ਬਿਕਰਮ ਸਿੰਘ ਮਜੀਠੀਆ ਮਾਲ ਤੇ ਮੁੜ ਵਸੇਬਾ, ਸੂਚਨਾ ਤੇ ਲੋਕ ਸੰਪਰਕ, ਊਰਜਾ ਤੇ ਪ੍ਰਵਾਸੀ ਭਾਰਤੀ ਮਾਮਲੇ ਮੰਤਰੀ ਪੰਜਾਬ ਨੇ ਅੱਜ ਇੱਥੇ ਜ਼ਿਲ੍ਹਾ ਪ੍ਰੀਸ਼ਦ ਚੇਅਰਪਰਸਨ ਸ੍ਰੀਮਤੀ ਰਜਵੰਤ ਕੌਰ ਅਤੇ ਉੱਪ ਚੇਅਰਮੈਨ ਸ. ਅਮਰਜੀਤ ਸਿੰਘ ਨੂੰ ਰਸਮੀ ਤੌਰ 'ਤੇ ਅਹੁਦੇ ਦਾ ਚਾਰਜ ਸੰਭਾਲਣ ਮੌਕੇ ਆਯੋਜਿਤ ਸਮਾਗਮ ਵਿਚ ਇਕੱਤਰ ਵੱਡੀ ਗਿਣਤੀ ਵਿਚ ਲੋਕਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਭਾਰਤੀ ਜਨਤਾ ਪਾਰਟੀ ਵੱਲੋਂ ਗੁਰਜਾਤ ਦੇ ਮੁੱਖ ਮੰਤਰੀ ਸ੍ਰੀ ਨਰਿੰਦਰ ਮੋਦੀ ਨੂੰ ਆਉਂਦੀਆਂ ਲੋਕ ਸਭਾ ਚੋਣਾਂ ਸਮੇਂ ਪ੍ਰਧਾਨ ਮੰਤਰੀ ਦੇ ਅਹੁਦੇ ਦਾ ਉਮੀਦਵਾਰ ਐਲਾਨਣ ਦਾ ਸ੍ਰੋਮਣੀ ਅਕਾਲੀ ਦਲ ਪੁਰਜੋਰ ਸਮਰਥਨ ਕਰਦਾ ਹੈ। ਉਨ੍ਹਾਂ ਕਿਹਾ ਕਿ ਸ੍ਰੋਮਣੀ ਅਕਾਲੀ ਦਲ ਦੇਸ਼ ਦੀ ਪਹਿਲੀ ਪਾਰਟੀ ਹੈ, ਜਿਸਨੇ ਐੱਨ.ਡੀ.ਏ. ਨਾਲ ਇਕਜੁੱਟਤਾ ਦਾ ਪ੍ਰਗਟਾਵਾ ਕੀਤਾ ਹੈ ਅਤੇ ਆਉਣ ਵਾਲੀਆਂ ਚੋਣਾਂ ਵਿਚ ਪੰਜਾਬ ਵਿਚ ਵੀ ਸ੍ਰੋਮਣੀ ਅਕਾਲੀ ਦਲ ਤੇ ਭਾਰਤੀ ਜਨਤਾ ਪਾਰਟੀ ਦਾ ਗਠਜੋੜ ਕਾਂਗਰਸ ਦਾ ਸਫਾਇਆ ਕਰ ਦੇਵੇਗਾ ਅਤੇ 2014 ਦੀਆਂ ਲੋਕ ਸਭਾ ਚੋਣਾਂ ਦੌਰਾਨ ਕੇਂਦਰ ਵਿਚ ਐੱਨ.ਡੀ.ਏ. ਦੀ ਸਰਕਾਰ ਹੀ ਬਣੇਗੀ।
ਸ. ਮਜੀਠੀਆ ਨੇ ਇਸ ਸਮੇਂ ਬੋਲਦਿਆਂ ਅੱਗੇ ਕਿਹਾ ਕਿ ਸ੍ਰੀ ਨਰਿੰਦਰ ਮੋਦੀ, ਰਾਹੁਲ ਗਾਂਧੀ ਦੇ ਮੁਕਾਬਲੇ ਬਹੁਤ ਹੀ ਤਜਰਬੇਕਾਰ, ਦੂਰਅੰਦੇਸ਼ੀ ਵਿਅਕਤੀ ਹਨ ਜਦਕਿ ਰਾਹੁਲ ਗਾਂਧੀ ਦਾ ਰਾਜਨੀਤਿਕ ਕੱਦ ਸ੍ਰੀ ਮੋਦੀ ਦੇ ਮੁਕਾਬਲੇ ਬਹੁਤ ਛੋਟਾ ਹੈ। ਸ੍ਰੀ ਰਾਹੁਲ ਗਾਂਧੀ ਦੀ ਇਕੋ-ਇਕ ਲਿਆਕਤ ਗਾਂਧੀ ਪਰਿਵਾਰ ਦਾ ਵਾਰਸ ਹੋਣਾ ਹੈ। ਉਨ੍ਹਾਂ ਕਿਹਾ ਕਿ ਬੀਤੇ ਪਿਛਲੇ ਕੁਝ ਸਾਲਾਂ ਦਾ ਤਜਰਬਾ ਇਸ ਗੱਲ ਦਾ ਗਵਾਹ ਹੈ ਕਿ ਸ੍ਰੀ ਰਾਹੁਲ ਗਾਂਧੀ ਜਿੱਥੇ ਵੀ ਗਏ ਹਨ, ਉਨ੍ਹਾਂ ਨੂੰ ਅਸਫਲਤਾ ਮਿਲੀ ਹੈ, ਭਾਵੇਂ ਉਹ ਯੂ.ਪੀ. ਦੀਆਂ ਚੋਣਾਂ ਹੋਣ ਜਾਂ ਬਿਹਾਰ ਵਿਧਾਨ ਸਭਾ ਦੀ ਚੋਣ ਹੋਵੇ। ਸ. ਮਜੀਠੀਆ ਨੇ ਕਿਹਾ ਕਿ ਕਾਂਗਰਸ ਪਾਰਟੀ ਆਉਣ ਵਾਲੀਆਂ ਲੋਕ ਸਭਾ ਚੋਣਾਂ ਵਿਚ ਸ੍ਰੀ ਰਾਹੁਲ ਗਾਂਧੀ ਦੀ ਪਿਛਲੀ ਕਾਰਗੁਜਾਰੀ ਨੂੰ ਵੇਖਦਿਆਂ ਉਸਨੂੰ ਪ੍ਰਧਾਨ ਮੰਤਰੀ ਦੇ ਅਹੁਦੇ ਵਜੋਂ ਅੱਗੇ ਲਿਆਉਣ ਤੋਂ ਹਿਚਕਿਚਾ ਰਹੀ ਹੈ। ਦੇਸ਼ ਦੇ ਲੋਕਾਂ ਨੇ ਐੱਨ.ਡੀ.ਏ. ਦੀ ਅਗਵਾਈ ਵਿਚ ਕੇਂਦਰੀ ਸਰਕਾਰ ਸਥਾਪਿਤ ਕਰਨ ਦਾ ਮਨ ਬਣਾ ਲਿਆ ਹੈ। ਉਨ੍ਹਾਂ ਅੱਗੇ ਕਿਹਾ ਕਿ ਰਾਸ਼ਟਰੀ ਪੱਧਰ 'ਤੇ ਕੀਤੇ ਗਏ ਸਰਵੇਖਣ ਅਨੁਸਾਰ 2014 ਦੀਆਂ ਲੋਕ ਸਭਾ ਚੋਣਾਂ ਵਿਚ ਕਾਂਗਰਸ ਨੂੰ ਮਰ ਕੇ 100 ਸੀਟਾਂ ਵੀ ਪ੍ਰਾਪਤ ਨਹੀਂ ਹੁੰਦੀਆਂ ਜਦਕਿ ਐੱਨ.ਡੀ.ਏ. ਨੂੰ ਪਹਿਲਾਂ ਦੇ ਮੁਕਾਬਲੇ ਵੱਡੀ ਗਿਣਤੀ ਵਿਚ ਸੀਟਾਂ ਦਾ ਫਾਇਦਾ ਹੋ ਰਿਹਾ ਹੈ ਅਤੇ ਆਉਣ ਵਾਲੀ ਸਰਕਾਰ ਐੱਨ.ਡੀ.ਏ. ਦੀ ਹੋਵੇਗੀ।
ਸ. ਮਜੀਠੀਆ ਨੇ ਕਿਹਾ ਕਿ ਸ੍ਰੀ ਮੋਦੀ ਦਾ ਪ੍ਰਧਾਨ ਮੰਤਰੀ ਅਹੁਦੇ ਦਾ ਉਮੀਦਵਾਰ ਵਜੋਂ ਐਲਾਨ ਹੋਣ ਨਾਲ ਕਾਂਗਰਸ ਪਾਰਟੀ ਦੇ ਖਾਤਮੇ ਦੀ ਪੁੱਠੀ ਗਿਣਤੀ ਸ਼ੁਰੂ ਹੋ ਗਈ ਹੈ। ਉਨ੍ਹਾਂ ਕਿਹਾ ਕਿ ਸ੍ਰੀ ਮੋਦੀ ਦੀ ਅਗਵਾਈ ਵਿਚ ਦੇਸ਼ ਇਕ ਵਾਰ ਫਿਰ ਵਿਸ਼ਵ ਸ਼ਕਤੀ ਵਜੋਂ ਉੱਭਰੇਗਾ ਅਤੇ ਇਸ ਵਕਤ ਡਾਵਾਂਡੋਲ ਹੋਈ ਅਰਥ ਵਿਵਸਥਾ ਨੂੰ ਵੱਡਾ ਹੁੰਗਾਰਾ ਮਿਲੇਗਾ। ਉਨ੍ਹਾਂ ਕਿਹਾ ਕਿ ਸ੍ਰੀ ਮੋਦੀ ਦੀ ਅਗਵਾਈ ਵਿਚ ਗੁਜਰਾਤ ਸੂਬੇ ਨੇ ਉਦਯੋਗ, ਖੇਤੀਬਾੜੀ, ਵਪਾਰ ਵਿਚ ਵੱਡੀ ਤਰੱਕੀ ਕੀਤੀ ਹੈ, ਜਿਸਦੇ ਤਜਰਬੇ ਦੇ ਅਧਾਰ 'ਤੇ ਆਉਣ ਵਾਲੇ ਸਮੇਂ ਵਿਚ ਸ੍ਰੀ ਮੋਦੀ ਵੱਲੋਂ ਸਮੁੱਚੇ ਦੇਸ਼ ਦੀ ਅਗਵਾਈ ਕੀਤੀ ਜਾਵੇਗੀ ਅਤੇ ਹਰ ਵਰਗ ਨੂੰ ਭ੍ਰਿਸ਼ਟਾਚਾਰ ਅਤੇ ਮਹਿੰਗਾਈ ਤੋਂ ਰਾਹਤ ਮਿਲੇਗੀ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਦੀਆਂ ਗਲਤ ਨੀਤੀਆਂ ਅਤੇ ਵੱਡੇ-ਵੱਡੇ ਘਪਲਿਆਂ ਦੇ ਸਿੱਟੇ ਵਜੋਂ ਰੁਪੱਈਏ ਦੀ ਕੀਮਤ ਡਾਲਰ ਦੇ ਮੁਕਾਬਲੇ ਨਿਘਰ ਚੁੱਕੀ ਹੈ ਅਤੇ ਦੇਸ਼ ਦੀ ਅਰਥ ਵਿਵਸਥਾ ਡਾਵਾਂਡੋਲ ਹੈ, ਜਿਸ ਲਈ ਕਾਂਗਰਸ ਪਾਰਟੀ ਸਿੱਧੇ ਤੌਰ 'ਤੇ ਜ਼ਿੰਮੇਵਾਰ ਹੈ।
ਸ. ਮਜੀਠੀਆ ਨੇ ਕਿਹਾ ਕਿ ਕੇਂਦਰ ਵਿਚ ਐੱਨ.ਡੀ.ਏ. ਦੀ ਸਰਕਾਰ ਬਨਣ ਨਾਲ ਹੀ ਪੰਜਾਬ ਨੂੰ ਕੇਂਦਰੀ ਟੈਕਸਾਂ ਵਿਚੋਂ ਆਪਣਾ ਬਣਦਾ ਹੱਕੀ ਹਿੱਸਾ ਹੀ ਨਹੀਂ ਮਿਲੇਗਾ ਸਗੋਂ ਸੂਬੇ ਦੇ ਤੇਜ ਆਰਥਿਕ ਵਿਕਾਸ ਲਈ ਚੱਲ ਰਹੇ ਵੱਡੇ ਪ੍ਰੋਜੈਕਟਾਂ ਵਾਸਤੇ ਹੋਰ ਵਿੱਤੀ ਮਦਦ ਵੀ ਮਿਲੇਗੀ।ਮਜੀਠੀਆ ਨੇ ਇਸ ਮੌਕੇ 'ਤੇ ਪੰਚਾਇਤੀ ਰਾਜ ਸੰਸਥਾਵਾਂ ਦੇ ਨਵ-ਨਿਯੁਕਤ ਮੈਂਬਰਾਂ ਨੂੰ ਅਪੀਲ ਕੀਤੀ ਕਿ ਉਹ ਪਿੰਡਾਂ ਵਿਚ ਵਿਕਾਸ ਕਾਰਜਾਂ ਨੂੰ ਸਹੀ ਤਰੀਕੇ ਨਾਲ ਨੇਪਰੇ ਚਾੜਣ ਵਾਸਤੇ ਆਪਣਾ ਉਸਾਰੂ ਰੋਲ ਅਦਾ ਕਰਨ ਅਤੇ ਪੂਰੀ ਸਮਰਪਨ ਭਾਵਨਾ ਨਾਲ ਸੇਵਾ ਕਰਨ। ਉਨ੍ਹਾਂ ਇਹ ਵੀ ਕਿਹਾ ਕਿ ਕਿਸੇ ਵੀ ਸੂਬੇ ਦੇ ਵਿਕਾਸ ਵਿਚ ਨੌਜਵਾਨਾਂ ਨੂੰ ਹਮੇਸ਼ਾ ਬੜਾ ਵੱਡਾ ਰੋਲ ਹੁੰਦਾ ਹੈ। ਉਨ੍ਹਾਂ ਕਿਹਾ ਕਿ ਆਪਣੇ ਸਥਾਨਿਕ ਮਤਭੇਦਾਂ ਨੂੰ ਭੁਲਾ ਕੇ ਨੌਜਵਾਨਾਂ ਨੂੰ ਸਹੀ ਸੇਧ ਦੇਣ ਅਤੇ ਉਨ੍ਹਾਂ ਦੀ ਸ਼ਕਤੀ ਨੂੰ ਪਿੰਡਾਂ ਦੇ ਵਿਕਾਸ ਅਤੇ ਸਮਾਜਿਕ ਕੰਮਾਂ ਵਿਚ ਲਗਾਉਣ ਲਈ ਪ੍ਰੇਰਿਤ ਕਰਨ ਦੀ ਲੋੜ ਹੈ। ਇਸ ਲਈ ਨੌਜਵਾਨਾਂ ਨੂੰ ਸਹੀ ਸਿਹਤ ਦੇਣ ਲਈ ਸਿੱਖਿਆ ਤੇ ਸਹੀ ਅਗਵਾਈ ਦੀ ਲੋੜ ਹੈ।
ਇਸ ਮੌਕੇ 'ਤੇ ਸ. ਹਰਮੀਤ ਸਿੰਘ ਸੰਧੂ ਮੁੱਖ ਪਾਰਲੀਮਾਨੀ ਸਕੱਤਰ ਲੋਕ ਨਿਰਮਾਣ ਵਿਭਾਗ ਪੰਜਾਬ ਨੇ ਸ. ਮਜੀਠੀਆ ਨੂੰ ਜੀ ਆਇਆਂ ਆਖਦਿਆਂ ਕਿਹਾ ਕਿ ਸ. ਮਜੀਠੀਆ ਨੇ ਆਪਣੀ ਦੂਰ ਦ੍ਰਿਸ਼ਟੀ ਅਤੇ ਲਿਆਕਤ ਨਾਲ ਸ੍ਰੋਮਣੀ ਅਕਾਲੀ ਦਲ ਨੂੰ ਬੜੀ ਵੱਡੀ ਤਾਕਤ ਬਖਸ਼ੀ ਹੈ ਅਤੇ ਸੂਬੇ ਦੇ ਸਮੁੱਚੇ ਨੌਜਵਾਨਾਂ ਨੂੰ ਸ੍ਰੋਮਣੀ ਅਕਾਲੀ ਦਲ ਦੇ ਨਾਲ ਜੋੜਿਆ ਹੈ।ਹੋਰਨਾਂ ਤੋਂ ਇਲਾਵਾ ਸ. ਬਲਵਿੰਦਰ ਸਿੰਘ ਧਾਲੀਵਾਲ ਡਿਪਟੀ ਕਮਿਸ਼ਨਰ, ਸ. ਰਾਜਜੀਤ ਸਿੰਘ ਐੱਸ.ਐੱਸ.ਪੀ., ਸ. ਐੱਮ.ਪੀ. ਸਿੰਘ ਵਧੀਕ ਡਿਪਟੀ ਕਮਿਸ਼ਨਰ (ਵਿਕਾਸ), ਡਾ. ਅਨੂਪ੍ਰੀਤ ਕੌਰ ਐੱਸ.ਡੀ.ਐੱਮ. ਤਰਨਤਾਰਨ, ਭਾਈ ਮਨਜੀਤ ਸਿੰਘ ਚੇਅਰਮੈਨ ਪੇਡਾ, ਸ. ਭੁਪਿੰਦਰ ਸਿੰਘ ਖੇੜਾ ਸਾਬਕਾ ਪ੍ਰਧਾਨ ਨਗਰ ਕੌਂਸਲ, ਸਾਰੇ ਜ਼ਿਲ੍ਹਾ ਪ੍ਰੀਸ਼ਦ ਮੈਂਬਰ, ਬਲਾਕ ਸੰਮਤੀ ਮੈਂਬਰਜ਼ ਹਾਜਰ ਸਨ।