ਅਮਰੂਦਾਂ ਦਾ ਸਰਦੀਆਂ ਵਿੱਚ ਗੁਣਵੱਤਾ ਭਰਪੂਰ ਫਲ ਪ੍ਰਾਪਤ ਕਰਨ ਲਈ ਸਤੰਬਰ-ਅਕਤੂਬਰ ਮਹੀਨੇ ਵਿੱਚ ਰਸਾਇਣਕ ਖਾਦ ਪਾਉਣ ਲਈ ਬਹੁਤ ਹੀ ਢੁਕਵਾਂ ਹੈ। ਇਸ ਬਾਰੇ ਜਾਣਕਾਰੀ ਦਿੰਦਿਆ ਨੋਡਲ ਅਫ਼ਸਰ ਅਮਰੂਦ ਅਤੇ ਡਿਪਟੀ ਡਾਇਰੈਕਟਰ ਬਾਗਬਾਨੀ ਡਾ.ਸਵਰਨ ਸਿੰਘ ਮਾਨ ਨੇ ਦੱਸਿਆ ਕਿ ਅਮਰੂਦਾਂ ਦਾ ਸਰਦੀਆਂ ਵਿਚ ਵਧੀਆ ਫਲ ਪ੍ਰਾਪਤ ਕਰਨ ਲਈ ਹੁਣ ਖਾਦ ਪਾਉਣ ਦਾ ਢੁਕਵਾਂ ਸਮਾਂ ਹੈ। ਉਨ੍ਹਾਂ ਦੱਸਿਆ ਕਿ ਆਮ ਧਾਰਨਾ ਹੈ ਕਿ ਖਾਦ ਬੂਟੇ ਦੀਆਂ ਜੜ੍ਹਾਂ ਵਿੱਚ ਪਾਈ ਜਾਵੇ ਪਰ ਇਸ ਦਾ ਲਾਭ ਬਹੁਤ ਘੱਟ ਹੁੰਦਾ ਹੈ ਉਨ੍ਹਾਂ ਦੱਸਿਆ ਕਿ ਖਾਦ ਨੂੰ ਪਾਉਣ ਦਾ ਸਹੀ ਢੰਗ ਇਹ ਹੈ ਕਿ ਇਸ ਨੂੰ ਬੂਟੇ ਦੀ ਛੱਤਰੀ ਭਾਵ ਜਿਥੇ ਤੱਕ ਬੂਟਾ ਫੈਲਿਆ ਹੈ ਥੱਲੇ ਪਾਇਆ ਜਾਵੇ ਜਿਸ ਨਾਲ ਉਸ ਦੀਆਂ ਜੜ੍ਹਾਂ ਨੂੰ ਸਹੀ ਤਰ੍ਹਾਂ ਤਾਕਤ ਪ੍ਰਾਪਤ ਹੁੰਦੀ ਹੈ।ਡਿਪਟੀ ਡਾਇਰੈਕਟਰ ਨੇ ਦੱਸਿਆ ਕਿ ਅਮਰੂਦ ਦੇ ਬੂਟਿਆਂ ਵਿੱਚ ਯੂਰੀਆ, ਸੁਪਰਫਾਸਫੇਟ ਅਤੇ ਮਿਉਰਿਟ ਆਫ਼ ਪੋਟਾਸ਼ ਦੀ ਵਰਤੋਂ ਬੂਟੇ ਦੀ ਉਮਰ ਦੇ ਹਿਸਾਬ ਨਾਲ ਕੀਤੀ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਤਿੰਨ ਸਾਲ ਦੇ ਬੂਟੇ ਲਈ 100 ਗਰਾਮ ਪ੍ਰਤੀ ਬੂਟਾ ਯੂਰੀਆ, 750 ਗਰਾਮ ਸੁਪਰਫਾਸਫੇਟ, 200 ਮਿਉਰਿਟ ਆਫ਼ ਪੋਟਾਸ਼, 6 ਸਾਲ ਦੇ ਬੂਟੇ ਲਈ 300 ਗਰਾਮ ਪ੍ਰਤੀ ਬੂਟਾ ਯੂਰੀਆ, 1000 ਗਰਾਮ ਸੁਪਰਫਾਸਫੇਟ, 500 ਮਿਉਰਿਟ ਆਫ਼ ਪੋਟਾਸ਼ ਅਤੇ 10 ਸਾਲ ਦੇ ਬੂਟੇ ਲਈ 500 ਗਰਾਮ ਪ੍ਰਤੀ ਬੂਟਾ ਯੂਰੀਆ, 1250 ਗਰਾਮ ਸੁਪਰਫਾਸਫੇਟ, 750 ਗਰਾਮ ਮਿਉਰਿਟ ਆਫ਼ ਪੋਟਾਸ਼ ਦੀ ਵਰਤੋਂ ਕੀਤੀ ਜਾਵੇ।
ਡਾ. ਮਾਨ ਨੇ ਦੱਸਿਆ ਕਿ ਅਕਤੂਬਰ-ਨਵੰਬਰ ਮਹੀਨੇ ਅੰਦਰ ਅਮਰੂਦ ਦੇ ਬੂਟੇ ਨੂੰ 15-20 ਦਿਨਾਂ ਬਾਅਦ ਹੀ ਪਾਣੀ ਲਗਾਉਣ ਚਾਹੀਦਾ ਹੈ ਅਤੇ ਉਨ੍ਹਾਂ ਦੱਸਿਆ ਕਿ ਗਰਮੀਆਂ ਦੇ ਮੌਸਮ ਵਿਚ ਫਰੂਟ ਫਲਾਈ ਦੇ ਹਮਲੇ ਨਾਲ ਡਿੱਗਿਆ ਹੋਇਆ ਫਲ ਡੂੰਘਾ ਦੱਬ ਦੇਣਾ ਚਾਹੀਦਾ ਹੈ ਨਹੀਂ ਤਾਂ ਫਲ ਦੀ ਮੱਖੀ ਲਈ ਠਹਿਰਨ ਦੀ ਜਗ੍ਹਾ ਬਣੀ ਰਹਿੰਦੀ ਹੈ। ਡਿਪਟੀ ਡਾਇਰੈਕਟਰ ਨੇ ਦੱਸਿਆ ਕਿ ਅਮਰੂਦਾਂ ਦੇ ਫਲਾਂ ਨੂੰ ਉਸ ਸਮੇਂ ਤੋੜਨਾ ਚਾਹੀਦਾ ਹੈ ਜਦੋਂ ਇਸ ਦਾ ਰੰਗ ਗੂੜ੍ਹੇ ਹਰੇ ਤੋਂ ਹਰਾ ਪੀਲਾ ਬਦਲਣ ਲੱਗਦਾ ਹੈ। ਫਲ ਬੂਟੇ ਉਤੇ ਪੂਰਾ ਪੱਕਣ ਨਹੀਂ ਦੇਣਾ ਚਾਹੀਦਾ ਕਿਉਂਕਿ ਇਸ ਨਾਲ ਫਲ ਨੂੰ ਪੰਛੀ ਵੀ ਖਾਣ ਲੱਗਦੇ ਹਨ। ਫਲ ਦੀ ਗੁਣਵੱਤਾ ਵਧੀਆ ਰੱਖਣ ਲਈ ਇਕੱਲੇ-ਇਕੱਲੇ ਹੀ ਫਲ ਤੋੜਨੇ ਚਾਹੀਦੇ ਹਨ। ਜੇਕਰ ਮੰਡੀ ਵਿਚ ਫਲ ਦੀ ਬਹੁਤਾਤ ਹੋਵੇ ਤਾਂ ਫਲ ਸੁਰਾਖ ਕੀਤੇ ਪੋਲੀਥੀਨ ਲਿਫ਼ਾਫ਼ੇ ਵਿਚ ਪੈਕ ਕਰਕੇ ਆਮ ਤਾਪਮਾਨ 'ਤੇ 7 ਦਿਨਾਂ ਲਈ ਸਟੋਰ ਕੀਤਾ ਜਾ ਸਕਦਾ ਹੈ। ਉਨ੍ਹਾਂ ਦੱਸਿਆ ਕਿ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੀ ਸਿਫ਼ਾਰਸ਼ ਅਨੁਸਾਰ ਅਮਰੂਦਾਂ ਦੀ ਸ਼ਵੇਤਾ ਵਰਾਇਟੀ ਨੂੰ 6-8 ਡਿਗਰੀ ਸੈਲਸੀਅਸ ਅਤੇ RH-85-90% ਉਤੇ ਕੋਲਡ ਸਟੋਰ ਵਿਚ 15 ਦਿਨਾਂ ਲਈ ਸਟੋਰ ਕੀਤਾ ਜਾ ਸਕਦਾ ਹੈ।ਡਾ. ਮਾਨ ਨੇ ਦੱਸਿਆ ਕਿ ਜੇਕਰ ਕਿਸੇ ਜ਼ਿਮੀਂਦਾਰ ਨੇ ਅਜੇ ਤੱਕ ਅਮਰੂਦਾਂ ਦੇ ਬੂਟੇ ਦਾ ਬਾਗ ਨਹੀਂ ਲਗਾਇਆ ਤਾਂ ਉਹ ਸਤੰਬਰ-ਅਕਤੂਬਰ ਮਹੀਨੇ ਵੀ ਸਫਲਤਾ ਪੂਰਵਕ ਬਾਗ ਲਗਾ ਸਕਦੇ ਹਨ। ਉਨ੍ਹਾਂ ਦੱਸਿਆ ਕਿ ਬਾਗਬਾਨੀ ਵਿਭਾਗ ਪੰਜਾਬ ਵਲੋਂ ਇਲਾਹਾਬਾਦੀ ਸਫੈਦਾ, ਸ਼ਵੇਤਾ, ਪੰਜਾਬ ਪਿੰਕ ਅਤੇ ਲਲਿਤ ਵਰਾਇਟੀਆਂ ਲਗਾਉਣ ਦੀ ਸਿਫ਼ਾਰਸ਼ ਕੀਤੀ ਜਾਂਦੀ ਹੈ। ਹੁਣ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵਲੋਂ ਪੰਜਾਬ ਸਫੈਦਾ ਅਤੇ ਪੰਜਾਬ ਕਿਰਨ ਨਾਂ ਦੀ ਨਵੀਆਂ ਵਰਾਇਟੀਆ ਲਗਾਉਣ ਲਈ ਵੀ ਸਿਫ਼ਾਰਸ਼ ਕੀਤੀ ਗਈ ਹੈ।