ਮੁੱਖ ਖੇਤੀਬਾੜੀ ਅਫਸਰ ਤਰਨ ਤਾਰਨ ਡਾ: ਹਰਪਾਲ ਸਿੰਘ ਪੰਨੂ ਦੇ ਦਿਸ਼ਾ ਨਿਰਦੇਸ਼ ਅਤੇ ਖੇਤੀਬਾੜੀ ਅਫ਼ਸਰ ਖਡੂਰ ਸਾਹਿਬ ਡਾ: ਨਵਤੇਜ ਸਿੰਘ ਦੀ ਅਗਵਾਈ ਹੇਠ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਦੁਆਰਾ ਬਲਾਕ ਖਡੂਰ ਸਾਹਿਬ ਦੇ ਪਿੰਡ ਨਾਗੋਕੇ ਵਿਖੇ ਕਿਸਾਨ ਸਿਖਲਾਈ ਕੈਂਪ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਡਾ: ਯਾਦਵਿੰਦਰ ਸਿੰਘ ਬੀ ਟੀ ਐਮ ਨੇ ਕਿਹਾ ਕਿ ਬਾਸਮਤੀ ਵਿਚ ਗੈਰ ਸਿਫਾਰਸ਼ੀ ਦਵਾਈਆਂ ਦੀ ਵਰਤੋਂ ਨਹੀਂ ਕਰਨੀ ਚਾਹੀਦੀ ਤਾਂ ਜੋ ਅੰਤਰਰਾਸ਼ਟਰੀ ਮੰਡੀ ਵਿਚ ਬਾਸਮਤੀ ਦਾ ਚੰਗਾ ਮੁੱਲ ਮਿਲ 'ਸਕੇ।
ਉਹਨਾਂ ਅਪੀਲ ਕੀਤੀ ਕਿ ਮਿਆਰੀ ਬਾਸਮਤੀ ਪੈਦਾ ਕਰਨ ਹਿੱਤ ਸਰਕਾਰ ਵਲੋਂ ਬੈਨ ਕੀਤੀਆਂ ਜ਼ਹਿਰਾਂ ਦੇ ਐਸੀਫੇਟ, ਬੁਪਰੋਫੈਜਿਨ, ਕਲੋਰੋਪੈਰੀ ਫਾਸ, ਹੈਕਸਾਕੋਨਾ ਜੋ਼ਲ, ਪ੍ਰੋਪੀਕੋਨਾਜ਼ੋਲ, ਥਾਇਆਮਿਥਕਸਮ, ਪਰਵੀ ਨੋਵਾਸ, ਇਮਿਡਾਕਲੋਪਿਡ, ਕਾਰਬੈਂਡਾਜਿਮ ਅਤੇ ਟਰਾਈ
ਸਾਇਕਲਾਜੋਲ ਦੀ ਵਰਤੋਂ ਬਾਸਮਤੀ ਦੀ ਫ਼ਸਲ ਤੋਂ ਬਿਲਕੁਲ ਨਾ ਕੀਤੀ ਜਾਵੇ। ਉਹਨਾਂ ਨੇ ਕਿਸਾਨ ਸਨਮਾਨ ਨਿਧੀ ਯੋਜਨਾ ਅਤੇ ਮਹਿਕਮੇ ਦੁਆਰਾ ਸਾਉਣੀ ਦੀ ਮੱਕੀ, ਜਿਪਸਮ ਤੇ ਦਿੱਤੀ ਜਾ ਰਹੀ ਸਬਸਿਡੀ ਅਤੇ ਝੋਨੇ ਦੀ ਸਿੱਧੀ ਬਿਜਾਈ ਤੇ ਦਿੱਤੀ ਜਾ ਰਹੀ ਪ੍ਰੋਤਸਾਹਨ ਰਾਸ਼ੀ ਦੀ ਵੈਰੀਫਿਕੇਸ਼ਨ ਸਬੰਧੀ ਜਾਣਕਾਰੀ ਦਿੱਤੀ।
ਇਸ ਮੌਕੇ ਸਰਪੰਚ ਜਸਪਾਲ ਸਿੰਘ, ਰਘਬੀਰ ਸਿੰਘ, ਮੁਖਤਿਆਰ ਸਿੰਘ ਕੁਲਦੀਪ ਸਿੰਘ, ਅਤੇ ਪਿੰਡ ਨਾਗੋਕੇ ਦੇ ਅਗਾਂਹਵਧੂ ਕਿਸਾਨ ਹਾਜ਼ਰ ਸਨ। ਇਸ ਮੌਕੇ ਫਲਦਾਰ ਬੂਟਿਆਂ ਦੀ ਵੰਡ ਵੀ ਕੀਤੀ ਗਈ।