ਪੰਜਾਬ ਰਾਜ ਯੋਜਨਾ ਬੋਰਡ ਦੇ ਉਪ ਚੇਅਰਪਰਸਨ ਸ਼੍ਰੀਮਤੀ ਰਜਿੰਦਰ ਕੌਰ ਭੱਠਲ ਅਤੇ ਡਿਪਟੀ ਕਮਿਸ਼ਨਰ ਸ਼੍ਰੀ ਘਨਸ਼ਿਆਮ ਥੋਰੀ ਵੱਲੋਂ ਅੱਜ ਸਾਂਝੇ ਤੌਰ 'ਤੇ ਲਹਿਰਾ ਵਿਖੇ ਜ਼ਿਲ੍ਹੇ ਦੀ ਸੱਤਵੀਂ ਸਾਂਝੀ ਰਸੋਈ ਦਾ ਉਦਘਾਟਨ ਕੀਤਾ ਗਿਆ। ਗਰੀਬ ਤੇ ਲੋੜਵੰਦ ਲੋਕਾਂ ਨੂੰ ਮਹਿਜ਼ 10 ਰੁਪਏ ਵਿੱਚ ਭਰ ਪੇਟ ਪੌਸ਼ਟਿਕ ਭੋਜਨ ਮੁਹੱਈਆ ਕਰਵਾਉਣ ਦੇ ਉਦੇਸ਼ ਨਾਲ ਹਰੇਕ ਸਬ-ਡਵੀਜ਼ਨ ਵਿੱਚ ਸਥਾਪਤ ਕੀਤੀ ਜਾ ਰਹੀ 'ਸਾਂਝੀ ਰਸੋਈ' ਪ੍ਰਤੀ ਲੋਕਾਂ ਵਿੱਚ ਵੱਡਾ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ।ਅੱਜ ਇਥੇ ਉਦਘਾਟਨ ਦੀ ਰਸਮ ਅਦਾ ਕਰਨ ਤੋਂ ਬਾਅਦ ਬੀਬੀ ਭੱਠਲ ਨੇ ਡਿਪਟੀ ਕਮਿਸ਼ਨਰ ਸ਼੍ਰੀ ਥੋਰੀ ਦੇ ਉਦਮ ਦੀ ਸ਼ਲਾਘਾ ਕੀਤੀ ਅਤੇ ਪੰਜਾਬ ਸਰਕਾਰ ਵੱਲੋਂ ਚਲਾਏ ਜਾ ਰਹੇ ਤੰਦਰੁਸਤ ਪੰਜਾਬ ਮਿਸ਼ਨ ਤਹਿਤ 'ਸਾਂਝੀ ਰਸੋਈ' ਨੂੰ ਮਹੱਤਵਪੂਰਨ ਉਪਰਾਲਾ ਦੱਸਿਆ। ਉਨ੍ਹਾਂ ਕਿਹਾ ਕਿ ਮਹਿੰਗਾਈ ਦੇ ਅਜੋਕੇ ਦੌਰੇ ਵਿੱਚ ਬਹੁਤ ਹੀ ਵਾਜਬ ਕੀਮਤ 'ਤੇ ਸਾਫ਼ ਸੁਥਰਾ ਤੇ ਮਿਆਰੀ ਭੋਜਨ ਮੁਹੱਈਆ ਕਰਵਾਉਣ ਦਾ ਇਹ ਉਪਰਾਲਾ ਲਗਾਤਾਰ ਜਾਰੀ ਰੱਖਿਆ ਜਾਵੇਗਾ ਅਤੇ ਸਮਾਜ ਸੇਵੀ ਸੰਸਥਾਵਾਂ ਤੇ ਦਾਨੀ ਸੱਜਣਾਂ ਨੂੰ ਵੀ ਅਜਿਹੇ ਕਾਰਜਾਂ ਵਿੱਚ ਸਹਿਯੋਗ ਲਈ ਜ਼ਿਲ੍ਹਾ ਰੈਡ ਕਰਾਸ ਸੁਸਾਇਟੀ ਤੇ ਜ਼ਿਲ੍ਹਾ ਪ੍ਰਸਾਸਨ ਕੋਲ ਪਹੁੰਚ ਕਰਨੀ ਚਾਹੀਦੀ ਹੈ।ਇਸ ਮੌਕੇ ਡਿਪਟੀ ਕਮਿਸ਼ਨਰ ਸ਼੍ਰੀ ਘਨਸ਼ਿਆਮ ਥੋਰੀ ਨੇ ਦੱਸਿਆ ਕਿ ਲਹਿਰਾ ਤੋਂ ਪਹਿਲਾਂ ਸੰਗਰੂਰ, ਭਵਾਨੀਗੜ੍ਹ, ਸੁਨਾਮ, ਮੂਣਕ, ਧੂਰੀ ਅਤੇ ਮਲੇਰਕੋਟਲਾ ਵਿਖੇ ਸਾਂਝੀ ਰਸੋਈ ਸਥਾਪਤ ਕੀਤੀ ਜਾ ਚੁੱਕੀ ਹੈ ਅਤੇ ਭੋਜਨ ਖਾਣ ਵਾਲੇ ਲੋੜਵੰਦਾਂ ਦੀ ਗਿਣਤੀ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਛੇਤੀ ਹੀ ਜ਼ਿਲ੍ਹੇ ਦੀਆਂ ਸਾਰੀਆਂ ਸਬ ਡਵੀਜ਼ਨਾਂ ਵਿੱਚ 'ਸਾਂਝੀ ਰਸੋਈ' ਸਥਾਪਤ ਹੋ ਜਾਵੇਗੀ ਅਤੇ ਇਨ੍ਹਾਂ ਵਿੱਚ ਸਾਲਾਨਾ 5 ਲੱਖ ਥਾਲੀਆਂ ਪਰੋਸਣ ਦਾ ਟੀਚਾ ਮਿਥਿਆ ਗਿਆ ਹੈ । ਸ਼੍ਰੀ ਥੋਰੀ ਨੇ ਕਿਹਾ ਕਿ ਇਹ ਪੁੰਨ ਦਾ ਇੱਕ ਵੱਡਾ ਕਾਰਜ ਹੈ ਅਤੇ 'ਸਾਂਝੀ ਰਸੋਈ' ਵਿੱਚ ਸੇਵਾ ਕਰਨ ਨਾਲ ਆਤਮਿਕ ਸਕੂਨ ਪ੍ਰਾਪਤ ਹੁੰਦਾ ਹੈ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਜਨਮ ਦਿਨ, ਬਰਸੀ ਜਿਹੇ ਦਿਹਾੜਿਆਂ ਦੀ ਯਾਦ ਨੂੰ ਸਦੀਵੀ ਬਣਾਉਣ ਲਈ ਅਜਿਹੇ ਸਥਾਨਾਂ 'ਤੇ ਵਿੱਤੀ ਮਦਦ ਜਾਂ ਰਾਸ਼ਨ ਆਦਿ ਦੀ ਮਦਦ ਮੁਹੱਈਆ ਕਰਵਾਉਂਦੇ ਰਹਿਣਾ ਚਾਹੀਦਾ ਹੈ। ਇਸ ਮੌਕੇ ਐਸ.ਡੀ.ਐਮ ਸ. ਸੂਬਾ ਸਿੰਘ ਵੀ ਹਾਜ਼ਰ ਸਨ।