ਜੈਦ ਪਿੰਡ ਦੇ ਕਿਸਾਨ ਗੁਰਕੀਰਤਨ ਸਿੰਘ ਦੇ ਯਤਨਾ ਸਦਕਾ ਕ੍ਰਿਸ਼ੀ ਵਿਗਿਆਨ ਕੇਂਦਰ ਦੀਆਂ ਸਲਾਹਾਂ ਨੂੰ ਮੰਨਦਿਆਂ ਪਿੰਡ ਦੇ ਖੇਤਾਂ ਵਿੱਚ 550 ਏਕੜ ਰਕਬੇ ਵਿੱਚ ਪਰਾਲੀ ਬਿਨਾਂ ਸਾੜਿਆਂ ਸਾਂਭੀ ਗਈ ਹੈ। ਹੁਣ ਕਿਸਾਨ ਆਪਣੇ ਆਪ ਖੇਤਾਂ ਵਿੱਚ ਹੈਪੀ ਸੀਡਰ ਦੀ ਮਦਦ ਨਾਲ ਕਣਕ ਦੀ ਬਿਜਾਈ ਸਿੱਧੇ ਤੌਰ 'ਤੇ ਕਰ ਰਹੇ ਹਨ।ਡਾ. ਜਤਿੰਦਰ ਸਿੰਘ ਬਰਾੜ ਸਹਿਯੋਗੀ ਨਿਰਦੇਸਕ ਕ੍ਰਿਸ਼ੀ ਵਿਗਿਆਨ ਕੇਂਦਰ ਬਠਿੰਡਾ ਨੇ ਦੱਸਿਆ ਕਿ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵੱਲੋਂ ਝੋਨੇ ਦੀ ਪਰਾਲੀ ਪ੍ਰਬੰਧ ਸਬੰਧੀ ਆਰੰਭੇ ਯਤਨਾ ਦੇ ਅਧੀਨ ਚੁਣੇ ਹੋਏ ਪਿੰਡਾਂ ਵਿਚ ਪਰਾਲੀ ਪ੍ਰਬੰਧ ਚੱਲ ਰਿਹਾ ਹੈ। ਇਸ ਕੜੀ ਤਹਿਤ ਪਿੰਡ ਜੈਦ ਵਿਖੇ ਝੋਨੇ ਦੇ ਖੜੇ ਕਰਚਿਆਂ ਵਿਚ ਹੈਪੀ ਸੀਡਰ ਨਾਲ ਕਣਕ ਦੀ ਬਿਜਾਈ ਦੀਆਂ ਪ੍ਰਦਰਸ਼ਨੀਆਂ ਲਾਈਆਂ ਜਾ ਰਹੀਆਂ ਹਨ। ਇਸ ਪਿੰਡ ਦੇ ਕਿਸਾਨ ਗੁਰਕੀਰਤਨ ਸਿੰਘ ਜੈਦ ਜੋ ਕਿ ਕ੍ਰਿਸ਼ੀ ਵਿਗਿਆਨ ਕੇਂਦਰ ਨਾਲ ਜੁੜੇ ਹੋਏ ਹਨ। ਇਸ ਕਿਸਾਨ ਨੇ ਹੈਪੀ ਸੀਡਰ ਨਾਲ ਕਣਕ ਦੀ ਬਿਜਾਈ ਕਰਕੇ ਪਰਾਲੀ ਨੂੰ ਜਮੀਨ ਵਿਚ ਹੀ ਰੱਖਿਆ ਹੈ। ਗੁਰਕੀਰਤਨ ਸਿੰਘ ਦਾ ਕਹਿਣਾ ਹੈ ਕਿ ਇਸ ਤਰਾਂ ਕਰਨ ਨਾਲ ਜ਼ਮੀਨ ਦੀ ਉਪਜਾਊ ਸ਼ਕਤੀ ਵੱਧਦੀ ਹੈ ਅਤੇ ਝਾੜ ਵੀ ਵੱਧ ਆਉਂਦਾ ਹੈ। ਕਿਸਾਨ ਗੁਰਕੀਰਤਨ ਸਿੰਘ ਕੋਲ ਆਪਣੀ 31 ਕਿੱਲੇ ਜ਼ਮੀਨ ਹੈ ਅਤੇ ਉਹ 20 ਕਿੱਲੇ ਠੇਕੇ 'ਤੇ ਲੈ ਕੇ ਵਾਹੀ ਕਰਦਾ ਹੈ। ਜੋ ਕਿ ਪਿਛਲੇ 2 ਸਾਲਾਂ ਤੋਂ ਪਰਾਲੀ ਨੂੰ ਬਿਨਾਂ ਅੱਗ ਲਗਾਏ ਉਸ ਦਾ ਪ੍ਰਬੰਧਨ ਕਰ ਰਿਹਾ ਹੈ।ਉਨਾਂ ਕਿਸਾਨਾਂ ਨੂੰ ਇਹ ਵੀ ਅਪੀਲ ਕੀਤੀ ਕਿ ਪੰਜਾਬ ਖੇਤੀਬਾੜੀ ਯੂਨਵਿਰਸਿਟੀ ਦੀਆਂ ਝੋਨੇ ਦੀਆਂ ਘੱਟ ਸਮਾਂ ਲੈਣ ਵਾਲੀਆਂ ਕਿਸਮਾਂ ਪੀ.ਆਰ.-126, ਪੀ.ਆਰ.-121, ਪੀ.ਆਰ.-122 ਅਤੇ ਪੀ.ਆਰ.-124 ਨੂੰ ਤਰਜੀਹ ਦੇਣ ਕਿਉਂਕਿ ਇਨਾਂ ਕਿਸਮਾਂ ਦੇ ਝੋਨੇ ਦੀ ਕਟਾਈ ਤੋਂ ਬਾਅਦ ਖੇਤ ਵਿੱਚ ਬਚ ਗਏ ਕਰਚੇ ਹਰੇ ਰਹਿੰਦੇ ਹਨ, ਜਿਸ ਵਿਚ ਹੈਪੀ ਸੀਡਰ ਨਾਲ ਕਣਕ ਦੀ ਸਿੱਧੀ ਬਿਜਾਈ ਬਹੁਤ ਵਧੀਆ ਹੁੰਦੀ ਹੈ। ਉਸਦੇ ਕੋਲ ਆਪਣਾ ਹੈਪੀ ਸੀਡਰ ਹੈ ਜਿਸ ਨਾਲ ਹੁਣ ਤੱਕ 180 ਕਿੱਲੇ ਕਣਕ ਬੀਜ ਚੁੱਕਿਆ ਹੈ। ਇਸ ਤੋਂ ਇਲਾਵਾ ਰਵਾਇਤੀ ਸੰਦ ਤਵੀਆਂ ਨਾਲ ਇਨਾਂ ਕਿਸਮਾਂ ਦੀ ਪਰਾਲੀ ਨੂੰ ਜ਼ਮੀਨ ਵਿਚ ਸੌਖੀ ਤਰਾਂ ਮਿਲਾਇਆ ਜਾ ਸਕਦਾ ਹੈ। ਅਜਿਹਾ ਕਰਨ ਨਾਲ ਖਰਚਾ ਵੀ ਘੱਟ ਹੁੰਦਾ ਹੈ ।ਡਾ. ਜਤਿੰਦਰ ਸਿੰਘ ਬਰਾੜ ਨੇ ਦੱਸਿਆ ਕਿ ਪਰਾਲੀ ਜ਼ਮੀਨ ਵਿੱਚ ਰੱਖਣ ਨਾਲ ਜ਼ਮੀਨ ਵਿਚਲੇ ਸੂਖਮ ਜੀਵਾਣੂਆਂ ਵਿਚ ਵਾਧਾ ਹੁੰਦਾ ਹੈ ਜੋ ਕਿ ਜ਼ਮੀਨ ਦੀ ਉਪਜਾਊ ਸ਼ਕਤੀ ਨੂੰ ਵਧਾਉਂਦੇ ਹਨ। ਜਿਸ ਨਾਲ ਜ਼ਮੀਨ ਵਿਚਲਾ ਜੈਵਿਕ ਕਾਰਬਨ ਵੱਧਦਾ ਹੈ। ਇਸ ਲਈ ਸਾਨੂੰ ਪਰਾਲੀ ਸਾਂਭਣ ਦੇ ਅਜਿਹੇ ਢੰਗ ਅਪਣਾਉਣੇ ਚਾਹੀਦੇ ਹਨ ਜਿਨਾਂ ਨਾਲ ਪਰਾਲੀ ਨੂੰ ਜ਼ਮੀਨ ਵਿਚ ਹੀ ਸਾਂਭਿਆ ਜਾ ਸਕੇ।ਡਾ. ਗੁਰਮੀਤ ਸਿੰਘ ਢਿੱਲੋਂ ਨੇ ਦੱਸਿਆ ਕਿ ਇਸ ਕਿਸਾਨ ਨੂੰ ਦੇਖਦੇ ਹੋਏ ਆਸ-ਪਾਸ ਦੇ ਪਿੰਡਾਂ ਦੇ ਕਿਸਾਨ ਵੀ ਪਰਾਲੀ ਪ੍ਰਬੰਧ ਲਈ ਪ੍ਰੇਰਿਤ ਹੋ ਰਹੇ ਹਨ। ਇਸ ਮੌਕੇ ਰੀਸਰਚ ਫੈਲੋ ਸ਼੍ਰੀ ਪ੍ਰਕਾਸ਼ ਸਿੰਘ ਸਿੱਧੂ ਨੇ ਦੱਸਿਆ ਕਿ ਇਨਾਂ ਪ੍ਰਦਰਸ਼ਨੀਆਂ ਨੂੰ ਸਫ਼ਲਤਾ ਪੂਰਵਕ ਨੇਪਰੇ ਚਾੜਣ ਲਈ ਅਗਾਂਹ ਵਧੂ ਕਿਸਾਨ ਗੁਰਕੀਰਤਨ ਸਿੰਘ ਵੱਲੋਂ ਬਹੁਤ ਸਹਿਯੋਗ ਦਿੱਤਾ ਜਾ ਰਿਹਾ ਹੈ ਅਤੇ ਇਸ ਪਿੰਡ ਵਿੱਚ ਵੱਖ-ਵੱਖ ਢੰਗਾਂ ਰਾਹੀਂ 550 ਏਕੜ ਰਕਬੇ ਵਿੱਚ ਪਰਾਲੀ ਪ੍ਰਬੰਧ ਕੀਤਾ ਜਾ ਚੁੱਕਾ ਹੈ।