ਅੱਖਾਂ ਦੀ ਸਾਂਭ ਸੰਭਾਲ ਅਤੇ ਅੱਖਾ ਦੀਆਂ ਬਿਮਾਰੀਆਂ ਤੋਂ ਬਚਾਅ ਸਬੰਧੀ ਆਮ ਲੋਕਾਂ ਨੂੰ ਜਾਗਰੂਕ ਕਰਨ ਲਈ ਸਿਹਤ ਵਿਭਾਗ ਵੱਲੋਂ ਨੇਤਰਦਾਨ ਪੰਦਰਵਾੜਾ ਮਨਾਇਆ ਜਾ ਰਿਹਾ ਹੈ। ਇਹ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਡਾ: ਐਨ ਕੇ ਅਗਰਵਾਲ ਨੇ ਦੱਸਿਆ ਕਿ ਇਸ ਪੰਦਰਵਾੜੇ ਦੌਰਾਨ ਜਿਲ੍ਹੇ ਦੀਆਂ ਵੱਖ ਵੱਖ ਸਿਹਤ ਸੰਸਥਾਵਾਂ ਵਿੱਚ ਜਾਗਰੂਕਤਾ ਕੈਂਪ ਲਗਾ ਕੇ ਲੋਕਾਂ ਨੂੰ ਅੱਖਾਂ ਦੀ ਸੰਭਾਲ ਦੇ ਨਾਲ ਨਾਲ ਨੇਤਰਦਾਨ ਕਰਨ ਲਈ ਪ੍ਰੇਰਤ ਕੀਤਾ ਜਾ ਰਿਹਾ ਹੈ। ਉਹਨਾਂ ਦੱਸਿਆ ਕਿ ਇਸ ਕੜੀ ਤਹਿਤ ਜਿਲਾ ਹਸਪਤਾਲ ਵਿੱਚ ਡਿਪਟੀ ਮੈਡੀਕਲ ਕਮਿਸ਼ਨਰ ਡਾ: ਜਗਦੀਸ਼ ਸਿੰਘ ਦੀ ਅਗਵਾਈ ਹੇਠ ਜਾਗਰੂਕਤਾ ਕੈਂਪ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਅੱਖਾਂ ਦੇ ਮਾਹਿਰ ਡਾ: ਚਮਨ ਲਾਲ ਨੇ ਲੋਕਾਂ ਨੂੰ ਮਰਨ ਉਪਰੰਤ ਆਪਣੀਆਂ ਅੱਖਾਂ ਦਾਨ ਕਰਨ ਲਈ ਪ੍ਰੇਰਤ ਕੀਤਾ।ਡਾ: ਚਮਨ ਲਾਲ ਨੇ ਕਿਹਾ ਕਿ ਅੱਖਾਂ ਦਾਨ ਇੱਕ ਮਹਾਨ ਦਾਨ ਹੈ ਅਤੇ ਇਹ ਇੱਕ ਬਹੁਤ ਵੱਡੇ ਪੁੰਨ ਦਾ ਕੰਮ ਹੈ। ਉਹਨਾਂ ਕਿਹਾ ਕਿ ਕੋਈ ਵੀ ਵਿਅਕਤੀ ਮਰਨ ਉਪਰੰਤ ਆਪਣੀਆਂ ਅੱਖਾਂ ਦਾਨ ਕਰ ਸਕਦਾ ਹੈ। ਇੱਕ ਵਿਅਕਤੀ ਵੱਲੋਂ ਦਾਨ ਕੀਤੀਆਂ ਗਈਆਂ ਅੱਖਾਂ ਦੋ ਵਿਅਕਤੀਆਂ ਦੀ ਹਨੇਰੀ ਜਿੰਦਗੀ ਨੂੰ ਰੋਸ਼ਨ ਕਰ ਸਕਦੀਆਂ ਹਨ। ਉਹਨਾਂ ਲੋਕਾਂ ਨੂੰ ਪ੍ਰੇਰਤ ਕਰਦਿਆਂ ਕਿਹਾ ਕਿ ਮਰਨ ਉਪਰੰਤ ਸਾਡੇ ਸਕੇ ਸਬੰਧੀਆਂ ਨੇ ਸਾਡੇ ਸ਼ਰੀਰ ਨੂੰ ਅੱਗ ਵਿੱਚ ਜਲਾ ਦੇਣਾ ਹੈ ਜਾਂ ਦਫਨ ਕਰ ਦੇਣਾ ਹੈ ਜਿਸ ਨਾਲ ਸਾਡੀਆਂ ਅੱਖਾ ਵੀ ਕਿਸੇ ਕੰਮ ਨਹੀਂ ਆਉਣਗੀਆਂ ਜਦ ਕਿ ਦਾਨ ਕਰ ਦੇਣ ਨਾਲ ਇਹ ਦੋ ਵਿਅਕਤੀਆਂ ਦੀ ਜਿੰਦਗੀ ਦੇ ਹਨੇਰੇ ਨੂੰ ਹਮੇਸ਼ਾ ਲਈ ਦੂਰ ਕਰ ਸਕਦੀਆਂ ਹਨ। ਉਹਨਾਂ ਕਿਹਾ ਕਿ ਅੱਖਾਂ ਨੂੰ ਮਰਨ ਤੋਂ 6 ਘੰਟੇ ਦੇ ਅੰਦਰ ਅੰਦਰ ਦਾਨ ਕੀਤਾ ਜਾ ਸਕਦਾ ਹੈ। ਡਾ: ਚਮਨ ਲਾਲ ਦੇ ਦੱਸਿਆ ਕਿ ਮਾਹਿਰ ਡਾਕਟਰਾਂ ਦੀ ਟੀਮ ਵੱਲੋਂ ਕੇਵਲ ਅੱਖਾਂ ਦੀਆਂ ਪੁਤਲੀਆਂ ਹੀ ਲਈਆਂ ਜਾਂਦੀਆਂ ਹਨ ਅਤੇ ਅੰਤਮ ਦਰਸ਼ਨਾਂ ਮੌਕੇ ਕੋਈ ਵੀ ਕਮੀ ਨਜਰ ਨਹੀਂ ਆਉਂਦੀ। ਉਹਨਾਂ ਲੋਕਾਂ ਨੂੰ ਅੱਖਾਂ ਦਾਨ ਕਰਨ ਲਈ ਨਿਰਧਾਰਤ ਫਾਰਮ ਭਰਨ ਲਈ ਪ੍ਰੇਰਤ ਕੀਤਾ।ਇਸ ਮੌਕੇ ਡਾ: ਗੁਰਜੀਤ ਸਿੰਘ, ਡਾ: ਤ੍ਰਿ੍ਰਪਤਜੋਤ ਸਿੰਘ ਰੰਧਾਵਾ,ਜਿਲ੍ਹਾ ਮਾਸ ਮੀਡੀਆ ਅਫਸਰ ਪਰਮਿੰਦਰ ਸਿੰਘ, ਡਿਪਟੀ ਮਾਸ ਮੀਡੀਆ ਅਫਸਰ ਬਲਜਿੰਦਰ ਸਿੰਘ ਅਤੇ ਗੁਰਦੀਪ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਲੋਕ ਹਾਜਰ ਸਨ।