ਪੰਜਾਬ ਐਗਰੀਕਲਚਰ ਯੂਨੀਵਰਸਿਟੀ, ਲੁਧਿਆਣਾ ਦੇ ਅਧੀਨ ਸਥਾਪਿਤ ਕ੍ਰਿਸ਼ੀ ਵਿਗਿਆਨ ਕੇਂਦਰ, ਰੋਪੜ ਵਲੋਂ ਡਾ. ਐਸ. ਸੀ. ਸ਼ਰਮਾ, ਐਸੋਸੀਏਟ ਡਾਇਰੈਕਟਰ (ਟ੍ਰੇਨਿੰਗ) ਦੀ ਅਗਵਾਈ ਹੇਠ ਅਗਸਤ ਦੇ ਪਹਿਲੇ ਸੱਤ ਦਿਨ ਵਿਸ਼ਵ ਬਰੈਸਟ ਫੀਡਿੰਗ ਹਫਤਾ ਮਨਾਇਆ। ਡਾ. ਅਪਰਣਾ, ਸਹਾਇਕ ਪ੍ਰੋਫੈਸਰ (ਲਾਇਵਸਟੌਕ ਪ੍ਰੋਡਕਸ਼ਨ) ਨੇ ਕਿਹਾ ਕਿ ਔਰਤਾਂ ਨੂੰ ਮਾਂ ਦੇ ਦੁੱਧ ਦੀ ਮਹਤੱਤਾ ਪ੍ਰਤੀ ਜਾਗਰੂਕ ਕਰਵਾਉਣ ਦਾ ਸਾਡਾ ਇਹ ਛੋਟਾ ਜਿਹਾ ਕਦਮ ਹੈ। ਇਸ ਮੌਕੇ ਡਾ. ਮਨਦੀਪ ਸ਼ਰਮਾ, ਸਹਾਇਕ ਪ੍ਰੋਫੈਸਰ (ਗ੍ਰਹਿ ਵਿਗਿਆਨ) ਨੇ ਕਿਹਾ ਕਿ ਇਸ ਹਫਤੇ ਦੌਰਾਨ ਵੱਧ ਤੋਂ ਵੱਧ ਔਰਤਾਂ ਖਾਸ ਕਰਕੇ ਦੁੱਧ ਪਿਲਾਉਣ ਵਾਲੀਆਂ ਮਾਂਵਾ ਨੂੰ ਮਾਂ ਦੇ ਦੁੱਧ ਦੀ ਮਹੱਤਤਾ ਬਾਰੇ ਜਾਣੂ ਕਰਵਾਇਆ ਗਿਆ। ਉਨ੍ਹਾਂ ਕਿਹਾ ਕਿ ਕਈ ਵਾਰ ਸਮਾਜਿਕ ਅਤੇ ਪਰਿਵਾਰਕ ਰੁਝੇਵਿਆਂ ਕਾਰਨ ਮਾਂਵਾਂ ਬੱਚਿਆਂ ਨੂੰ ਆਪਣਾ ਦੁੱਧ ਚੁੰਘਾਉਂਣਾ ਜਲਦੀ ਛੱਡ ਦਿੰਦੀਆਂ ਹਨ।ਜਿਸ ਕਾਰਣ ਬੱਚੇ ਵਿੱਚ ਬੀਮਾਰੀਆਂ ਨਾਲ ਲੜਨ ਦੀ ਸ਼ਕਤੀ ਘੱਟ ਜਾਂਦੀ ਹੈ ਅਤੇ ਉਹ ਜਲਦੀ ਬੀਮਾਰ ਹੋ ਜਾਂਦਾ ਹੈ। ਇਸ ਦੌਰਾਨ ਜਿਲ੍ਹੇ ਦੇ ਕਈ ਪਿੰਡਾਂ ਵਿੱਚ ਵੱਖ-ਵੱਖ ਕੈਂਪ ਲਗਾਏ ਗਏ ਅਤੇ ਸਕੂਲੀ ਬੱਚਿਆਂ ਵਿੱਚ ਵੀ ਮਾਂ ਦੇ ਦੁੱਧ ਦੀ ਮਹੱਤਤਾ ਉੱਤੇ ਨਾਅਰੇ ਲਿਖਣ ਦੇ ਮੁਕਾਬਲੇ ਕਰਵਾਏ ਗਏ।ਉਨ੍ਹਾਂ ਕਿਹਾ ਕਿ ਮਾਂ ਦਾ ਦੁੱਧ ਬੱਚੇ ਦੀ ਪਾਚਨ ਅਤੇ ਬੀਮਾਰੀਆਂ ਨਾਲ ਲੜਨ ਦੀ ਸ਼ਕਤੀ ਵਧਾਉਂਦਾ ਹੈ। ਇਹ ਬੱਚੇ ਨੂੰ ਤਾਕਤਵਰ ਅਤੇ ਸਮਝਦਾਰ ਬਣਾਉਦਾ ਹੈ ਅਤੇ ਸਭ ਤੋਂ ਜਰੂਰੀ ਇਸ ਨਾਲ ਮਾਂ ਅਤੇ ਬੱਚੇ ਵਿੱਚ ਖਾਸ ਬੰਧੰਨ ਬਣਦਾ ਹੈ।