸਮੇਤ ਵੱਡੀ ਗਿਣਤੀ ਵਿਚ ਹਲਕਾ ਨਿਵਾਸੀ ਹਾਜ਼ਰ ਸਨ।