ਪੰਜਾਬ ਸਰਕਾਰ ਵਲੋਂ ਝੋਨੇ ਦੀ ਪਰਾਲੀ ਨੂੰ ਅੱਗ ਨਾ ਲਗਾਉਣ ਦੀਆਂ ਅਪੀਲਾਂ ਦਾ ਇਸ ਵਾਰ ਕਾਫੀ ਅਸਰ ਦੇਖਣ ਨੂੰ ਮਿਲਿਆ ਹੈ ਅਤੇ ਇਸ ਵਾਰ ਵੱਡੀ ਗਿਣਤੀ ਵਿਚ ਕਿਸਾਨਾਂ ਨੇ ਪਰਾਲੀ ਨੂੰ ਬਿਨਾਂ ਅੱਗ ਲਗਾਏ ਕਣਕ ਦੀ ਬਿਜਾਈ ਹੈਪੀਸੀਡਰ ਨਾਲ ਬਿਜਾਈ ਕੀਤੀ ਹੈ। ਬਲਾਕ ਔੜ ਦੇ ਪਿੰਡ ਚੱਕਦਾਨਾ ਦੇ ਕਿਸਾਨ ਬਹਾਦਰ ਸਿੰਘ ਪੁੱਤਰ ਹਰਭਜਨ ਸਿੰਘ ਨੇ ਬਿਨਾਂ ਪਰਾਲੀ ਨੂੰ ਅੱਗ ਲਗਾਏ 50 ਏਕੜ ਰਕਬੇ ਵਿਚ ਕਣਕ ਦੀ ਬਿਜਾਈ ਹੈਪੀ ਸੀਡਰ ਨਾਲ ਕਰਕੇ ਵਾਤਾਵਰਣ ਦੀ ਸ਼ੁੱਧਤਾ ਵਿਚ ਆਪਣਾ ਯੋਗਦਾਨ ਪਾਇਆ ਹੈ। ਕਿਸਾਨ ਬਹਾਦਰ ਸਿੰਘ ਨੇ ਦੱਸਿਆ ਕਿ ਉਹ ਪਿਛਲੇ 3 ਸਾਲਾਂ ਤੋਂ ਲਗਾਤਾਰ ਹੈਪੀਸੀਡਰ ਨਾਲ ਕਣਕ ਦੀ ਬਿਜਾਈ ਕਰ ਰਿਹਾ ਹੈ ਅਤੇ ਉਸ ਨੇ ਫਸਲਾਂ ਦੀ ਰਹਿੰਦ- ਖੂਹੰਦ ਨੁੰ ਅੱਗ ਨਹੀਂ ਲਗਾਈ ਹੈ। ਉਸ ਨੇ ਇਹ ਵੇਖਿਆ ਹੈ ਕਿ ਬਿਨਾਂ ਅੱਗ ਲਗਾਏ ਬੀਜੀ ਗਈ ਕਣਕ ਦਾ ਝਾੜ ਪਹਿਲਾਂ ਦੇ ਮੁਕਾਬਲੇ ਵੱਧ ਨਿਕਲਦਾ ਹੈ ਅਤੇ ਖਾਦਾਂ ਦਾ ਖਰਚਾ ਵੀ ਘਟਦਾ ਹੈ। ਇਸ ਤੋਂ ਇਲਾਵਾ ਹੈਪੀਸੀਡਰ ਨਾਲ ਬਿਜਾਈ ਕਰਨ ਨਾਲ ਖੇਤਾਂ ਵਿਚ ਨਦੀਨ ਵੀ ਬਹੁਤ ਘੱਟ ਉੱਗਦੇ ਸਨ। ਉਸ ਵਲੋਂ ਸਾਲ 2017 ਵਿਚ ਹੈਪੀਸੀਡਰ ਨਾਲ ਬੀਜੀ ਕਣਕ ਦਾ ਝਾੜ 24 ਕੁਇੰਟਲ ਅਤੇ ਝੋਨੇ ਦਾ ਝਾੜ 30 ਕੁਇੰਟਲ ਲਿਆ ਹੈ। ਜ਼ਿਲੇ੍ਹ ਦੇ ਮੁੱਖ ਖੇਤੀਬਾੜੀ ਅਫਸਰ ਡਾ. ਗੁਰਬਖਸ਼ ਸਿੰਘ ਨੇ ਕਿਸਾਨ ਬਹਾਦਰ ਸਿੰਘ ਵਲੋਂ ਹੈਪੀਸੀਡਰ ਨਾਲ ਬੀਜੀ ਕਣਕ ਦਾ ਨਿਰੀਖਣ ਕੀਤਾ। ਉਨ੍ਹਾਂ ਦੱਸਿਆ ਕਿ ਹੈਪੀਸੀਡਰ ਮਸ਼ੀਨ ਕਿਸਾਨਾਂ ਲਈ ਵਰਦਾਨ ਸਾਬਿਤ ਹੋ ਰਹੀ ਹੈ ਕਿਉਂਕਿ ਇਸ ਮਸ਼ੀਨ ਨਾਲ ਖੇਤ ਨੂੰ ਬਿਨਾਂ ਵਾਹੇ ਕਣਕ ਦੀ ਬਿਜਾਈ ਕੀਤੀ ਜਾ ਸਕਦੀ ਹੈ ਅਤੇ ਇਸ ਤਰ੍ਹਾਂ ਕਰਨ ਨਾਲ ਨਦੀਨਾਂ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ।
ਮੁੱਖ ਖੇਤੀਬਾੜੀ ਅਫਸਰ ਨੇ ਦੱਸਿਆ ਕਿ ਵਿਭਾਗ ਵਲੋਂ ਜ਼ਿਲ੍ਹੇ ਵਿਚ ਇਨ ਸੀਟੂ ਮੈਨੇਜ਼ਮੈਂਟ ਆਫ ਕਰਾਪ ਰੈਜ਼ੀਡਿਊ ਸਕੀਮ ਅਧੀਨ ਸਾਲ 2018-19 ਦੌਰਾਨ 30 ਹੈਪੀਸੀਡਰ ਮਸ਼ੀਨਾਂ ਉਪਦਾਨ ’ਤੇ ਮੁਹੱਈਆ ਕਰਵਾਈਆਂ ਗਈਆਂ ਹਨ, ਜਿਸ ਨਾਲ ਜ਼ਿਲ੍ਹੇ ਵਿਚ ਹੁਣ ਤੱਕ 3000 ਹੈਕਟੇਅਰ ਰਕਬੇ ਵਿਚ ਕਣਕ ਦੀ ਬਿਜਾਈ ਕੀਤੀ ਜਾ ਚੁੱਕੀ ਹੈ ਅਤੇ ਕਿਸਾਨ ਇਸ ਮਸ਼ੀਨ ਨਾਲ ਬਿਜਾਈ ਕਰਨ ਨੂੰ ਤਰਜੀਹ ਦੇ ਰਹੇ ਹਨ। ਉਨ੍ਹਾਂ ਦੱਸਿਆ ਕਿ ਝੋਨੇ ਦੀ ਪਰਾਲੀ ਦੀ ਸਾਂਭ ਸੰਭਾਲ ਲਈ 13 ਪੈਡੀਸਟਰਾਅ ਚੌਪਰ, 4 ਮਲਚਰ, 19 ਐੱਮ.ਬੀ.ਪਲਾਓ.,7 ਜ਼ੀਰੋ ਟਿੱਲ ਡਰਿਲ, 113 ਕੰਬਾਇਨ ਦੇ ਸੁਪਰ ਸਟਰਾਅ ਮੈਨੇਜ਼ਮੈਂਟ ਸਿਸਟਮ,10 ਰੋਟਾਵੇਟਰ ਮਸ਼ੀਨਾਂ ਕਿਸਾਨਾਂ ਨੂੰ ਉਪਦਾਨ ’ਤੇ ਮੁਹੱਈਆ ਕਰਵਾਈਆਂ ਗਈਆਂ ਹਨ। ਇਨ੍ਹਾਂ ਮਸ਼ੀਨਾਂ ਦੀ ਬਣਦੀ 1,25,65,743 ਰੁਪਏ/- ਦੀ ਸਬਸਿਡੀ ਕਿਸਾਨਾਂ ਦੇ ਖਾਤਿਆਂ ਵਿਚ ਤਬਦੀਲ ਕਰ ਦਿੱਤੀ ਗਈ ਹੈ। ਪਿੰਡ ਚੱਕਦਾਨਾ ਵਿਖੇ ਕਿਸਾਨ ਬਹਾਦਰ ਸਿੰਘ ਦੇ ਖੇਤਾਂ ਦੇ ਨਿਰੀਖਣ ਕਰਨ ਸਮੇਂ ਮੁੱਖ ਖੇਤੀਬਾੜੀ ਅਫਸਰ ਦੇ ਨਾਲ ਡਾ. ਰਾਜ ਕੁਮਾਰ ਖੇਤੀਬਾੜੀ ਵਿਕਾਸ ਅਫਸਰ ਇੰਨਫੋਰਸਮੈਂਟ, ਡਾ. ਰਾਮ ਪਾਲ ਖੇਤੀਬਾੜੀ ਅਫਸਰ ਔੜ, ਡਾ. ਲੇਖ ਰਾਜ ਖੇਤੀਬਾੜੀ ਵਿਕਾਸ ਅਫਸਰ, ਔੜ ਤੋਂ ਇਲਾਵਾ ਸ੍ਰੀ ਅਜਮੇਰ ਸਿੰਘ, ਅਵਤਾਰ ਸਿੰਘ ਚੱਕਦਾਨਾਂ, ਗੁਰਮੁਖ ਸਿੰਘ, ਪਿ੍ਰਤਪਾਲ ਸਿੰਘ, ਅਮਰਜੀਤ ਸਿੰਘ, ਗੁਰਨਾਮ ਸਿੰਘ, ਸਰਬਜੀਤ ਸਿੰਘ ਅਤੇ ਸੁਰਿੰਦਰ ਸਿੰਘ ਬੁਰਜ ਟਹਿਲਦਾਸ ਆਦਿ ਕਿਸਾਨ ਵੀ ਸਨ।