ਪਿੰਡ ਚੱਕ ਮਾਫੀ, ਸਮਰਾਲਾ, ਜ਼ਿਲਾ ਲੁਧਿਆਣਾ ਦਾ 40 ਸਾਲਾ ਨੌਜਵਾਨ ਕਿਸਾਨ ਸ. ਬੀਰ ਸਿੰਘ ਕਣਕ, ਝੋਨਾ ਅਤੇ ਆਲੂ ਦੀ ਖੇਤੀ ਕਰਦਾ ਹੈ। ਇਹ ਤਿੰਨੋਂ ਫਸਲਾਂ ਦੀ ਪਰਾਲੀ ਸਾੜੇ ਬਿਨਾ ਸਫ਼ਲ ਖੇਤੀ ਕਰਨ ਕਾਰਨ ਉਹ ਬਾਕੀ ਕਿਸਾਨਾਂ ਲਈ ਪ੍ਰੇਰਨਾ ਸਰੋਤ ਬਣਿਆ ਹੋਇਆ ਹੈ। ਉਸਨੇ ਪਿਛਲੇ ਸਾਲ 32 ਕਿੱਲੇ ਵਿੱਚ ਝੋਨੇ ਦੀ ਖੇਤੀ ਕੀਤੀ ਅਤੇ ਕ੍ਰਿਸ਼ੀ ਵਿਗਿਆਨ ਕੇਂਦਰ, ਸਮਰਾਲਾ ਦੇ ਤਕਨੀਕੀ ਸਹਿਯੋਗ ਦੇ ਨਾਲ ਆਪਣੀ 32 ਕਿੱਲੇ ਦੀ ਸਾਰੀ ਪਰਾਲੀ ਨੂੰ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਸਿਫ਼ਾਰਸ਼ ਕੀਤੇ ਢੰਗਾਂ ਨਾਲ ਖੇਤ ਵਿੱਚ ਵਾਹ ਕੇ ਸੁਚੱਜਾ ਪ੍ਰਬੰਧ ਕੀਤਾ ਸੀ।ਬੀਰ ਸਿੰਘ ਨੇ ਇਸ ਵਾਰ ਵੀ 45 ਕਿੱਲੇ ਝੋਨਾ ਬੀਜਿਆ ਸੀ, ਜਿਸ ਵਿੱਚੋਂ ਉਸਨੇ 20 ਕਿੱਲੇ ਝੋਨੇ ਦੀ ਕਟਾਈ ਕਰ ਲਈ ਹੈ ਅਤੇ ਹੁਣ ਉਹ ਪਰਾਲੀ ਨੂੰ ਬਿਨਾ ਸਾੜੇ ਖੇਤ ਵਿੱਚ ਵਾਹ ਰਿਹਾ ਹੈ ਤਾਂ ਜੋ ਅਗਲੀ ਫ਼ਸਲ ਦੀ ਬਿਜਾਈ ਕੀਤੀ ਜਾ ਸਕੇ। ਉਸਨੇ ਦੱਸਿਆ ਕਿ ਪਰਾਲੀ ਨੂੰ ਖੇਤ ਵਿੱਚ ਜਜ਼ਬ ਕਰਨ ਲਈ ਉਸਨੇ ਇੱਕ ਮਲਚਰ ਅਤੇ ਇੱਕ ਉਲਟਾਵਾਂ ਹਲ਼ ਖਰੀਦਿਆ।ਉਸਨੇ ਆਪਣੇ ਖੇਤਾਂ ਵਿੱਚ ਪਈ ਪਰਾਲੀ ਦਾ ਮਲਚਰ ਦੇ ਨਾਲ ਕੁਤਰਾ ਕਰਕੇ ਅਤੇ ਫਿਰ ਪਰਾਲੀ ਨੂੰ ਖੇਤ ਵਿੱਚ ਵਾਹ ਕੇ 23 ਏਕੜ ਆਲੂ ਅਤੇ 7 ਏਕੜ ਕਣਕ ਦੀ ਬੀਜਾਈ ਕੀਤੀ ।ਬੀਰ ਸਿੰਘ ਦੱਸਦਾ ਹੈ ਕਿ ਆਲੂ ਬੀਜਣ ਤੋਂ ਪਹਿਲਾਂ ਉਸਨੇ ਮਲਚਰ ਨਾਲ ਪਰਾਲੀ ਦਾ ਕੁਤਰਾ ਕੀਤਾ।ਮਲਚਰ 45-50 ਮਿੰਟਾਂ ਵਿੱਚ ਇੱਕ ਕਿੱਲੇ ਦੀ ਪਰਾਲੀ ਦਾ ਕੁਤਰਾ ਕਰ ਦਿੰਦਾ ਹੈ।ਇਸ ਨਾਲ ਤਕਰੀਬਨ 6 ਲੀਟਰ ਡੀਜ਼ਲ ਲੱਗਿਆ।ਇਸ ਤੋਂ ਬਾਅਦ ਰੋਟਾਵੇਟਰ ਨਾਲ ਪਰਾਲੀ ਨੂੰ ਵਿੱਚ ਵਾਹਿਆ।ਇਸ ਤੋਂ ਬਾਅਦ ਰਿਵਰਸ ਪਲੋਅ (ਉਲਟਾਵਾਂ ਹਲ਼) ਨਾਲ ਪਰਾਲੀ ਦਾ 8-10 ਇੰਚ ਡੂੰਘਾ ਪਲਟਾ ਮਾਰ ਦਿੱਤਾ।ਇਸ ਤੋਂ ਬਾਅਦ ਦੋ ਵਾਰੀ ਸੁਹਾਗਾ ਮਾਰਿਆ। ਫਿਰ ਦੋ ਵਾਰ ਰੋਟਾਵੇਟਰ ਮਾਰ ਕੇ ਆਲੂਆਂ ਦੀ ਪਲਾਂਟਰ ਨਾਲ ਬਿਜਾਈ ਕਰ ਦਿੱਤੀ। ਉਹ ਦੱਸਦਾ ਹੈ ਕਿ ਉਸਦੇ ਦੇਖਣ ਵਿੱਚ ਇਹ ਵੀ ਆਇਆ ਕਿ ਜੇਕਰ ਪਰਾਲੀ ਦਾ ਪਲਟਾ 6 ਇੰਚ ਤੱਕ ਹੀ ਮਾਰਦੇ ਸੀ ਤਾਂ ਪਰਾਲੀ ਪਲਾਂਟਰ ਵਿੱਚ ਫਸਦੀ ਸੀ ਪਰ 8-10 ਇੰਚ 'ਤੇ ਇਹ ਦਿੱਕਤ ਨਹੀਂ ਆਈ। ਕਣਕ ਦੀ ਬਿਜਾਈ ਲਈ ਮਲਚਰ ਫੇਰ ਕੇ ਫਿਰ ਇੱਕ ਵਾਰ ਰੋਟਾਵੇਟਰ ਮਾਰ ਕੇ ਫਿਰ ਰੌਣੀ ਕਰ ਦਿੱਤੀ।ਰੌਣੀ ਕਰਨ ਤੋਂ ਬਾਅਦ ਵੱਤਰ ਆਉਣ 'ਤੇ ਕਣਕ ਦੀ ਬਿਜਾਈ ਕਰਨ ਤੋਂ ਪਹਿਲਾਂ ਦੋ ਵਾਰ ਤਵੀਆਂ ਨਾਲ ਵਾਹ ਕੇ ਸੁਹਾਗਾ ਮਾਰਿਆ।ਇਸ ਤੋਂ ਬਾਅਦ ਦੋ ਵਾਰ ਹਲ਼ ਮਾਰ ਕੇ ਸੁਹਾਗਾ ਮਾਰ ਕੇ ਖੇਤ ਨੂੰ ਪੱਧਰਾ ਕੀਤਾ।ਇਸ ਮਗਰੋਂ ਸੀਡ ਡਰਿੱਲ ਨਾਲ ਕਣਕ ਦੀ ਬਿਜਾਈ ਕੀਤੀ। ਬੀਰ ਸਿੰਘ ਅਨੁਸਾਰ ਪਰਾਲੀ ਨੂੰ ਖੇਤ ਵਿੱਚ ਵਾਹੁਣ ਨਾਲ ਜਿੱਥੇ ਖੇਤਾਂ ਦੀ ਮਿੱਟੀ ਦੀ ਸਿਹਤ ਵਿੱਚ ਸੁਧਾਰ ਹੋਇਆ ਹੈ, ਉੱਥੇ ਫ਼ਸਲ ਦੇ ਝਾੜ ਅਤੇ ਇਸਦੀ ਗੁਣਵੱਤਾ ਵਿੱਚ ਵੀ ਵਾਧਾ ਹੋਇਆ ਹੈ। ਉਹ ਇਹ ਯਤਨ ਕਰਕੇ ਬਹੁਤ ਖੁਸ਼ੀ ਮਹਿਸੂਸ ਕਰਦਾ ਹੈ ਅਤੇ ਪਿੰਡ ਦੇ ਬਾਕੀ ਕਿਸਾਨਾਂ ਲਈ ਇੱਕ ਪ੍ਰੇਰਨਾ ਦਾ ਸਰੋਤ ਹੈ।ਬੀਰ ਸਿੰਘ ਦੇ ਇਸ ਉਪਰਾਲਾ ਸਦਕਾ ਕ੍ਰਿਸ਼ੀ ਵਿਗਿਆਨ ਕੇਂਦਰ, ਸਮਰਾਲਾ ਨੇ ਉਸਨੂੰ ਪ੍ਰਸ਼ੰਸਾ ਪੱਤਰ ਦਿੱਤਾ ਹੈ ਅਤੇ ਪਰਾਲੀ ਨੂੰ ਅੱਗ ਨਾ ਲਾਉਣ ਲਈ ਸਨਮਾਨਿਤ ਵੀ ਕੀਤਾ ਹੈ।