ਸਿਹਤ ਵਿਭਾਗ ਬਠਿੰਡਾ ਵੱਲੋਂ ਨਸਬੰਦੀ ਪੰਦਰਵਾੜਾ 21 ਨਵੰਬਰ2018 ਤੋਂ 4 ਦਸੰਬਰ 2018 ਤੱਕ ਮਨਾਇਆ ਜਾ ਰਿਹਾ ਹੈ। ਸਿਵਲ ਸਰਜਨ ਬਠਿੰਡਾ ਡਾ: ਐਚ.ਐਨ.ਸਿੰਘ ਦੀ ਦੇਖ ਰੇਖ ਹੇਠ ਅਰਬਨ ਪੀ.ਐਚ.ਸੀ. ਪਰਸਰਾਮ ਨਗਰ ਬਠਿੰਡਾ ਵਿਖੇ ਮੈਡੀਕਲ ਅਫਸਰ, ਐਲ.ਐਚ.ਵੀ, ਏ.ਐਨ.ਐਮ, ਅਤੇ ਆਸ਼ਾ ਵਰਕਰ ਦੀ ਮੀਟਿੰਗ ਕੀਤੀ ਗਈ । ਇਸ ਮੌਕੇ ਜ਼ਿਲਾ ਪਰਿਵਾਰ ਭਲਾਈ ਅਫਸਰ ਡਾ: ਗੁਰਦੀਪ ਸਿੰਘ ਨੇ ਦੱਸਿਆ ਕਿ ਇਸ ਪੰਦਰਵਾੜੇ ਤਹਿਤ 21 ਨਵੰਬਰ ਤੋਂ 27 ਨਵੰਬਰ 2018 ਤੱਕ ਚੀਰਾ ਰਹਿਤ ਨਸਬੰਦੀ ਸੰਬੰਧੀ ਜਾਗਰੂਕਤਾ ਮੁਹਿੰਮ ਚਲਾਈ ਜਾਵੇਗੀ ਅਤੇ ਮਿਤੀ 28 ਨਵੰਬਰ ਤੋਂ 4 ਦਸੰਬਰ 2018 ਤੱਕ ਸਿਵਲ ਹਸਪਤਾਲ ਬਠਿੰਡਾ ਵਿਖੇ ਨਸਬੰਦੀ ਅਪ੍ਰੇਸ਼ਨ ਕੀਤੇ ਜਾਣਗੇ। ਉਹਨਾਂ ਦੱਸਿਆ ਕਿ ਇਹ ਇੱਕ ਮਮੂਲੀ ਅਪ੍ਰੇਸ਼ਨ ਹੈ। ਇਸ ਅਪ੍ਰੇਸ਼ਨ ਦੌਰਾਨ ਕੋਈ ਚੀਰ ਫਾੜ ਨਹੀ ਕੀਤੀ ਜਾਂਦੀ ਅਤੇ ਨਾ ਹੀ ਕੌਈ ਟਾਂਕਾ ਲਗਾਇਆ ਜਾਂਦਾ ਹੈ। ਅਪ੍ਰੇਸ਼ਨ ਤੋਂ ਇੱਕ ਘੰਟੇ ਬਾਅਦ ਆਦਮੀ ਘਰ ਜਾ ਸਕਦਾ ਹੈ ਅਤੇ 72 ਘੰਟੇ ਬਾਅਦ ਵਿਅਕਤੀ ਆਪਣਾ ਰੋਜ਼ਾਨਾ ਦਾ ਕੰਮਕਾਜ ਆਮ ਵਾਂਗ ਕਰ ਸਕਦਾ ਹੈ। ਨਸਬੰਦੀ ਅਪ੍ਰੇਸ਼ਨ ਤੋਂ ਬਾਅਦ ਕਿਸੇ ਵੀ ਕਿਸਮ ਦੀ ਸਰੀਰਕ ਕਮਜੋਰੀ ਨਹੀ ਆਉਂਦੀ ਇਹ ਸਿਰਫ ਵਹਿਮ-ਭਰਮ ਹਨ। ਇਹ ਔਰਤ ਦੇ ਨਲਬੰਦੀ ਅਪ੍ਰੇਸ਼ਨ ਮੁਕਾਬਲੇ ਹਰ ਪੱਖੋ ਅਪਣਾਉਣਾ ਅਸਾਨ ਹੈ। ਉਹਨਾਂ ਦੱਸਿਆ ਕਿ ਅਪ੍ਰੇਸ਼ਨ ਕਰਵਾਉਣ ਵਾਲੇ ਵਿਅਕਤੀ ਦੀ ਉਮਰ 60 ਸਾਲ ਤੋਂ ਘੱਟ ਹੋਣੀ ਚਾਹੀਦੀ ਹੈ। ਵਿਅਕਤੀ ਸ਼ਾਦੀ ਸ਼ੁਦਾ ਹੋਣਾ ਚਾਹੀਦਾ ਹੈ ਅਤੇ ਇੱਕ ਬੱਚਾ ਹੋਣਾ ਲਾਜ਼ਮੀ ਹੈ। ਜ਼ਿਲਾ ਟੀਕਾਕਰਨ ਅਫਸਰ ਡਾ: ਕੁੰਦਨ ਕੁਮਾਰ ਪਾਲ ਨੇ ਕਿਹਾ ਕਿ ਯੋਗ ਜੋੜਿਆਂ ਨੂੰ ਗਰੁੱਪ ਮੀਟਿੰਗਾਂ ਰਾਹੀਂ ਛੋਟਾ ਪਰਿਵਾਰ ਸੁਖੀ ਪਰਿਵਾਰ ਦੀ ਮਹੱਤਤਾ ਬਾਰੇ ਜਾਣੂ ਕਰਵਾਇਆ ਜਾਵੇ ਅਤੇ ਪਰਿਵਾਰ ਭਲਾਈ ਦੇ ਕੱਚੇ ਤੇ ਪੱਕੇ ਸਾਧਨਾਂ ਅਪਣਾਉਣ ਸਬੰਧੀ ਪ੍ਰੇਰਿਤ ਕੀਤਾ ਜਾਵੇ ਅਤੇ ਉਹਨਾਂ ਨੂੰ ਚੀਰਾ ਰਹਿਤ ਨਸਬੰਦੀ ਕਰਵਾਉਣ ਲਈ ਮਰਦਾਂ ਦੀ ਭਾਗੀਦਾਰੀ ਯਕੀਨੀ ਬਣਾਉਣ ਪ੍ਰੇਰਣਾ ਦਿਤੀ ਜਾਵੇ। ਜ਼ਿਲਾ ਸਮੂਹ ਸਿੱਖਿਆ ਅਤੇ ਸੂਚਨਾਂ ਅਫਸਰ ਜਗਤਾਰ ਸਿੰਘ ਨੇ ਦੱਸਿਆ ਕਿ ਅਪ੍ਰੇਸ਼ਨ ਕਰਵਾਉਣ ਵਾਲੇ ਵਿਅਕਤੀ ਨੂੰ 1100 ਰੁਪਏ ਵਿੱਤੀ ਸਹਾਇਤਾ ਦਿੱਤੀ ਜਾਵੇਗੀ। ਅਪ੍ਰੇਸ਼ਨ ਲਈ ਪ੍ਰੇਰਿਤ ਕਰਨ ਵਾਲੇ ਵਿਅਕਤੀ ਨੂੰ 200 ਰੁਪਏ ਦਿੱਤੇ ਜਾਣਗੇ। ਇਸ ਮੌਕੇ ਏ.ਐਨ.ਐਮ. ਅਤੇ ਆਸ਼ਾ ਵਰਕਰਾਂ ਵੱਲੋਂ ਇਸ ਪੰਦਰਵਾੜੇ ਦੌਰਾਨ ਵੱਧ ਤੋਂ ਵੱਧ ਕੇਸ ਪ੍ਰੇਰਿਤ ਕਰਕੇ ਲੈ ਕੇ ਆਉਣ ਵਿੱਚ ਦਿਲਚਸਪੀ ਦਿਖਾਈ ਗਈ। ਇਸ ਮੌਕੇ ਅਰਬਨ ਨੌਡਲ ਅਫਸਰ ਡਾ: ਪਾਮਿਲ ਬਾਂਸਲ ਅਤੇ ਡਾ: ਸ਼ੇਖਰ ਮੰਗਲ, ਡਿਪਟੀ ਐਮ.ਈ.ਆਈ.ਓ. ਕੁਲਵੰਤ ਸਿੰਘ, ਪ੍ਰੋਜੈਕਸਨਿਸਟ ਕੇਵਲ ਕ੍ਰਿਸਨ ਅਤੇ ਜਗਦੀਸ਼ ਕੁਮਾਰ ਹਾਜ਼ਰ ਸਨ।