ਮਹਾਤਮਾ ਗਾਂਧੀ ਸਟੇਟ ਇੰਸਟੀਚਿਊਟ ਆਫ਼ ਐਡਮਨਿਸਟ੍ਰੇਸ਼ਨ (ਮਗਸੀਪਾ) ਪੰਜਾਬ ਦੇ ਖੇਤਰੀ ਕੇਂਦਰ ਪਟਿਆਲਾ ਵੱਲੋਂ ਭਾਰਤ ਸਰਕਾਰ ਦੇ ਪ੍ਰਸੋਨਲ ਅਤੇ ਟਰੇਨਿੰਗ ਵਿਭਾਗ (ਡੀ.ਓ.ਪੀ.ਟੀ.) ਦੇ ਸਹਿਯੋਗ ਨਾਲ ਅਤੇ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਸੂਚਨਾ ਅਧਿਕਾਰ ਐਕਟ 2005 ਬਾਰੇ ਦੋ ਦਿਨਾਂ ਦਾ ਸਿਖਲਾਈ ਪ੍ਰੋਗਰਾਮ ਰੈੱਡ ਕਰਾਸ ਭਵਨ ਬਰਨਾਲਾ ਵਿਖੇ ਕਰਵਾਇਆ ਜਾ ਰਿਹਾ ਹੈ। ਇਸ ਸਿਖਲਾਈ ਪ੍ਰੋਗਰਾਮ 'ਚ ਜ਼ਿਲ੍ਹਾ ਬਰਨਾਲਾ ਦੇ ਵੱਖ-ਵੱਖ ਵਿਭਾਗਾਂ ਦੇ ਲੋਕ ਸੂਚਨਾ ਅਫ਼ਸਰਾਂ, ਸਹਾਇਕ ਲੋਕ ਸੂਚਨਾ ਅਫ਼ਸਰਾਂ ਅਤੇ ਸਬੰਧਤ ਸਟਾਫ਼ ਨੇ ਭਾਗ ਲਿਆ।ਸਿਖਲਾਈ ਪ੍ਰੋਗਰਾਮ ਦੌਰਾਨ ਸਭ ਤੋਂ ਪਹਿਲਾਂ ਪ੍ਰੋਜੈਕਟ ਕੁਆਰਡੀਨੇਟਰ ਮਗਸੀਪਾ ਖੇਤਰੀ ਕੇਂਦਰ ਪਟਿਆਲਾ ਅਮਰਜੀਤ ਸਿੰਘ ਸੋਢੀ ਵੱਲੋਂ ਭਾਗੀਦਾਰਾਂ ਨੂੰ ਸਿਖਲਾਈ ਪ੍ਰੋਗਰਾਮ ਦੀ ਮਹੱਤਤਾ, ਸ਼ਡਿਊਲ ਅਤੇ ਵਿਸ਼ਾ-ਮਾਹਿਰਾਂ ਬਾਰੇ ਜਾਣਕਾਰੀ ਦਿੱਤੀ ਗਈ।ਸਿਖਲਾਈ ਪ੍ਰੋਗਰਾਮ ਦੀ ਸ਼ੁਰੂਆਤ ਡਿਪਟੀ ਕਮਿਸ਼ਨਰ, ਬਰਨਾਲਾ ਸ਼੍ਰੀ ਧਰਮ ਪਾਲ ਗੁਪਤਾ, ਆਈ.ਏ.ਐੱਸ. ਵੱਲੋਂ ਕੀਤੀ ਗਈ। ਇਸ ਮੌਕੇ ਸ਼੍ਰੀ ਗੁਪਤਾ ਨੇ ਕਿਹਾ ਕਿ ਸੂਚਨਾ ਅਧਿਕਾਰ ਐਕਟ ਦੇ ਲਾਗੂ ਹੋਣ ਨਾਲ ਜਿੱਥੇ ਸਰਕਾਰੀ ਕੰਮਾਂ 'ਚ ਪਾਰਦਰਸ਼ਤਾ ਵਧੀ ਹੈ, ਉਥੇ ਹੀ ਸਰਕਾਰੀ ਵਿਭਾਗਾਂ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਦੀ ਜਵਾਬਦੇਹੀ 'ਚ ਵੀ ਵਾਧਾ ਹੋਇਆ ਹੈ। ਉਨ੍ਹਾਂ ਭਾਗ ਲੈ ਰਹੇ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਕਿਹਾ ਕਿ ਅਜਿਹੇ ਸਿਖਲਾਈ ਪ੍ਰੋਗਰਾਮਾਂ ਨਾਲ ਉਨ੍ਹਾਂ ਲਈ ਕਾਫ਼ੀ ਸਹਾਈ ਸਿੱਧ ਹੋਣਗੇ ਅਤੇ ਉਨ੍ਹਾਂ ਨੂੰ ਇਸ ਸਿਖਲਾਈ ਉਪਰੰਤ ਸੂਚਨਾ ਅਧਿਕਾਰ ਐਕਟ 2005 ਸਬੰਧੀ ਕੇਸਾਂ ਨਾਲ ਨਜਿੱਠਣ 'ਚ ਕਿਸੇ ਕਿਸਮ ਦੀ ਕਠਿਨਾਈ ਦਾ ਸਾਹਮਣਾ ਨਹੀਂ ਕਰਨਾ ਪਵੇਗਾ।
ਉਨ੍ਹਾਂ ਕਿਹਾ ਕਿ ਇਸ ਐਕਟ ਸਬੰਧੀ ਜੋ ਕੁਝ ਉਨ੍ਹਾਂ ਨੂੰ ਪਤਾ ਨਹੀਂ, ਉਸ ਬਾਰੇ ਜਰੂਰ ਜਾਣੂ ਹੋਣ ਅਤੇ ਸੂਚਨਾ ਦੇਣ ਸਬੰਧੀ ਦਰਪੇਸ਼ ਮੁਸ਼ਕਲਾਂ ਬਾਰੇ ਵੀ ਆਪਣੇ ਵਿਚਾਰ ਸਾਂਝੇ ਕੀਤੇ ਜਾਣ। ਉਨ੍ਹਾਂ ਕਿਹਾ ਕਿ ਐਕਟ ਪ੍ਰਤੀ ਸਮੂਹ ਅਧਿਕਾਰੀਆਂ ਦਾ ਸੂਚਨਾ ਦਾ ਅਧਿਕਾਰ ਐਕਟ ਤੋਂ ਪੂਰੀ ਤਰ੍ਹਾਂ ਜਾਗਰੂਕ ਹੋਣਾ ਅਤਿ ਜ਼ਰੂਰੀ ਹੈ, ਇਸ ਲਈ ਇਹ ਸਿਖਲਾਈ ਪ੍ਰੋਗਰਾਮ ਅਧਿਕਾਰੀਆਂ ਨੂੰ ਵਿਸਥਾਰ 'ਚ ਸਿਖਲਾਈ ਦੇ ਕੇ ਜਿੱਥੇ ਉਨ੍ਹਾਂ ਦੇ ਗਿਆਨ 'ਚ ਵਾਧਾ ਕਰੇਗਾ, ਉਥੇ ਉਨ੍ਹਾਂ ਦੀ ਕੰਮ ਕਰਨ ਦੀ ਸਮਰੱਥਾ 'ਚ ਵੀ ਵਾਧਾ ਹੋਵੇਗਾ। ਉਨ੍ਹਾਂ ਮਗਸੀਪਾ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਅਜਿਹੇ ਸਿਖਲਾਈ ਪ੍ਰੋਗਰਾਮਾਂ ਨਾਲ ਸਰਕਾਰੀ ਵਿਭਾਗਾਂ ਦੇ ਕੰਮ 'ਚ ਹੋਰ ਵਧੇਰੇ ਤੇਜ਼ੀ ਆਵੇਗੀ।ਇਸ ਮੌਕੇ ਵਿਸ਼ਾ-ਮਾਹਿਰ ਸ਼੍ਰੀ ਡੀ.ਸੀ. ਗੁਪਤਾ, ਆਈ.ਡੀ.ਏ.ਐੱਸ. (ਰਿਟਾ.) ਵੱਲੋਂ ਸੂਚਨਾ ਅਧਿਕਾਰ ਐਕਟ ਦੇ ਪਿਛੋਕੜ ਅਤੇ ਇਸਦੀਆਂ ਵਿਸ਼ੇਸ਼ਤਾਵਾਂ ਬਾਰੇ, ਲਾਅ ਵਿਭਾਗ ਮੁਖੀ ਪੰਜਾਬੀ ਯੂਨੀਵਰਸਿਟੀ ਰੀਜ਼ਨਲ ਸੈਂਟਰ, ਬਠਿੰਡਾ ਡਾ. ਨਿੰਮੀ ਜਿੰਦਲ ਵੱਲੋਂ ਜਨਤਕ ਅਥਾਰਿਟੀ ਦੁਆਰਾ ਪੀ.ਆਈ.ਓ. ਅਤੇ ਏ.ਪੀ.ਆਈ.ਓ.ਦੀ ਨਿਯੁਕਤੀ, ਜਾਣਕਾਰੀ ਪ੍ਰਾਪਤ ਕਰਨ ਲਈ ਬੇਨਤੀ ਅਤੇ ਬੇਨਤੀ ਦਾ ਨਿਪਟਾਰਾ ਕਰਨ, ਖੁਲਾਸੇ ਤੋਂ ਛੋਟ, ਤੀਜੀ ਧਿਰ ਬਾਰੇ ਅਤੇ ਮਿਸ ਏਕਤਾ ਗੁਪਤਾ, ਰੀਸਰਚ ਐਸ਼ੋਸੀਏਟ, ਮਗਸੀਪਾ ਚੰਡੀਗੜ੍ਹ ਵੱਲੋਂ ਰਾਜ ਸੂਚਨਾ ਕਮਿਸ਼ਨ ਦਾ ਸੰਵਿਧਾਨ, ਸੇਵਾ ਦੇ ਨਿਯਮ ਅਤੇ ਸ਼ਰਤਾਂ, ਰਾਜ ਸੂਚਨਾ ਕਮਿਸ਼ਨ ਵਿੱਚ ਸ਼ਿਕਾਇਤਾਂ ਅਤੇ ਅਪੀਲ ਦਾਇਰ ਕਰਨ ਬਾਰੇ, ਮੁਆਵਜੇ ਦੀ ਸ਼ਜਾ ਅਤੇ ਗ੍ਰਾਂਟ ਬਾਰੇ ਜਾਣਕਾਰੀ ਦਿੱਤੀ ਗਈ। ਸਿਖਲਾਈ ਪ੍ਰੋਗਰਾਮ ਦੇ ਦੂਜੇ ਦਿਨ ਵਿਸ਼ਾ-ਮਾਹਿਰ ਸ਼੍ਰੀ ਯਸ਼ਪਾਲ ਮਾਨਵੀ, ਸਹਾਇਕ ਡਾਇਰੈਕਟਰ (ਰਿਟਾ.), ਪੰਜਾਬ ਸਕੂਲ ਸਿੱਖਿਆ ਵਿਭਾਗ ਵੱਲੋਂ ਆਰ.ਟੀ.ਆਈ. ਕਾਨੂੰਨ ਦੀ ਉਲੰਘਣਾ ਦੇ ਪ੍ਰਭਾਵ, ਅਦਾਲਤਾਂ ਦਾ ਅਧਿਕਾਰ ਖੇਤਰ, ਆਰ.ਟੀ.ਆਈ. ਐਕਟ ਤੋਂ ਛੋਟ ਵਾਲੀਆਂ ਸੰਸਥਾਵਾਂ, ਪੰਜਾਬ ਆਰ.ਟੀ. ਰੂਲ, 2017 ਅਤੇ ਮਿਸ ਏਕਤਾ ਗੁਪਤਾ, ਰੀਸਰਚ ਐਸ਼ੋਸੀਏਟ, ਮਗਸੀਪਾ ਚੰਡੀਗੜ੍ਹ ਵੱਲੋਂ ਕੇਸ ਸਟੱਡੀ ਅਤੇ ਪ੍ਰਸ਼ਨਾਂ-ਉੱਤਰਾਂ ਨਾਲ ਭਾਗੀਦਾਰਾਂ ਨੂੰ ਸੂਚਨਾ ਅਧਿਕਾਰ ਐਕਟ-2005 ਬਾਰੇ ਭਰਪੂਰ ਜਾਣਕਾਰੀ ਦਿੱਤੀ।