ਪਰਾਲੀ ਨੂੰ ਅੱਗ ਲਗਾਉਣ ਦੇ ਮਾੜੇ ਰੁਝਾਨ ਨੂੰ ਠੱਲ੍ਹ ਪਾਉਣ ਤੇ ਕਿਸਾਨਾਂ ਨੂੰ ਜਾਗਰੂਕ ਕਰਨ ਲਈ ਡਿਪਟੀ ਕਮਿਸ਼ਨਰ ਬਰਨਾਲਾ ਧਰਮ ਪਾਲ ਗੁਪਤਾ ਵੱਲੋਂ ਵਧੀਕ ਡਿਪਟੀ ਕਮਿਸ਼ਨਰ (ਵਿਕਾਸ), ਖੇਤੀਬਾੜੀ ਵਿਭਾਗ ਤੇ ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਦੇ ਅਧਿਕਾਰੀਆਂ ਨੂੰ ਨਾਲ ਲੈ ਕੇ ਜ਼ਿਲ੍ਹੇ ਦੇ ਪਿੰਡਾਂ 'ਚ ਕਿਸਾਨਾਂ ਨਾਲ ਬੈਠਕਾਂ ਕੀਤੀਆਂ ਗਈਆਂ। ਡਿਪਟੀ ਕਮਿਸ਼ਨਰ ਵੱਲੋਂ ਇਸ ਮੌਕੇ ਦੌਰੇ ਦੌਰਾਨ ਪਿੰਡ ਪੱਖੋਂ ਕਲਾਂ 'ਚ ਹੈਪੀਸੀਡਰ ਨਾਲ ਸਿੱਧੀ ਬੀਜੀ ਕਣਕ ਦਾ ਮੁਆਇਨਾ ਕੀਤਾ ਅਤੇ ਪਿੰਡ ਮੱਲ੍ਹੀਆਂ ਵਿਖੇ ਵੀ ਤਿੰਨ ਪਿੰਡਾਂ; ਮੱਲ੍ਹੀਆਂ, ਚੂੰਘਾਂ ਅਤੇ ਪੱਖੋਂਕੇ ਦੇ ਕਿਸਾਨਾਂ ਨਾਲ ਪਰਾਲੀ ਦੇ ਮੁੱਦੇ ਨੂੰ ਲੈ ਕੇ ਮੀਟਿੰਗ ਕੀਤੀ ਗਈ।ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਪਿਛਲੇ ਕੁਝ ਦਿਨਾਂ ਤੋਂ ਜ਼ਿਲ੍ਹੇ ਦੇ ਪਿੰਡਾਂ 'ਚ ਜਾ ਕੇ ਕਿਸਾਨਾਂ ਨਾਲ ਖੁਦ ਬੈਠਕਾਂ ਕੀਤੀਆਂ ਜਾ ਰਹੀਆਂ ਹਨ ਜਿੱਥੇ ਕਿਸਾਨ ਉਨ੍ਹਾਂ ਨੂੰ ਪਰਾਲੀ ਸਾੜਨ ਤੋਂ ਬਗੈਰ ਕਣਕ ਦੇ ਝਾੜ ਵੱਧਣ ਦੀ ਹਾਮੀਂ ਲਗਾਤਾਰ ਭਰ ਰਹੇ ਹਨ। ਉਨ੍ਹਾਂ ਦੱਸਿਆ ਕਿ ਕਿਸਾਨਾਂ ਵੱਲੋਂ ਦੱਸੇ ਗਏ ਤਰੀਕਿਆਂ 'ਚ ਹੈਪੀਸੀਡਰ ਨਾਲ ਬੀਜੀ ਗਈ ਕਣਕ ਜ਼ਿਆਦਾ ਲਾਹੇਵੰਦ ਦੱਸੀ ਗਈ ਹੈ ਅਤੇ ਇਸ ਨਾਲ ਬਿਜਾਈ ਕਰਨ ਲਈ ਕਿਸਾਨ ਸਿੱਧਾ ਖੜ੍ਹੇ ਕਰਚਿਆਂ 'ਚ ਹੀ ਬਿਨਾਂ ਕਿਸੇ ਮੁਸ਼ਕਲ ਤੋਂ ਕਣਕ ਦੀ ਬਿਜਾਈ ਕਰ ਸਕਦਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਹੈਪੀਸੀਡਰ 'ਤੇ ਖੇਤੀਬਾੜੀ ਤੇ ਸਹਿਕਾਰੀ ਵਿਭਾਗਾਂ ਰਾਹੀਂ ਵੱਡੇ ਪੱਧਰ 'ਤੇ ਸਬਸਿਡੀ ਵੀ ਵੰਡੀ ਗਈ ਹੈ ਤਾਂ ਜੋ ਕਿਸਾਨਾਂ ਨੂੰ ਇਸ ਦੀ ਵਰਤੋਂ ਵੱਲ ਉਤਸ਼ਾਹਤ ਕੀਤਾ ਜਾ ਸਕੇ।ਸ਼੍ਰੀ ਗੁਪਤਾ ਨੇ ਕਿਸਾਨਾਂ ਨੂੰ ਸਮਝਾਉਂਦਿਆ ਕਿਹਾ ਪਰਾਲੀ ਸਾੜਨ ਨਾਲ ਜਿੱਥੇ ਵਾਤਾਵਰਣ ਦਾ ਨੁਕਸਾਨ ਹੁੰਦਾ ਹੈ ਉੱਥੇ ਹੀ ਕਿਸਾਨ ਆਪਣੀ ਅਤੇ ਆਪਣੇ ਖੇਤ ਦੀ ਸਿਹਤ ਨੂੰ ਵੀ ਵੱਡੇ ਪੱਧਰ 'ਤੇ ਨੁਕਸਾਨ ਪਹੁੰਚਾਅ ਰਿਹਾ ਹੁੰਦਾ ਹੈ। ਉਨ੍ਹਾਂ ਦੱਸਿਆ ਕਿ ਖੇਤਾਂ ਦੇ ਵੱਢਾਂ ਨੂੰ ਅੱਗ ਲਗਾਉਣ ਨਾਲ ਇੱਕ ਤਾਂ ਜਿੱਥੇ ਮਿੱਤਰ ਕੀੜੇ ਮਰ ਜਾਂਦੇ ਹਨ ਉੱਥੇ ਹੀ ਪਰਾਲੀ 'ਚ ਮੌਜੂਦ ਖਾਦਾਂ ਤੇ ਹੋਰ ਸੂਖਮ ਤੱਤ ਵੀ ਅਜਾਈਂ ਅੱਗ ਦੀ ਭੇਂਟ ਚੜ੍ਹ ਜਾਂਦੇ ਹਨ। ਉਨ੍ਹਾਂ ਕਿਹਾ ਕਿ ਹਰ ਇੱਕ ਕਿਸਾਨ ਨੂੰ ਆਪ ਅੱਗ ਲਗਾਉਣ ਤੋਂ ਗੁਰੇਜ਼ ਕਰਨ ਦੇ ਨਾਲ-ਨਾਲ ਦੂਸਰਿਆਂ ਨੂੰ ਵੀ ਅੱਗ ਲਗਾਉਣ ਤੋਂ ਵਰਜਣਾ ਚਾਹੀਦਾ ਹੈ।ਇਸ ਮੌਕੇ ਹੋਰਨਾ ਤੋਂ ਇਲਾਵਾ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਪਰਵੀਨ ਕੁਮਾਰ, ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਦੇ ਐਸ.ਡੀ.ਓ. ਅਸ਼ਪ੍ਰੀਤ ਸਿੰਘ, ਖੇਤੀਬਾੜੀ ਵਿਭਾਗ ਏ.ਡੀ.ਓ. ਗੁਰਚਰਨ ਸਿੰਘ ਸਮੇਤ ਹੋਰ ਅਧਿਕਾਰੀ ਅਤੇ ਵੱਡੀ ਗਿਣਤੀ 'ਚ ਕਿਸਾਨ ਮੌਜੂਦ ਸਨ।