ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਨਸ਼ਿਆਂ ਦੇ ਖਾਤਮੇ ਲਈ ਸਾਰੇ ਸਰਕਾਰੀ ਮੁਲਾਜ਼ਮਾਂ ਦਾ ਡੋਪ ਟੈਸਟ ਕਰਵਾਉਣ ਦੇ ਐਲਾਨ ਨਾਲ ਸਹਿਮਤ ਹੁੰਦੇ ਸਿੱਖਿਆ, ਵਾਤਾਵਰਣ ਤੇ ਅਜ਼ਾਦੀ ਘੁਲਾਟੀਏ ਮੰਤਰੀ ਓ. ਪੀ. ਸੋਨੀ ਨੇ ਆਪਣੇ ਵਿਭਾਗਾਂ ਦੇ ਕਰਮਚਾਰੀਆਂ ਨੂੰ ਕਹਿਣ ਤੋਂ ਪਹਿਲਾਂ ਅੱਜ ਖ਼ੁਦ ਸਿਵਲ ਹਸਪਤਾਲ ਪਹੁੰਚ ਕੇ ਆਪਣਾ ਡੋਪ ਟੈਸਟ ਕਰਵਾਇਆ। ਇਸ ਮੌਕੇ ਉਨਾਂ ਦੇ ਕਰੀਬੀ ਰਿਸ਼ਤੇਦਾਰ ਕੌਂਸਲਰ ਸ੍ਰੀ ਵਿਕਾਸ ਸੋਨੀ ਨੇ ਵੀ ਡੋਪ ਟੈਸਟ ਕਰਵਾਇਆ। ਦੋਵਾਂ ਟੈਸਟਾਂ ਦੀ ਰਿਪੋਰਟ ਟੈਸਟ ਕਰਨ ਮਗਰੋਂ ਸਿਹਤ ਅਮਲੇ ਨੇ ਦੇ ਦਿੱਤੀ, ਜੋ ਕਿ ਨੈਗੇਟਿਵ ਆਈ। ਸ੍ਰੀ ਸੋਨੀ ਨੇ ਇਸ ਮੌਕੇ ਪ੍ਰੈਸ ਨਾਲ ਗੱਲਬਾਤ ਕਰਦੇ ਕਿਹਾ ਕਿ ਮੁੱਖ ਮੰਤਰੀ ਵੱਲੋਂ ਸ਼ੁਰੂ ਕੀਤੀ ਇਹ ਮੁਹਿੰਮ ਸਰਾਹਨਾਯੋਗ ਹੈ ਕਿ ਕਿਉਂਕਿ ਕੋਈ ਵੀ ਵਿਅਕਤੀ ਜੋ ਆਪ ਨਸ਼ੇ ਕਰਦਾ ਹੋਵੇ, ਉਹ ਕਿਸੇ ਨੂੰ ਨਸ਼ੇ ਨਾ ਕਰਨ ਦੀ ਸਲਾਹ ਕਿਸ ਮੂੰਹ ਨਾਲ ਦੇਵੇਗਾ ਅਤੇ ਉਹ ਸਰਕਾਰੀ ਅਹੁਦੇ ’ਤੇ ਬੈਠਾ ਹੋਇਆ ਨਸ਼ੇ ਦੀ ਹਾਲਤ ਵਿਚ ਕੀ ਕੰਮ ਕਰੇਗਾ? ਉਨਾਂ ਕਿਹਾ ਕਿ ਮੁੱਖ ਮੰਤਰੀ ਸਾਹਿਬ ਨੇ ਇਸ ਬਾਰੇ ਮੁੱਖ ਸਕੱਤਰ ਨੂੰ ਨਿਰਦੇਸ਼ ਦਿੱਤੇ ਹਨ ਅਤੇ ਉਹ ਸਾਰੇ ਪਹਿਲੂਆਂ ਨੂੰ ਵਿਚਾਰਦੇ ਹੋਏ ਇਸ ਬਾਰੇ ਨੋਟੀਫਿਕੇਸ਼ਨ ਜਾਰੀ ਕਰਨਗੇ, ਉਸ ਮਗਰੋਂ ਹੀ ਸਰਕਾਰੀ ਮੁਲਜ਼ਮਾਂ ਦਾ ਡੋਪ ਟੈਸਟ ਕਰਵਾਇਆ ਜਾ ਸਕੇਗਾ।