ਪੰਜਾਬ ਸਰਕਾਰ ਵੱਲੋਂ ਫਿਰੋਜ਼ਪੁਰ ਸ਼ਹਿਰ ਤੇ ਫਿਰੋਜ਼ਪੁਰ ਛਾਉਣੀ ਦੇ ਵਸਨੀਕਾਂ ਨੂੰ ਨਿਰਵਿਘਨ ਬਿਜਲੀ ਸਪਲਾਈ ਦੇਣ ਲਈ ਵੱਖ-ਵੱਖ ਬਿਜਲੀ ਸੁਧਾਰਾਂ ਤੇ 24 ਕਰੋੜ ਤੋਂ ਵੱਧ ਦੀ ਰਾਸ਼ੀ ਖ਼ਰਚ ਕੀਤੀ ਗਈ ਹੈ। ਇਹ ਜਾਣਕਾਰੀ ਵਿਧਾਇਕ ਸ੍ਰ: ਪਰਮਿੰਦਰ ਸਿੰਘ ਪਿੰਕੀ ਨੇ ਪੱਤਰਕਾਰਾਂ ਨਾਲ ਵਿਸ਼ੇਸ਼ ਗੱਲਬਾਤ ਦੌਰਾਨ ਦਿੱਤੀ। ਇਸ ਮੌਕੇ ਸ੍ਰ: ਐਮ.ਪੀ.ਐਸ ਢਿੱਲੋਂ ਡਿਪਟੀ ਚੀਫ਼ ਇੰਜੀਨੀਅਰ ਪਾਵਰ ਕਾਮ ਅਤੇ ਹੋਰ ਅਧਿਕਾਰੀ ਵੀ ਹਾਜ਼ਰ ਸਨ।ਵਿਧਾਇਕ ਸ੍ਰ: ਪਰਮਿੰਦਰ ਸਿੰਘ ਪਿੰਕੀ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਮੁੱਖ ਮੰਤਰੀ ਪੰਜਾਬ ਤੋਂ ਸ਼ਹਿਰ ਅਤੇ ਛਾਉਣੀ ਵਿਚ ਨਿਰਵਿਘਨ ਬਿਜਲੀ ਸਪਲਾਈ ਲਈ ਵੱਖ-ਵੱਖ ਕੰਮਾਂ ਜਿਵੇਂ ਬਿਜਲੀ ਲਾਈਨਾਂ, ਕੇਬਲਾਂ ਦੀ ਬਦਲੀ, ਨਵੇਂ ਟਰਾਂਸਫ਼ਾਰਮਰ ਲਗਾਉਣ, ਲੋਡ ਵਧਾਉਣ, ਨਵੇਂ ਪੋਲ ਲਗਾਉਣ ਤੇ ਹੋਰ ਉਪਕਰਨਾਂ ਦੀ ਬਦਲੀ, ਨਵੇਂ ਲਗਾਉਣ ਆਦਿ ਲਈ 24 ਕਰੋੜ ਰੁਪਏ ਤੋਂ ਵੱਧ ਦੀ ਰਾਸ਼ੀ ਲਿਆਂਦੀ ਗਈ, ਜਿਸ ਤੇ ਜੰਗੀ ਪੱਧਰ ਤੇ ਕੰਮ ਚੱਲ ਰਿਹਾ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਕੰਮਾਂ ਵਿਚ ਫਿਰੋਜ਼ਪੁਰ ਸ਼ਹਿਰ ਅਤੇ ਛਾਉਣੀ ਵਿਚ 81 ਕਿੱਲੋਮੀਟਰ ਨਵੀਆਂ ਲਾਈਨਾਂ, 32 ਕਿੱਲੋਮੀਟਰ ਕੇਬਲ ਲਾਈਨਾਂ, 245 ਤੋਂ ਵੱਧ ਟਰਾਂਸਫ਼ਾਰਮਰ ਅਤੇ 4850 ਨਵੇਂ ਪੋਲ ਲਗਾਉਣ ਦਾ ਕੰਮ ਜੰਗੀ ਪੱਧਰ ਤੇ ਚੱਲ ਰਿਹਾ ਹੈ ਅਤੇ ਇਹ ਕੰਮ 80 ਪ੍ਰਤੀਸ਼ਤ ਤੋਂ ਵੱਧ ਮੁਕੰਮਲ ਹੋ ਚੁੱਕਿਆ ਹੈ, ਰਹਿੰਦਾ ਕੰਮ 30 ਮਈ 2018 ਤੱਕ ਮੁਕੰਮਲ ਹੋ ਜਾਵੇਗਾ।ਸ੍ਰ: ਪਰਮਿੰਦਰ ਸਿੰਘ ਨੇ ਅੱਗੇ ਦੱਸਿਆ ਕਿ ਇਸ ਪ੍ਰਾਜੈਕਟ ਤਹਿਤ ਸ਼ਹਿਰ ਲਈ 17 ਕਰੋੜ ਅਤੇ ਛਾਉਣੀ ਖੇਤਰ ਲਈ 7 ਕਰੋੜ ਰੁਪਏ ਖ਼ਰਚੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਕੰਮ ਮੁਕੰਮਲ ਹੋਣ ਉਪਰੰਤ ਇਨ੍ਹਾਂ ਸ਼ਹਿਰੀ ਖੇਤਰਾਂ ਦੇ ਲੋਕਾਂ ਨੂੰ ਨਿਰਵਿਘਨ ਬਿਜਲੀ ਸਪਲਾਈ ਮਿਲੇਗੀ, ਬਿਜਲੀ ਚੋਰੀ ਬਿਲਕੁਲ ਬੰਦ ਹੋਵੇਗੀ, ਟ੍ਰੈਫਿਕ ਸਮੱਸਿਆ ਵਿਚ ਸੁਧਾਰ ਆਵੇਗਾ ਅਤੇ ਬਿਜਲੀ ਹਾਦਸੇ ਰੁਕਣਗੇ। ਉਨ੍ਹਾਂ ਦੱਸਿਆ ਕਿ ਸ਼ਹਿਰ ਤੇ ਛਾਉਣੀ ਨੂੰ ਜਗਮਗਾਉਂਦਾ ਕਰਨ ਲਈ 4400 ਨਵੀਆਂ ਐਲ.ਈ.ਡੀ ਲਾਈਟਾਂ ਲਗਾਈਆਂ ਜਾਣਗੀਆਂ ਅਤੇ ਦੂਜੇ ਫ਼ੇਜ਼ ਵਿਚ 2000 ਹੋਰ ਐਲ.ਈ.ਡੀ ਲਾਈਟਾਂ ਲਗਾਈਆਂ ਜਾਣਗੀਆਂ। ਉਨ੍ਹਾਂ ਇਹ ਵੀ ਕਿਹਾ ਜਲਦੀ ਹੀ ਰੁਕੇ ਵਿਕਾਸ ਕਾਰਜ ਜਿਵੇਂ ਹਾਕੀ ਸਟੇਡੀਅਮ, ਪੀ.ਜੀ.ਆਈ ਆਦਿ ਦਾ ਕੰਮ ਵੀ ਸ਼ੁਰੂ ਹੋਵੇਗਾ। ਉਨ੍ਹਾਂ ਕਿਹਾ ਕਿ ਉਹ ਹਲਕੇ ਦੇ ਲੋਕਾਂ ਦੀ ਸੇਵਾ ਲਈ ਹਰ ਸਮੇਂ ਹਾਜ਼ਰ ਹਨ। ਲੋਕਾਂ ਦੀ ਮੰਗ ਤੇ 5 ਨਵੇਂ ਪਿੰਡ ਨਗਰ ਕੌਂਸਲ ਫਿਰੋਜ਼ਪੁਰ ਸ਼ਹਿਰ ਵਿਚ ਸ਼ਾਮਲ ਕੀਤੇ ਗਏ ਹਨ। ਇਸ ਮੌਕੇ ਸ੍ਰ: ਭੁਪਿੰਦਰ ਸਿੰਘ ਵਧੀਕ ਐਸ.ਈ, ਸ੍ਰ: ਹਰਨੇਕ ਸਿੰਘ ਖੋਸਾ ਵਧੀਕ ਐਸ.ਈ, ਸ੍ਰ: ਸੁਰਜੀਤ ਸਿੰਘ ਸੈਣੀ, ਸ੍ਰ: ਗੁਰਪ੍ਰੀਤ ਸਿੰਘ ਪਿਆਰੇਆਣਾ, ਬਲਵੀਰ ਸਿੰਘ ਬਾਠ, ਸੁਖਵਿੰਦਰ ਸਿੰਘ ਅਟਾਰੀ, ਦਲਜੀਤ ਸਿੰਘ ਦੁਲਚੀ ਕੇ, ਬਲੀ ਸਿੰਘ ਉਸਮਾਨ ਵਾਲਾ, ਸੰਤੋਖ ਸਿੰਘ ਐਸ.ਡੀ.ਓ ਤੋਂ ਇਲਾਵਾ ਵੱਡੀ ਗਿਣਤੀ ਵਿਚ ਕਾਂਗਰਸੀ ਆਗੂ ਹਾਜ਼ਰ ਸਨ।