ਜ਼ਿਲ੍ਹਾ ਐਸ.ਏ.ਐਸ ਨਗਰ ਵਿਚ ਮੱਛੀ ਦੀ ਪੈਦਾਵਾਰ ਵਧਾਉਣ ਲਈ ਕ੍ਰਿਸ਼ੀ ਵਿਗਿਆਨ ਕੇਂਦਰ, ਮੋਹਾਲੀ ਨੇ ਜ਼ਿਲ੍ਹੇ ਦੇ ਨਿੱਜੀ ਮੱਛੀ ਫਾਰਮਾਂ ਨੂੰ ਰੋਹੂ ਮੱਛੀ ਦੀ ਉੱਨਤ ਕਿਸਮ ਜੈਂਤੀ ਰੋਹੂ ਦਾ ਪੁੰਗ ਦਿੱਤਾ ਗਿਆ। ਵਧੇਰੇ ਜਾਣਕਾਰੀ ਦਿੰਦੇ ਹੋਏ ਕ੍ਰਿਸ਼ੀ ਵਿਗਿਆਨ ਕੇਂਦਰ ਦੇ ਡਿਪਟੀ ਡਾਇਰੈਕਟਰ ਡਾ. ਯਸ਼ਵੰਤ ਸਿੰਘ ਨੇ ਦੱਸਿਆ ਕਿ ਜੈਂਤੀ ਰੋਹੂ ਦਾ ਪੁੰਗ ਨੈਸ਼ਨਲ ਫਿਸ਼ਰੀਜ਼ ਡਵੈਲਪਮੈਂਟ ਬੋਰਡ, ਭੁਵਨੇਸ਼ਵਰ ਦੁਆਰਾ ਕੇ.ਵੀ.ਕੇ ਮੋਹਾਲੀ ਨੂੰ ਮਿਲੇ ਪ੍ਰੋਜੈਕਟ ਦੇ ਅਧੀਨ ਇਹ ਉਪਰਾਲਾ ਕੀਤਾ ਗਿਆ ਹੈ। ਇਸ ਪ੍ਰੋਜੈਕਟ ਲਈ ਪਿੰਡ ਪੜੌਲ, ਟੰਗੋਰੀ ਅਤੇ ਮਾਜਰਾ ਵਿਖੇ ਪ੍ਰਾਇਵੇਟ ਮੱਛੀ ਫਾਰਮਾਂ ਦੀ ਚੋਣ ਕੀਤੀ ਗਈ ਹੈ। ਇਸ ਮੌਕੇ ਤੇ ਡਾ. ਵਿਕਾਸ ਫੂਲੀਆ ਅਸਿਸਟੈਂਟ ਪ੍ਰੋਫੈਸਰ (ਫਿਸ਼ਰੀਜ਼) ਨੇ ਦੱਸਿਆ ਕਿ ਜ਼ਿਲ੍ਹਾ ਮੋਹਾਲੀ ਵਿਚ ਆਮ ਤੌਰ 'ਤੇ ਕਾਰਪ ਮੱਛੀਆਂ ਪਾਲੀਆਂ ਜਾਂਦੀਆਂ ਹਨ। ਉਹਨਾਂ ਨੇ ਇਹ ਵੀ ਦੱਸਿਆ ਕਿ ਛੇਤੀ ਹੀ ਕਾਮਨ ਕਾਰਪ ਦੀ ਉੱਨਤ ਕਿਸਮ ਅਮੂਰ ਕਾਰਪ ਦਾ ਪੁੰਗ ਵੀ ਇਹਨਾਂ ਮੱਛੀ ਪਾਲਕਾਂ ਨੂੰ ਦਿੱਤਾ ਜਾਵੇਗਾ। ਇਸ ਪ੍ਰੋਜੈਕਟ ਦਾ ਮੁੱਖ ਮਕਸਦ ਕਾਰਪ ਮੱਛੀਆਂ ਦੀ ਉੱਨਤ ਕਿਸਮਾਂ ਨੂੰ ਉਤਸ਼ਾਹਿਤ ਕਰਨਾ ਹੈ। ਮੱਛੀ ਪਾਲਕਾਂ ਦੀ ਆਮਦਨ ਵਿੱਚ ਵਾਧਾ ਕਰਨਾ ਹੈ। ਉਹਨਾਂ ਉੱਨਤ ਕਿਸਮਾਂ ਦੀ ਵਿਕਾਸ ਦਰ ਆਮ ਨਸਲ ਦੇ ਮੁਕਾਬਲੇ ਵੱਧ ਹੈ। ਇਹ ਪ੍ਰੋਜੈਕਟ ਇਕ ਸਾਲ ਤੱਕ ਜਾਰੀ ਰਹੇਗਾ ਅਤੇ ਐਨ. ਐਫ. ਡੀ.ਬੀ ਵਲੋਂ ਇਹਨਾਂ ਕਿਸਾਨਾਂ ਨੂੰ ਵਿੱਤੀ ਸਹਾਇਤਾ ਵੀ ਦਿੱਤੀ ਜਾਵੇਗੀ।