ਪੰਜਾਬ ਸਰਕਾਰ ਵੱਲੋਂ ਸਹਿਕਾਰਤਾ ਲਹਿਰ ਵਿੱਚ ਇਨਕਲਾਬੀ ਕਦਮ ਪੁੱਟਦੇ ਹੋਏ ਫ਼ਤਹਿਗੜ੍ਹ ਸਾਹਿਬ ਦੇ ਪਿੰਡ ਸੰਗਤਪੁਰ ਸੋਢੀਆਂ ਦੀ ਬਹੁਮੰਤਵੀ ਸਹਿਕਾਰੀ ਸਭਾ ਵਿੱਚ ਰਾਜ ਦਾ ਪਹਿਲਾ ਕੰਜਿਊਮਰ ਸਟੋਰ ਖੋਲਿਆ ਜਾਵੇਗਾ ਜਿਥੋਂ ਕਿ ਕਿਸਾਨਾਂ ਨੂੰ ਘਰੇਲੂ ਵਰਤੋਂ ਦੀਆਂ ਸਾਰੀਆਂ ਵਸਤਾਂ ਮੁਹੱਈਆ ਹੋਣਗੀਆਂ। ਇਹ ਜਾਣਕਾਰੀ ਪੰਜਾਬ ਦੇ ਸਹਿਕਾਰਤਾ ਤੇ ਜੇਲ੍ਹਾਂ ਬਾਰੇ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਸਹਿਕਾਰਤਾ ਵਿਭਾਗ ਦੇ ਵਧੀਕ ਮੁੱਖ ਸਕੱਤਰ ਸ਼੍ਰੀ ਡੀ.ਪੀ. ਰੈਡੀ, ਰਜਿਸਟਰਾਰ ਡੀ.ਐਸ. ਮਾਂਗਟ ਮਿਲਕਫੈਡ ਦੇ ਐਮ.ਡੀ. ਸ਼੍ਰੀ ਮਨਜੀਤ ਸਿੰਘ ਬਰਾੜ ਤੇ ਸਹਿਕਾਰਤਾ ਵਿਭਾਗ ਦੇ ਨਾਲ ਫ਼ਤਹਿਗੜ੍ਹ ਸਾਹਿਬ ਜ਼ਿਲ੍ਹੇ ਦੀਆਂ ਸਹਿਕਾਰੀ ਸਭਾਵਾਂ ਸੰਗਤਪੁਰ ਸੋਢਆਂ, ਪਿੰਡ ਬਾਗ ਸਿੰਕਦਰ ਦੀ ਮਿਲਕ ਸੋਸਾਇਟੀ ਅਤੇ ਘਾਟੇ ਵਿੱਚ ਚੱਲ ਰਹੀ ਪਿੰਡ ਬਾਗੜੀਆਂ ਦੀ ਸਹਿਕਾਰੀ ਸਭਾ ਦਾ ਦੌਰਾ ਕਰਨ ਉਪਰੰਤ ਸੰਗਤਪੁਰ ਸੋਢੀਆਂ ਵਿਖੇ ਕਰਵਾਏ ਸਮਾਗਮ ਨੂੰ ਸੰਬੋਧਨ ਕਰਦਿਆਂ ਦਿੱਤੀ। ਉਨ੍ਹਾਂ ਕਿਹਾ ਕਿ ਮੁਨਾਫੇ ਵਿੱਚ ਚੱਲ ਰਹੀਆਂ ਸਹਿਕਾਰੀ ਸਭਾਵਾਂ ਵਿੱਚ ਕੰਜਿਊਮਰ ਸਟੋਰ ਖੋਲਣ ਦੇ ਪਾਇਲਟ ਪ੍ਰੋਜੈਕਟ ਦੀ ਸ਼ੁਰੂਆਤ ਵੀ ਸੰਗਤਪੁਰ ਸੋਢੀਆਂ ਤੋਂ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਸੰਗਤਪੁਰ ਸੋਢੀਆਂ ਦੀ ਸਹਿਕਾਰੀ ਸਭਾ ਵਿੱਚ ਲੁਬਰੀਕੈਂਟ ਸੈਂਟਰ ਵੀ ਖੋਲਿਆ ਜਾਵੇਗਾ ਜਿਥੋਂ ਕਿ ਕਿਸਾਨਾਂ ਨੂੰ ਗਰੀਸ, ਮੋਬਾਇਲ ਅਤੇ ਹੋਰ ਵਸਤਾਂ 25 ਫੀਸਦੀ ਘੱਟ ਦਰ ਤੇ ਮੁਹੱਈਆ ਕਰਵਾਈਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਸਹਿਕਾਰਤਾ ਲਹਿਰ ਨੂੰ ਕਿਸਾਨਾਂ ਤੇ ਨੌਜਵਾਨਾਂ ਦੀ ਸ਼ਮੂਲੀਅਤ ਨਾਲ ਲੋਕ ਲਹਿਰ ਬਣਾਇਆ ਜਾਵੇਗਾ। ਸ. ਰੰਧਾਵਾ ਨੇ ਕਿਹਾ ਕਿ ਸਹਿਕਾਰੀ ਸਭਾਵਾਂ ਵਿੱਚ ਵੱਧ ਤੋਂ ਵੱਧ ਨੌਜਵਾਨਾਂ ਨੂੰ ਬਤੌਰ ਮੈਂਬਰ ਸ਼ਾਮਲ ਕੀਤਾ ਜਾਣਾ ਚਾਹੀਦਾ ਹੈ ਕਿਉਂਕਿ ਨੌਜਵਾਨ ਜਿਥੇ ਸਹਿਕਾਰੀ ਸਭਾਵਾਂ ਦੇ ਮੇਂਬਰ ਬਣ ਕੇ ਕਮਾਈ ਕਰ ਸਕਣਗੇ ਉਥੇ ਹੀ ਉਹ ਸਮਾਜਿਕ ਬੁਰਾਈਆਂ ਤੋਂ ਵੀ ਦੂਰ ਰਹਿਣਗੇ। ਉਨ੍ਹਾਂ ਕਿਹਾ ਕਿ ਸਹਿਕਾਰਤਾ ਵਿਭਾਗ ਵੱਲੋਂ ਮੁਨਾਫੇ ਵਿੱਚ ਚੱਲ ਰਹੀਆਂ ਸਹਿਕਾਰੀ ਸਭਾਵਾਂ ਦੇ ਪ੍ਰਧਾਨ ਤੇ ਸਕੱਤਰਾਂ ਨੂੰ ਜਿੈਥੇ ਰਾਜ ਪੱਧਰ ਤੇ ਨਗਦ ਰਾਸ਼ੀ ਤੇ ਪ੍ਰਸ਼ੰਸ਼ਾ ਪੱਤਰ ਦੇ ਕੇ ਸਨਮਾਨਤ ਕੀਤਾ ਜਾਵੇਗਾ ਉਥੇ ਹੀ ਘਾਟੇ ਵਿੱਚ ਚੱਲ ਰਹੀਆਂ ਸਹਿਕਾਰੀ ਸਭਾਵਾ ਨੂੰ ਮੁਨਾਫੇ ਵਿੱਚ ਲਿਆਉਣ ਲਈ ਵੀ ਵਿਸ਼ੇਸ਼ ਉਪਰਾਲੇ ਕੀਤੇ ਜਾਣਗੇ ਕਿੳਂਕਿ ਸਹਿਕਾਰੀ ਸਭਾਵਾਂ ਕਿਸਾਨਾਂ ਦੀ ਆਰਥਿਕਤਾ ਨੂੰ ਮਜਬੂਤ ਕਰਨ ਵਿੱਚ ਅਹਿਮ ਭੂਮਿਕਾ ਅਦਾ ਕਰਦੀਆਂ ਹਨ।
ਉਨ੍ਹਾਂ ਦੱਸਿਆ ਕਿ ਇਸ ਸੰਗਤਪੁਰ ਸੋਢੀਆਂ ਦੀ ਸਹਿਕਾਰੀ ਸਭਾ ਨੇ ਕਿ ਪਿਛਲੇ 8 ਸਾਲਾਂ ਦੌਰਾਨ ਆਪਣੇ ਮੈਂਬਰਾਂ ਨੂੰ 58 ਲੱਖ ਰੁਪਏ ਦਾ ਮੁਨਾਫਾ ਵੰਡਿਆ ਹੈ ਅਤੇ ਪਿਛਲੇ ਸਾਲ ਵਿੱਚ ਵੀ ਇਹ ਸੋਸਾਇਟੀ ਕਰੀਬ 26 ਲੱਖ ਰੁਪਏ ਦੇ ਮੁਨਾਫੇ ਵਿੱਚ ਰਹੀ ਹੈ ਜੋ ਕਿ ਛੇਤੀ ਹੀ ਸੋਸਾਇਟੀ ਮੈਂਬਰਾਂ ਨੂੰ ਵੰਡਿਆ ਜਾਵੇਗਾ । ਉਨ੍ਹਾਂ ਸੰਗਤਪੁਰ ਸੋਢੀਆਂ ਸਹਿਕਾਰੀ ਸਭਾ ਦੇ ਕੰਮ ਕਾਜ ਤੋਂ ਖੁਸ਼ ਹੋ ਕੇ ਆਪਣੇ ਇਖ਼ਤਿਆਰੀ ਫੰਡ ਵਿੱਚੋਂ 1 ਲੱਖ ਰੁਪਏ ਦੀ ਗ੍ਰਾਂਟ ਦੇਣ ਦਾ ਵੀ ਐਲਾਨ ਕੀਤਾ ਅਤੇ ਬਾਗ ਸਿੰਕਦਰ ਦੇ ਸ਼ਹੀਦ ਕਰਤਾਰ ਸਿੰਘ ਸਰਾਭਾ ਯੂਥ ਕਲੱਬ ਨੂੰ 50 ਹਜਾਰ ਰੁਪਏ ਦੀ ਗ੍ਰਾਂਟ ਦੇਣ ਦਾ ਐਲਾਨ ਕੀਤਾ।ਸਹਿਕਾਰਤਾ ਮੰਤਰੀ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਖੇਤੀਬਾੜੀ ਨਾਲ ਸਬੰਧਤ ਮਸੀਨਰੀ ਸਹਿਕਾਰੀ ਸਭਾਵਾਂ ਤੋਂ ਘੱਟ ਕਿਰਾਏ ਤੇ ਲੈਣ ਨੂੰ ਤਰਜੀਹ ਦੇਣ ਕਿਉਂਕਿ ਅਜਿਹਾ ਕਰਨ ਨਾਲ ਜਿਥੇ ਸਹਿਕਾਰੀ ਸਭਾਵਾਂ ਮਨਾਫੇ ਵਿੱਚ ਰਹਿਣਗੀਆਂ ਉਥੇ ਹੀ ਕਿਸਾਨਾਂ ਨੂੰ ਵੀ ਘੱਟ ਕਿਰਾਏ ਤੇ ਆਧੁਨਿਕ ਖੇਤੀ ਮਸ਼ੀਨਰੀ ਹਾਸਲ ਹੋਵੇਗੀ।ਉਨ੍ਹਾਂ ਇਹ ਵੀ ਦੱਸਿਆ ਕਿ ਜਿਹੜੇ ਪਿੰਡਾਂ ਵਿੱਚ ਘਾਟੇ ਵਿੱਚ ਚੱਲ ਰਹੀਆਂ ਛੋਟੀਆਂ ਸਹਿਕਾਰੀ ਸਭਾਵਾਂ ਹਨ ਉਨ੍ਹਾਂ ਨੂੰ ਹੋਰ ਛੋਟੀਆਂ ਸੋਸਾਇਟੀਆਂ ਵਿੱਚ ਮਰਜ਼ ਕਰਕੇ ਉਨ੍ਹਾਂ ਨੂੰ ਵੀ ਮੁਨਾਫੇ ਵਿੱਚ ਲਿਆਂਦਾ ਜਾਵੇਗਾ।ਇਸ ਮੌਕੇ ਵੱਡੀ ਗਿਣਤੀ ਵਿੱਚ ਸਹਿਕਾਰੀ ਸਭਾਵਾਂ ਦੇ ਪ੍ਰਧਾਨਾਂ, ਸਕੱਤਰਾਂ ਤੇ ਮੈਂਬਰਾਂ ਨੇ ਸਹਿਕਾਰੀ ਸਭਾਵਾਂ ਨੂੰ ਮੁਨਾਫੇ ਵਿੱਚ ਲਿਆਉਣ ਲਈ ਆਪਣੇ ਸੁਝਾਅ ਵੀ ਦਿੱਤੇ। ਪੱਤਰਕਾਰਾਂ ਵੱਲੋਂ ਪੁੱਛੇ ਇੱਕ ਸਵਾਲ ਦੇ ਜਵਾਬ ਵਿੱਚ ਉਨ੍ਹਾਂ ਕਿਹਾ ਕਿ ਗੈਂਗਸਟਰਾਂ ਨੂੰ ਜਿਹੜੀਆਂ 6 ਜੇਲ੍ਹਾਂ ਵਿੱਚ ਰੱਖਿਆ ਗਿਆ ਹੈ ਉਨ੍ਹਾਂ ਜੇਲ੍ਹਾਂ ਵਿੱਚ ਸਖਤ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ। ਇਸ ਮੌਕੇ ਵਿਧਾਇਕ ਕੁਲਜੀਤ ਸਿਘ ਨਾਗਰਾ ਨੇ ਦੱਸਿਆ ਕਿ ਸਹਿਕਾਰਤਾ ਦਾ ਕਿਸਾਨੀ ਨੂੰ ਮਜਬੂਤ ਕਰਨ ਵਿੱਚ ਅਹਿਮ ਯੋਗਾਦਾਨ ਹੈ ਕਿਉਂਕਿ ਸਹਿਕਾਰੀ ਸਭਾਵਾਂ ਕਿਸਾਨਾਂ ਦੀਆਂ ਮਿੱਤਰ ਸਭਾਵਾਂ ਹੁੰਦੀਆਂ ਹਨ ਜੋ ਕਿ ਕਿਸਾਨਾਂ ਦੀਆਂ ਲੋੜਾਂ ਨੂੰ ਪੂਰੀਆਂ ਕਰਦੀਆਂ ਹਨ। ਉਨ੍ਹਾਂ ਕਿਹਾ ਕਿ ਕਿ ਪੰਚਾਇਤੀ ਚੋਣਾਂ ਵਿੱਚ ਫ਼ਤਹਿਗੜ੍ਹ ਸਾਹਿਬ ਹਲਕੇ ਦੇ ਜਿਹੜੇ ਪਿੰਡਾਂ ਵਿੱਚ ਸਰਬਸੰਮਤੀ ਨਾਲ ਪੰਚਾਇਤ ਦੀ ਚੋਣ ਕੀਤੀ ਜਾਵੇਗੀ ਉਨ੍ਹਾਂ ਪਿੰਡਾਂ ਨੂੰ 3 ਲੱਖ ਰੁਪਏ ਦੀ ਵਾਧੂ ਗ੍ਰਾਂਟ ਵਿਕਾਸ ਕਾਰਜਾਂ ਲਈ ਦਿੱਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਪਹਿਲਾਂ ਹੀ ਫ਼ਤਹਿਗੜ੍ਹ ਸਾਹਿਬ ਹਲਕੇ ਦੀਆਂ ਲਿੰਕ ਸੜਕਾਂ ਦੀ ਸਪੈਸ਼ਲ ਮੁਰੰਮਤ ਕਰਵਾਉਣ ਦੀ ਵਿਸ਼ੇਸ਼ ਮਨਜੂਰੀ ਦਿੱਤੀ ਹੈ ਅਤੇ ਇਨ੍ਹਾਂ ਵਿੱਚੋਂ ਕਈ ਸੜਕਾਂ ਦਾ ਕੰਮ ਵੀ ਸ਼ੁਰੂ ਹੋ ਚੁੱਕਾ ਹੈ।ਉਨ੍ਹਾਂ ਇਹ ਵੀ ਦੱਸਿਆ ਕਿ ਸਰਕਾਰ ਵੱਲੋਂ ਪਿੰਡ ਸੰਗਤਪੁਰ ਸੋਢੀਆਂ ਦੇ ਸਕੂਲ ਨੂੰ ਸਮਾਰਟ ਸਕੂਲ ਦਾ ਦਰਜਾ ਦਿੱਤਾ ਗਿਆ ਹੈ।ਇਸ ਮੌਕੇ ਸਹਿਕਾਰਤਾ ਵਿਭਾਗ ਜੇ.ਆਰ. ਸ਼੍ਰੀ ਦਰਸ਼ਨ ਸਿੰਘ ਗਿੱਲ, ਡੀ.ਆਰ. ਅਨਿਲ ਕੁਮਾਰ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਕਾਂਗਰਸੀ ਆਗੂ ਤੇ ਸਹਿਕਾਰੀ ਸਭਾਵਾਂ ਦੇ ਪ੍ਰਧਾਨ, ਸਕੱਤਰ ਤੇ ਮੈਂਬਰ ਹਾਜਰ ਸਨ।