ਅੱਜ ਓਮ ਪ੍ਰਕਾਸ਼ ਸੋਨੀ ਸਿਖਿਆ ਮੰਤਰੀ ਪੰਜਾਬ ਵੱਲੋਂ ਅਚਨਚੇਤ ਸੀਨੀਅਰ ਸੈਕੰਡਰੀ ਸਕੂਲ ਹੇਰ ਦੀ ਚੈਕਿੰਗ ਕੀਤੀ ਗਈ। ਇਸ ਦੌਰਾਨ ਉਨ੍ਹਾਂ ਦੇ ਨਾਲ ਸਲਵਿੰਦਰ ਸਿੰਘ ਸਮਰਾ ਜਿਲ੍ਹਾ ਸਿਖਿਆ ਅਫਸਰ ਸੈਕੰਡਰੀ ਸਨ। ਸੋਨੀ ਨੇ ਸਕੂਲ ਦੀ ਸਾਫ ਸਫਾਈ ਦਾ ਜਾਇਜਾ ਲਿਆ ਅਤੇ ਕਲਾਸ ਰੂਮਾਂ ਦੀ ਜਾਂਚ ਪੜਤਾਲ ਕਰਨ ਦੇ ਨਾਲ ਨਾਲ ਬੱਚਿਆਂ ਦੀਆਂ ਕਾਪੀਆਂ ਲੈ ਕੇ ਅਧਿਆਪਕਾਂ ਵੱਲੋਂ ਕਰਵਾਏ ਗਏ ਕੰਮ ਦੀ ਗੁਣਵਤਾ ਵੇਖੀ ਅਤੇ ਕਿਤਾਬਾਂ ਪੜ੍ਹਾ ਕੇ ਵੀ ਵੇਖੀਆਂ। ਸੋਨੀ ਨੇ ਚੈਕਿੰਗ ਦੌਰਾਨ ਅਧਿਆਪਕਾਂ ਦਾ ਹਾਜਰੀ ਚੈਕ ਕੀਤੀ ਜਿਸ ਦੌਰਾਨ ਪਾਇਆ ਗਿਆ ਕਿ ਸਾਰੇ ਅਧਿਆਪਕ ਹਾਜ਼ਰ ਸਨ ਅਤੇ ਸਕੂਲ ਦੀ ਪ੍ਰਿੰਸੀਪਲ ਛੁੱਟੀ ਤੇ ਸੀ। ਸ੍ਰੀ ਸੋਨੀ ਨੇ ਹਰੇਕ ਕਲਾਸ ਵਿੱਚ ਜਾ ਕੇ ਬੱਚਿਆਂ ਦੀਆਂ ਮੁਸ਼ਕਲਾਂ ਸੁਣੀਆਂ ਅਤੇ ਕਿਹਾ ਕਿ ਜੋ ਵੀ ਊਣਤਾਈਆਂ ਹਨ ਉਨ੍ਹਾਂ ਨੂੰ ਜਲਦੀ ਹੀ ਦੂਰ ਕਰ ਦਿੱਤਾ ਜਾਵੇਗਾ। ਸ੍ਰੀ ਸੋਨੀ ਨੇ ਅਧਿਆਪਕਾਂ ਨੂੰ ਕਿਹਾ ਕਿ ਉਹ ਬੱਚਿਆਂ ਨੂੰ ਚੰਗੀ ਸਿਖਿਆ ਪ੍ਰਦਾਨ ਕਰਨ ਕਿਉਂਕਿ ਇਨ੍ਹਾਂ ਬੱਚਿਆਂ ਨੇ ਹੀ ਅੱਗੇ ਜਾ ਕੇ ਦੇਸ਼ ਨੂੰ ਨਵੀਂਆਂ ਬੁਲੰਦੀਆਂ ਤੇ ਲੈ ਕੇ ਜਾਣਾ ਹੈ।
ਸੋਨੀ ਨੇ ਕਿਹਾ ਕਿ ਸਾਰੇ ਸਕੂਲਾਂ ਵਿੱਚ ਅਧਿਆਪਕਾਂ ਦੀ ਕਮੀ ਨੂੰ ਪੂਰਾ ਕਰ ਦਿੱਤਾ ਗਿਆ ਹੈ। ਉਨ੍ਹਾਂ ਇਹ ਵੀ ਕਿਹਾ ਕਿ ਬੱਚਿਆਂ ਦੀ ਸਿਖਿਆ ਵਿੱਚ ਕਿਸੇ ਵੀ ਤਰ੍ਹਾਂ ਦੀ ਕੁਤਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਉਨ੍ਹਾਂ ਨੇ ਅਧਿਆਪਕਾਂ ਨੂੰ ਹੋਰ ਮਿਹਨਤ ਕਰਾਉਣ ਲਈ ਪ੍ਰੇਰਿਆ ਤਾਂ ਜੋ ਇਨ੍ਹਾਂ ਬੱਚਿਆਂ ਨੂੰ ਚੰਗੀ ਵਿਦਿਆ ਦੇ ਉਨ੍ਹਾਂ ਦਾ ਭਵਿੱਖ ਸੁਰੱਖਿਅਤ ਕੀਤਾ ਜਾ ਸਕੇ। ਸਿਖਿਆ ਮੰਤਰੀ ਨੇ ਦੱਸਿਆ ਕਿ ਉਨ੍ਹਾਂ ਦਾ ਮੁੱਖ ਮਕਸਦ ਸਰਕਾਰੀ ਸਕੂਲਾਂ ਨੂੰ ਸਿਖਿਆ ਵਜੋਂ ਪ੍ਰਾਈਵੇਟ ਸਕੂਲਾਂ ਦੇ ਬਰਾਬਰ ਲਿਆਉਣਾ ਹੈ। ਉਨ੍ਹਾਂ ਨੇ ਅਧਿਆਪਕਾਂ ਨੂੰ ਕਿਹਾ ਕਿ ਆਪਣੇ ਸਕੂਲਾਂ ਵਿੱਚ ਵਾਤਾਵਰਣ ਨੂੰ ਸਾਫ ਸੁਥਰਾ ਰੱਖਣ ਲਈ ਵੱਧ ਤੋਂ ਵੱਧ ਪੌਦੇ ਲਗਾਉਣ। ਸ੍ਰੀ ਸੋਨੀ ਨੇ ਜਿਲ੍ਹਾ ਸਿਖਿਆ ਅਫਸਰ ਸੈਕੰਡਰੀ ਨੂੰ ਹਦਾਇਤ ਕੀਤੀ ਕਿ ਸਕੂਲ ਦੀਆਂ ਜਰੂਰਤਾਂ ਨੂੰ ਪਹਿਲ ਦੇ ਅਧਾਰ ਤੇ ਹੱਲ ਕੀਤਾ ਜਾਵੇ ਅਤੇ ਇਸ ਦੀ ਇਮਾਰਤ ਵਿੱਚ ਜੋ ਵੀ ਕਮੀ ਨੂੰ ਪੂਰਾ ਕੀਤਾ ਜਾਵੇ। ਸ੍ਰੀ ਸੋਨੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਦਾ ਮੁੱਖ ਮਕਸਦ ਸਿਹਤ ਅਤੇ ਸਿਖਿਆ ਨੂੰ ਆਮ ਲੋਕਾਂ ਤੱਕ ਪਹੁੰਚਾਉਣਾ ਹੈ। ਇਸ ਲਈ ਸਰਕਾਰ ਵੱਡੇ ਪੱਧਰ ਤੇ ਸਿਖਿਆ ਅਤੇ ਸਿਹਤ ਦੇ ਖੇਤਰ ਵਿੱਚ ਕੰਮ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਕਿਸੇ ਵੀ ਰਾਜ ਦੀ ਤਰੱਕੀ ਉਥੋਂ ਦੇ ਪੜੇ ਲਿਖੇ ਲੋਕਾਂ ਤੇ ਹੀ ਨਿਰਭਰ ਕਰਦੀ ਹੈ।